ਸਾਬਕਾ ਕਾਂਗਰਸ ਆਗੂ ਗੁਲਾਮ ਨਬੀ ਆਜ਼ਾਦ ਨੇ ਆਪਣੀ ਪਾਰਟੀ ਲਾਂਚ ਕਰਨ ਦੀ ਪੂਰੀ ਤਿਆਰੀ ਕਰ ਲਈ ਹੈ। ਜੰਮੂ ਕਸ਼ਮੀਰ ਵਿਚ ਇਸ ਦੀ ਪਹਿਲੀ ਇਕਾਈ ਦੋ ਹਫ਼ਤਿਆਂ ਵਿਚ ਕਾਇਮ ਕੀਤੀ ਜਾਵੇਗੀ। ਇਸ ਮੌਕੇ ਜੀ.ਐਮ. ਸਰੂਰੀ ਨੇ ਕਿਹਾ ਕਿ ਜੰਮੂ ਕਸ਼ਮੀਰ ਦੀ ਪੰਜ ਅਗਸਤ, 2019 ਤੋਂ ਪਹਿਲਾਂ ਵਾਲੀ ਸਥਿਤੀ ਬਹਾਲ ਕਰਨ ਦੀ ਮੰਗ ਪਾਰਟੀ ਦੇ ਮੈਨੀਫੈਸਟੋ ਵਿਚ ਹੋਵੇਗੀ।
ਜ਼ਿਕਰਯੋਗ ਹੈ ਕਿ ਆਜ਼ਾਦ ਦੇ ਸਮਰਥਨ ਵਿਚ ਜੰਮੂ ਕਸ਼ਮੀਰ ਦੇ ਕਈ ਉੱਘੇ ਕਾਂਗਰਸੀ ਆਗੂਆਂ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਸੀ। ਸਰੂਰੀ ਨੇ ਕਿਹਾ ਕਿ ਉਨ੍ਹਾਂ ਦੇ ਆਗੂ ਆਜ਼ਾਦ ਵਿਚਾਰਧਾਰਕ ਤੌਰ ’ਤੇ ਧਰਮ ਨਿਰਪੱਖ ਹਨ ਤੇ ਭਾਜਪਾ ਦੇ ਕਹਿਣ ਉਤੇ ਉਨ੍ਹਾਂ ਦੇ ਕੰਮ ਕਰਨ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ। ਉਨ੍ਹਾਂ ਨਾਲ ਹੀ ਦਾਅਵਾ ਕੀਤਾ ਕਿ ਸੈਂਕੜੇ ਸੀਨੀਅਰ ਕਾਂਗਰਸੀ ਆਗੂਆਂ, ਪੰਚਾਇਤੀ ਰਾਜ ਸੰਸਥਾਵਾਂ ਦੇ ਮੈਂਬਰਾਂ ਤੇ ਕਈ ਵਰਕਰਾਂ ਨੇ ਵੀ ਆਜ਼ਾਦ ਦੇ ਨਾਲ ਖੜ੍ਹਦਿਆਂ ਅਸਤੀਫ਼ੇ ਦੇ ਦਿੱਤੇ ਹਨ।
ਇਹ ਵੀ ਪੜ੍ਹੋ : ਛੇ ਕੇਂਦਰਾਂ ਵਿੱਚ ਦੁਬਾਰਾ ਹੋਵੇਗੀ ਨੀਟ ਪ੍ਰੀਖਿਆ…
ਸਾਬਕਾ ਮੁੱਖ ਮੰਤਰੀ ਆਜ਼ਾਦ ਨੇ ਸ਼ੁੱਕਰਵਾਰ ਕਾਂਗਰਸ ਨਾਲ ਆਪਣੀ ਪੰਜ ਦਹਾਕੇ ਤੋਂ ਵੱਧ ਪੁਰਾਣੀ ਸਾਂਝ ਤੋੜਨ ਦਾ ਐਲਾਨ ਕੀਤਾ ਸੀ। ਜੰਮੂ ਕਸ਼ਮੀਰ ਕਾਂਗਰਸ ਦੇ ਸਾਬਕਾ ਉਪ ਪ੍ਰਧਾਨ ਸਰੂਰੀ ਨੇ ਕਿਹਾ ਕਿ, ‘ਆਜ਼ਾਦ 4 ਸਤੰਬਰ ਨੂੰ ਜੰਮੂ ਆ ਰਹੇ ਹਨ ਤੇ ਨਵੀਂ ਪਾਰਟੀ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਸ਼ੁੱਭਚਿੰਤਕਾਂ ਨਾਲ ਤਾਲਮੇਲ ਕਰਨਗੇ।’ ਸ਼ੁੱਕਰਵਾਰ ਆਪਣੇ ਅਸਤੀਫ਼ੇ ਤੋਂ ਕੁਝ ਘੰਟੇ ਬਾਅਦ ਹੀ ਆਜ਼ਾਦ ਨੇ ਐਲਾਨ ਕਰ ਦਿੱਤਾ ਸੀ ਕਿ ਉਹ ਨਵੀਂ ਪਾਰਟੀ ਬਣਾਉਣਗੇ। ਜੰਮੂ ਕਸ਼ਮੀਰ ਵਿਚ ਵਿਧਾਨ ਸਭਾ ਚੋਣਾਂ ਵੀ ਜਲਦੀ ਹੋਣ ਦੇ ਆਸਾਰ ਹਨ।ਉਨ੍ਹਾਂ ਕਿਹਾ ਕਿ ਆਜ਼ਾਦ ਦੇ ਜਾਣ ਤੋਂ ਬਾਅਦ ਕਾਂਗਰਸ ਜੰਮੂ ਕਸ਼ਮੀਰ ਵਿਚ ਲਗਭਗ ਖ਼ਤਮ ਹੋ ਚੁੱਕੀ ਹੈ ਤੇ ਸਾਬਕਾ ਮੁੱਖ ਮੰਤਰੀ ਨੂੰ ਮਿਲਣ ਲਈ ਆਗੂਆਂ ਦੀਆਂ ਕਤਾਰਾਂ ਲੱਗੀਆਂ ਹੋਈਆਂ ਹਨ।