ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਿੱਥੇ ਕਿ ਰੋਜ਼ਾਨਾ ਹੀ ਹਜ਼ਾਰਾਂ-ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੋਣ ਪਹੁੰਚਦੀਆਂ ਹਨ ਅਤੇ ਆਪਣੇ ਪਰਿਵਾਰ ਦੀ ਸੁੱਖ-ਸ਼ਾਂਤੀ ਲਈ ਵਾਹਿਗੁਰੂ ਦਾ ਆਸ਼ੀਰਵਾਦ ਲੈਂਦੀਆਂ । ਇਸ ਰੂਹਾਨੀਅਤ ਦੇ ਕੇਂਦਰ ਵਿਖੇ ਆ ਕੇ ਸੰਗਤਾਂ ਖੁੱਦ ਨੂੰ ਖੁਸ਼ਨਸੀਬ ਸਮਝਦੀਆਂ ਹਨ ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੂਰਬ ਦੇ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਰੰਗ-ਬਰੰਗੇ ਫੁੱਲਾਂ ਦੇ ਨਾਲ ਸਜਾਇਆ ਗਿਆ । ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਨੂੰ ਮਨਮੋਹਕ ਫੁੱਲਾਂ ਦੇ ਨਾਲ ਸਜਾਇਆ ਗਿਆ ।
ਅਕਸਰ ਹੀ ਪ੍ਰਕਾਸ਼ ਪੁਰਬ ਅਤੇ ਗੁਰਮਤਿ ਸਮਾਗਮਾਂ ਮੌਕੇ ਸੰਗਤਾਂ ਦੇ ਵਿੱਚ ਅਲੌਕਿਕ ਸ਼ਰਧਾ-ਭਾਵਨਾ ਦੇਖਣ ਨੂੰ ਮਿਲਦੀ ਹੈ, ਜਿਸ ਸਦਕਾ ਹਜ਼ਾਰਾਂ-ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਇਸ ਪਵਿੱਤਰ ਗੁਰੂਘਰ ਵਿਖੇ ਨਤਮਸਤਕ ਹੁੰਦੇ ਹਨ।
ਵੱਖ-ਵੱਖ ਸੂਬਿਆਂ ਤੋਂ ਮੰਗਵਾਏ ਗਏ ਫੁੱਲਾਂ ਦੇ ਨਾਲ ਸ੍ਰੀ ਦਰਬਾਰ ਸਾਹਿਬ ਨੂੰ ਸਜਾਇਆ ਗਿਆ ਅਤੇ ਇਸ ਮੌਕੇ ਹੋਰਾਂ ਸੂਬਿਆਂ ਤੋਂ ਸਜਾਵਟ ਲਈ ਕਾਰੀਗਰਾਂ ਨੂੰ ਵੀ ਬੁਲਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੇ ਮੌਕੇ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਤੋਂ ਅਲੌਕਿਕ ਨਗਰ ਕੀਰਤਨ ਵੀ ਸਜਾਇਆ ਜਾਵੇਗਾ ਅਤੇ ਸ਼ਾਮ ਦੇ ਸਮੇਂ ਸੁੰਦਰ ਦੀਪਮਾਲਾ ਅਤੇ ਆਤਿਸ਼ਬਾਜੀ ਦਾ ਵੀ ਅਦਭੁੱਤ ਨਜ਼ਾਰਾ ਦੇਖਣ ਨੂੰ ਮਿਲੇਗਾ।