ਪੰਜਾਬ ਰੋਡਵੇਜ਼, ਪਨਬੱਸ ਅਤੇ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਦੁਆਰਾ ਆਪਣੀਆਂ ਮੰਗਾਂ ਨੂੰ ਲੈ ਕੇ ਸੂਬੇ ਭਰ ਵਿੱਚ 3 ਰੋਜ਼ਾ ਹੜਤਾਲ ਜਾਰੀ ਹੈ। ਇਸ ਹੜਤਾਲ ਕਾਰਨ ਸਰਕਾਰੀ ਬੱਸਾਂ ਵਿੱਚ ਸਫ਼ਰ ਕਰਨ ਵਾਲੀਆਂ ਸਵਾਰੀਆਂ ਖਾਸ ਕਰਕੇ ਔਰਤਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੁਫ਼ਤ ਸਫ਼ਰ ਕਰਨ ਦੇ ਬਾਵਜੂਦ ਉਨ੍ਹਾਂ ਨੂੰ ਪੈਸੇ ਦੇ ਕੇ ਪ੍ਰਾਈਵੇਟ ਬੱਸਾਂ ਵਿੱਚ ਸਫ਼ਰ ਕਰਨਾ ਪੈ ਰਿਹਾ ਹੈ।
ਜਾਣਕਾਰੀ ਮੁਤਾਬਿਕ ਰੋਡਵੇਜ਼ ਦੀਆਂ ਬੱਸਾਂ ਰਾਹੀਂ ਰੋਜ਼ਾਨਾ 10 ਹਜ਼ਾਰ ਯਾਤਰੀ ਸਫ਼ਰ ਕਰਦੇ ਹਨ। ਹੜਤਾਲ ਕਾਰਨ ਸਰਕਾਰੀ ਬੱਸਾਂ 50 ਫੀਸਦੀ ਤੋਂ ਵੀ ਘੱਟ ਸਮਰੱਥਾ ’ਤੇ ਚੱਲ ਰਹੀਆਂ ਹਨ, ਜਿਸ ਕਾਰਨ ਆਮ ਲੋਕਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਰੋਡਵੇਜ਼, ਪਨਬੱਸ ਅਤੇ ਪੀਆਰਟੀਸੀ ਦੇ ਠੇਕਾ ਮੁਲਾਜ਼ਮਾਂ ਦੀ ਹੜਤਾਲ ਕਾਰਨ ਪੂਰੇ ਸੂਬੇ ਵਿੱਚ ਆਵਾਜਾਈ ਵਿਵਸਥਾ ਠੱਪ ਹੋ ਕੇ ਰਹਿ ਗਈ ਹੈ।
ਦੱਸ ਦੇਈਏ ਕਿ ਰੋਡਵੇਜ਼ ਮੁਲਾਜ਼ਮਾਂ ਦੀ ਤਿੰਨ ਰੋਜ਼ਾ ਹੜਤਾਲ ਦੇ ਪਹਿਲੇ ਦਿਨ ਸਰਕਾਰੀ ਬੱਸਾਂ ਦਾ ਸੰਚਾਲਨ ਬਹੁਤ ਸੀਮਤ ਰਿਹਾ। ਪੰਜਾਬ ਰੋਡਵੇਜ਼ ਦੀਆਂ 115 ਬੱਸਾਂ ਵਿੱਚੋਂ ਸਿਰਫ਼ 40-45 ਅਤੇ ਪੀਆਰਟੀਸੀ ਦੀਆਂ 100 ਵਿੱਚੋਂ ਸਿਰਫ਼ 30-35 ਬੱਸਾਂ ਹੀ ਸੜਕਾਂ ’ਤੇ ਉਤਰੀਆਂ। ਸਿਰਫ਼ ਇੱਕ ਬੱਸ ਦਿੱਲੀ ਲਈ ਰਵਾਨਾ ਹੋਈ, ਜਦੋਂ ਕਿ ਹੋਰ ਰਾਜਾਂ ਲਈ ਕੋਈ ਬੱਸ ਨਹੀਂ ਚੱਲੀ। ਹੜਤਾਲ ਦਾ ਸਭ ਤੋਂ ਵੱਧ ਅਸਰ ਸਰਕਾਰੀ ਬੱਸਾਂ ਵਿੱਚ ਮੁਫ਼ਤ ਸਫ਼ਰ ਦਾ ਆਨੰਦ ਲੈਣ ਵਾਲੀਆਂ ਔਰਤਾਂ ’ਤੇ ਪਿਆ।
ਇਸ ਦੇ ਨਾਲ ਹੀ ਇਸ ਸਥਿਤੀ ਦਾ ਸਿੱਧਾ ਫਾਇਦਾ ਪ੍ਰਾਈਵੇਟ ਬੱਸ ਅਪਰੇਟਰਾਂ ਨੂੰ ਮਿਲਿਆ ਹੈ। ਰੋਡਵੇਜ਼ ਦੇ ਸਾਰੇ ਮੁਸਾਫ਼ਰਾਂ ਨੂੰ ਪ੍ਰਾਈਵੇਟ ਵਾਹਨਾਂ ਵਿੱਚ ਸਫ਼ਰ ਕਰਨ ਲਈ ਮਜਬੂਰ ਹੋਣਾ ਪਿਆ। ਯਾਤਰੀਆਂ ਨੂੰ ਵੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਲੋਕ ਕੜਕਦੀ ਠੰਢ ਵਿੱਚ ਬੱਸਾਂ ਦਾ ਇੰਤਜ਼ਾਰ ਕਰਦੇ ਰਹੇ।