ਚੰਡੀਗੜ੍ਹ : ਹੁਣ ਸਿਟੀ ਬਿਊਟੀਫੁੱਲ ਚੰਡੀਗੜ੍ਹ (City Beautiful) ਦੀ ਬਿਊਟੀ ਨੂੰ ਗੰਦਾ ਕਰਨ ਵਾਲਿਆਂ ਦੀ ਖੈਰ ਨਹੀਂ। ਦਰਅਸਲ ਖ਼ਬਰ ਹੈ ਕਿ ਕੂੜਾ ਫੈਲਾਉਣ (Garbage) ਵਾਲਿਆਂ ਨੂੰ ਮੋਟਾ ਜ਼ੁਰਮਾਨਾ ਵੀ ਲਾਇਆ ਜਾਵੇਗਾ। ਨਗਰ ਨਿਗਮ ਚੰਡੀਗੜ੍ਹ (Municipal Corporation of Chandigarh) ਇਸ ਕੰਮ ਲਈ ਕੈਮਰਿਆਂ ਦੀ ਮਦਦ ਲਵੇਗਾ, ਜਿਸ ਤਹਿਤ ਕੁਝ ਖੁੱਲ੍ਹੀਆਂ ਥਾਂਵਾਂ ‘ਤੇ ਕੈਮਰੇ (CCTV Camera) ਲਗਾਏ ਜਾਣਗੇ। ਤਾਂ ਜੋ ਸ਼ਹਿਰ ਨੂੰ ਗੰਦਾ ਕਰਨ ਵਾਲਿਆਂ ਦੀ ਪਛਾਣ ਹੋ ਸਕੇ ਅਤੇ ਉਨ੍ਹਾਂ ‘ਤੇ ਸਖ਼ਤ ਕਾਰਵਾਈ ਹੋ ਸਕੇ।
ਚੰਡੀਗੜ੍ਹ ਦੇ ਜ਼ਿਆਦਾਤਰ ਗਾਰਬੇਜ ਇਕੱਠਾ ਕਰਨ ਵਾਲੀਆਂ ਥਾਂਵਾਂ (GVP) ਸੈਕਟਰਾਂ ਦੇ ਬਾਜ਼ਾਰ ਖੇਤਰ ਜਾਂ ਖੁੱਲੀਆਂ ਥਾਂਵਾਂ ਵਿੱਚ ਹਨ, ਜਿੱਥੇ ਚੰਡੀਗੜ੍ਹ ਨਿਗਮ 39.96 ਲੱਖ ਰੁਪਏ ਦੇ ਸੀਸੀਟੀਵੀ ਲਾਵੇਗਾ, ਜਿਸ ਰਾਹੀਂ ਗੰਦਗੀ ਫੈਲਾਉਣ ਵਾਲੇ ਬਾਰੇ ਜਾਣਕਾਰੀ ਤੁਰੰਤ ਨਿਗਮ ਨੂੰ ਮਿਲ ਜਾਵੇਗੀ।
ਹੁਣ ਜਾਣੋ ਕਿੰਨਾ ਲੱਗੇਗਾ ਜ਼ੁਰਮਾਨਾ :
ਸਿਟੀ ਬਿਊਟੀਫੁੱਲ ਨੂੰ ਗੰਦਾ ਕਰਨ ਵਾਲਿਆਂ ਤੋਂ ਨਿਗਮ ਭਾਰੀ ਜ਼ੁਰਮਾਨਾ ਵਸੂਲ ਕਰੇਗਾ। ਜੇਕਰ ਕੋਈ ਡਰੇਨੇਜ ਸਿਸਟਮ ਅਤੇ ਨਾਲੀਆਂ ਵਿੱਚ ਗੰਦਗੀ ਕੂੜਾ ਸੁੱਟਦਾ ਹੈ ਤਾਂ ਉਸ ਨੂੰ 5789 ਰੁਪਏ ਜ਼ੁਰਮਾਨਾ ਲੱਗੇਗਾ। ਇਸ ਤੋਂ ਇਲਾਵਾ ਬੈਕੁੰਟ ਹਾਲ, ਮੈਰਿਜ ਪੈਲਸੇ, ਪ੍ਰਦਰਸ਼ਨੀਆਂ, ਕਲੱਬ, ਕਮਿਊਨਿਟੀ ਹਾਲ ਅਤੇ ਮਲਟੀਪਲੈਕਸ ਆਦਿ ਥਾਂਵਾਂ ‘ਤੇ 11,567 ਰੁਪਏ ਦਾ ਜੁਰਮਾਨਾ ਲੱਗੇਗਾ, ਜਦਕਿ ਹੋਰਾਂ ‘ਤੇ ਜ਼ੁਰਮਾਨੇ ਦੀ ਰਕਮ 1158 ਰੁਪਏ ਹੋਵੇਗੀ।
ਨਿਗਮ ਵੱਲੋਂ ਕੈਮਰੇ ਲਗਾਉਣ ਲਈ ਚੰਡੀਗੜ੍ਹ ਪ੍ਰਦੂਸ਼ਣ ਕੰਟਰੋਲ ਕਮੇਟੀ ਵੱਲੋਂ 5.14 ਕਰੋੜ ਰੁਪਏ ਦੇ ਫੰਡ ਦੀ ਵਰਤੋਂ ਕਰਨ ਬਾਰੇ ਕਿਹਾ ਜਾ ਰਿਹਾ ਹੈ, ਜੋ ਕਿ ਨੈਸ਼ਨਲ ਕਲੀਨ ਏਅਰ ਪ੍ਰੋਗਰਾਮ ਤਹਿਤ ਜਾਰੀ ਕੀਤਾ ਗਿਆ ਸੀ।