Murder in Tarn Taran: ਤਰਨ ਤਾਰਨ ਦੇ ਪਿੰਡ ਰਸੂਲਪੁਰ ‘ਚ ਗੁਰਜੰਟ ਸਿੰਘ ਨਾਂਅ ਦੇ ਕਪੜਾ ਵਪਾਰੀ ਨੂੰ ਬੀਤੇ ਦਿਨ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ। ਇਸ ਘਟਨਾ ਦੀ ਸੀਸੀਟੀਵੀ ਫੁੱਟੇਜ ਵੀ ਸਾਹਮਣੇ ਆਈ। ਜਿਸ ਤੋਂ ਬਾਅਦ ਹੁਣ ਇਸ ਕਤਲ ਮਾਮਲੇ ‘ਚ ਇੱਕ ਨਵਾਂ ਮੋੜ ਉਦੋਂ ਆਇਆ ਜਦੋਂ ਕੈਨੇਡਾ ਬੈਠੇ ਗੈਂਗਸਟਰ ਲਖਬੀਰ ਲੰਡਾ ਨੇ ਗੁਰਜੰਟ ਦੇ ਕਤਲ ਦੀ ਜ਼ਿੰਮੇਵਾਰੀ ਲਈ।
ਰਸੂਲਪੁਰ ‘ਚ ਗੁਰਜੰਟ ਸਿੰਘ ਨਾਂਅ ਦੇ ਦੁਕਾਨਦਾਰ ਦਾ ਗੋਲੀਆਂ ਮਾਰ ਕੇ ਕਤਲ ਕਰਨ ਦੇ ਮਾਮਲੇ ‘ਚ ਕੈਨੇਡਾ ਸਥਿਤ ਗੈਂਗਸਟਰ ਲਖਬੀਰ ਸਿੰਘ ਲੰਡਾ ਨੇ ਇੰਟਰਨੈੱਟ ਮੀਡੀਆ ‘ਤੇ ਪੋਸਟ ਪਾ ਕੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ। ਇਸ ਪੋਸਟ ਵਿੱਚ ਗੈਂਗਸਟਰ ਲਖਬੀਰ ਸਿੰਘ ਲੰਡਾ ਨੇ ਲਿਖਿਆ ਕਿ ਗੁਰਜੰਟ ਪੁਲਿਸ ਵਿੱਚ ਭਰਤੀ ਹੋਇਆ ਸੀ, ਉਸ ਨੇ ਮੇਰੇ ਭਰਾ ਅਰਸ਼ਦੀਪ ਭੱਟੀ ਦੀ ਜ਼ਿੰਦਗੀ ਖਰਾਬ ਕਰ ਦਿੱਤੀ। ਉਹ (ਗੁਰਜੰਟ) ਪੁਲਿਸ ਵਿੱਚ ਭਰਤੀ ਹੋਇਆ ਸੀ ਮੈਂ ਉਸ ਦੇ ਪਰਿਵਾਰ ਤੋਂ ਫਿਰੌਤੀ ਦੀ ਮੰਗ ਵੀ ਕੀਤੀ ਸੀ ਅਤੇ ਇੱਕ ਦੋਸਤ ਦੇ ਕਹਿਣ ‘ਤੇ ਉਸ ਨੂੰ ਬਗੈਰ ਪੈਸੇ ਲਏ ਛੱਡ ਦਿੱਤਾ ਸੀ।
ਪੋਸਟ ‘ਚ ਅੱਗੇ ਲੰਡਾ ਨੇ ਕਿਹਾ ਕਿ ਗੁਰਜੰਟ ਪੁਲਿਸ ਦਾ ਦਲਾਲ ਬਣ ਚੁੱਕਾ ਸੀ। ਗੁਰਜੰਟ ਦਾ ਜੋ ਕੰਮ (ਹੱਤਿਆ) ਕੀਤਾ ਹੈ ਉਹ ਸ਼ਰੇਆਮ ਕੀਤਾ ਹੈ। ਪੁਲਿਸ ਆਪਣੀ ਕਾਰਵਾਈ ਕਰੇ। ਜੇਕਰ ਪੁਲਿਸ ਸਾਡੇ ਘਰਾਂ ‘ਚ ਜਾ ਕੇ ਕਿਸੇ ਨੂੰ ਤੰਗ ਕਰਦੀ ਹੈ ਤਾਂ ਆਉਣ ਵਾਲੇ ਸਮੇਂ ‘ਚ ਪੁਲਿਸ ਵਾਲਿਆਂ ਦੇ ਘਰ ਜਾਵਾਂਗੇ।
ਇਸ ਦੇ ਨਾਲ ਹੀ ਲਖਬੀਰ ਸਿੰਘ ਲੰਡਾ ਨੇ ਪੁਲਿਸ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਪੁਲਿਸ ਨੇ ਸਾਡੇ 35,40 ਨੌਜਵਾਨਾਂ ਨੂੰ ਦਲਾਲਾਂ ਦੀ ਸ਼ਹਿ ‘ਤੇ ਜੇਲ੍ਹਾਂ ‘ਚ ਡੱਕ ਦਿੱਤਾ ਹੈ, ਜੋ ਬੇਕਸੂਰ ਹਨ। , ਅਸੀਂ ਤੁਹਾਨੂੰ ਵੀ ਨਹੀਂ ਛੱਡਾਂਗੇ।ਜਿਕਰਯੋਗ ਹੈ ਕਿ ਪੰਜਾਬ ਦੇ ਤਰਨਤਾਰਨ ‘ਚ ਆਇਆ ਹੈ ਜੰਮੂ-ਕਸ਼ਮੀਰ-ਰਾਜਸਥਾਨ ਨੈਸ਼ਨਲ ਰੋਡ ‘ਤੇ ਪੈਂਦੇ ਪਿੰਡ ਰਸੂਲਪੁਰ ‘ਚ ਰੇਡੀਮੇਡ ਦੀ ਦੁਕਾਨ ਚਲਾਉਣ ਵਾਲੇ ਗੁਰਜੰਟ ਸਿੰਘ ਨਾਂ ਦੇ 32 ਸਾਲਾ ਨੌਜਵਾਨ ਨੂੰ ਦੋ ਬਾਈਕ ਸਵਾਰ ਨੌਜਵਾਨਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ।
ਜਿਸ ਮੌਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ,ਦੋਵੇਂ ਦੋਸ਼ੀ ਦੁਕਾਨ ‘ਤੇ ਗਾਹਕ ਬਣ ਕੇ ਆਏ ਅਤੇ ਕੱਪੜਿਆਂ ਨੂੰ ਦੇਖਦੇ ਰਹੇ। ਮੌਕਾ ਮਿਲਦਿਆਂ ਹੀ ਦੋਵਾਂ ਨੇ ਗੁਰਜੰਟ ਸਿੰਘ ‘ਤੇ ਕਰੀਬ ਪੰਦਰਾਂ ਰਾਉਂਡ ਫਾਇਰ ਕੀਤੇ। ਗੋਲੀਆਂ ਲੱਗਣ ਦੇ ਨਾਲ ਦੁਕਾਨਦਾਰ ਦੀ ਮੌਕੇ ‘ਤੇ ਹੀ ਮੌਤ ਹੋ ਗਈ।