ਬਠਿੰਡਾ: ਪਾਵਰਕਾਮ ਅਤੇ ਟ੍ਰਾਂਸਕੋ ਆਊਟਸੋਰਸ਼ਡ ਮੁਲਾਜ਼ਮ ਤਾਲਮੇਲ ਕਮੇਟੀ ਪੰਜਾਬ ਦੇ ਸੂਬਾਈ ਆਗੂਆਂ ਜਗਰੂਪ ਸਿੰਘ ਲਹਿਰਾ, ਗੁਰਵਿੰਦਰ ਸਿੰਘ ਪੰਨੂੰ, ਜਗਸੀਰ ਸਿੰਘ ਭੰਗੂ, ਖੁਸ਼ਦੀਪ ਸਿੰਘ ਬਠਿੰਡਾ, ਸਿਮਰਨਜੀਤ ਸਿੰਘ ਨੀਲੋਂ ਅਤੇ ਹਰਜੀਤ ਸਿੰਘ ਅਤੇ ਬਲਜਿੰਦਰ ਸਿੰਘ ਆਦਿ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਪਾਵਰਕਾਮ ਅਤੇ ਟ੍ਰਾਂਸਕੋ ਦੇ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਵੱਲੋਂ ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਨੂੰ ਲੈਕੇ 16 ਫ਼ਰਵਰੀ ਨੂੰ ਪਾਵਰਕਾਮ ਦੇ ਮੁੱਖ ਦਫ਼ਤਰ ਅੱਗੇ ਪਰਿਵਾਰਾਂ ਸਮੇਤ ਦਿੱਤੇ ਜਾ ਰਹੇ ਸੂਬਾ ਪੱਧਰੀ ਧਰਨੇ ਦੀਆਂ ਤਿਆਰੀਆਂ ਸੰਬੰਧੀ ਪੰਜਾਬ ਪੱਧਰ ਤੇ ਠੇਕਾ ਮੁਲਾਜ਼ਮਾਂ ਅਤੇ ਪਰਿਵਾਰਾਂ ਦੀਆਂ ਤਿਆਰੀ ਮੀਟਿੰਗਾਂ ਕਰਵਾਈਆਂ ਗਈਆਂ ਹਨ ਅਤੇ ਇਸ ਸੰਘਰਸ਼ ਵਿੱਚ ਪਾਵਰਕਾਮ ਦੇ ਆਊਟਸੋਰਸ਼ਡ ਠੇਕਾ ਮੁਲਾਜ਼ਮ ਪਰਿਵਾਰਾਂ ਅਤੇ ਬੱਚਿਆਂ ਸਮੇਤ ਕਾਫ਼ਲੇ ਬੰਨਕੇ ਸ਼ਮੂਲੀਅਤ ਕਰਨਗੇ।
ਆਗੂਆਂ ਨੇ ਕਿਹਾ ਕਿ ਅੱਜ ਜਦੋਂ ਪਾਵਰਕਾਮ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਵੱਲੋਂ ਪਾਵਰਕਾਮ ਵਿੱਚ 21 ਸੌ ਸਹਾਇਕ ਲਾਇਨਮੈਨਾਂ ਸਮੇਤ ਐੱਲ.ਡੀ.ਸੀ.ਦੀ ਬਾਹਰੋਂ ਨਵੀਂ ਸਿੱਧੀ ਭਰਤੀ ਕੀਤੀ ਜਾ ਰਹੀ ਹੈ, ਉਸ ਸਮੇਂ ਸਰਕਾਰੀ ਥਰਮਲ ਪਲਾਂਟਾਂ, ਹਾਈਡਲ ਪ੍ਰੋਜੈਕਟਾਂ, ਗਰਿੱਡਾਂ, ਸਟੋਰਾਂ, ਦਫਤਰਾਂ ਅਤੇ ਫੀਲਡ ਸਮੇਤ ਸਮੁੱਚੇ ਪਾਵਰਕਾਮ ਵਿੱਚ ਹਜ਼ਾਰਾਂ ਆਊਟਸੋਰਸ਼ਡ ਠੇਕਾ ਮੁਲਾਜ਼ਮ ਖਾਲੀ ਆਸਾਮੀਆਂ ਦੇ ਵਿਰੁੱਧ ਪਿਛਲੇ ਲੰਬੇ ਸਮੇਂ ਤੋਂ ਲਗਾਤਾਰ ਸੇਵਾਵਾਂ ਦੇ ਰਹੇ ਹਨ, ਇਹਨਾਂ ਸਮੂਹ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਦੀ ਭਰਤੀ ਪਾਵਰਕਾਮ ਮੈਨੇਜਮੈਂਟ ਦੀ ਮੰਗ ਅਨੁਸਾਰ ਵੱਖ-ਵੱਖ ਠੇਕੇਦਾਰਾਂ, ਕੰਪਨੀਆਂ ਅਤੇ ਪੈਸਕੋ ਕੰਪਨੀ ਦੁਬਾਰਾ ਬਕਾਇਦਾ ਖਾਲੀ ਅਸਾਮੀਆਂ ਵਿਰੁੱਧ ਕੀਤੀ ਹੋਈ ਹੈ ਅਤੇ ਸਮੁੱਚੇ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਕੋਲ ਯੋਗਤਾ ਦੇ ਰੂਪ ਵਿੱਚ ਪੜਾਈ ਦੇ ਨਾਲ-ਨਾਲ ਪਾਵਰਕਾਮ ਵਿੱਚ ਸਾਲਾਂ-ਬੱਧੀ ਕੰਮ ਦਾ ਤਜ਼ਰਬਾ ਵੀ ਹੈ ਅਤੇ ਪਾਵਰਕਾਮ ਦੇ ਸਮੁੱਚੇ ਆਊਟਸੋਰਸ਼ਡ ਠੇਕਾ ਮੁਲਾਜ਼ਮ ਰੈਗੂਲਰ ਭਰਤੀ ਦੀਆਂ ਸਾਰੀਆਂ ਸ਼ਰਤਾਂ ਵੀ ਪੂਰੀਆਂ ਕਰਦੇ ਹਨ ਤਾਂ ਇਸ ਹਾਲਤ ਵਿੱਚ ਪਾਵਰਕਾਮ ਬਾਹਰੋਂ ਸਿੱਧੀ ਪੱਕੀ ਭਰਤੀ ਕਰਨਾ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਨਾਲ ਸਰਾਸ਼ਰ ਨੰਗਾ-ਚਿੱਟਾ ਧੋਖਾ ਹੈ।
ਇਸ ਲਈ ਇਸ ਬੇਇਨਸਾਫੀ-ਧੱਕੇ ਵਿਰੁੱਧ ਸੰਘਰਸ਼ ਕਰਨਾ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਦੀ ਮਜ਼ਬੂਰੀ ਹੈ, ਇਸ ਸਮੇਂ ਹਾਜ਼ਿਰ ਆਗੂਆਂ ਨੇ ਚੇਤਾਵਨੀ ਭਰੇ ਲਹਿਜ਼ੇ ਵਿੱਚ ਕਿਹਾ ਕਿ ਪਾਵਰਕਾਮ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਆਊਟਸੋਰਸਡ ਠੇਕਾ ਮੁਲਾਜ਼ਮਾਂ ਨਾਲ ਹੋ ਰਹੀ ਇਸ ਬੇਇਨਸਾਫੀ ਅਤੇ ਧੱਕੇ ਨੂੰ ਮੂਕ ਦਰਸ਼ਕ ਬਣਕੇ ਵੇਖਣ ਦੀ ਥਾਂ ਆਪਣਾ ਦਖਲ ਦੇਕੇ ਪਾਵਰਕਾਮ ਦੇ ਸਮੂਹ ਆਊਟਸੋਰਸਡ ਠੇਕਾ ਮੁਲਾਜ਼ਮਾਂ ਨੂੰ ਇਨਸਾਫ ਦਿਵਾਉਣ ਦੀ ਆਪਣੀ ਜੁੰਮੇਵਾਰੀ ਨਿਭਾਵੇ, ਜੇਕਰ ਪਾਵਰਕਾਮ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਨੇ ਬਾਹਰੋਂ ਭਰਤੀ ਤੋਂ ਪਹਿਲਾਂ ਸਮੂਹ ਆਊਟਸੋਰਸ਼ਡ ਠੇਕਾ ਮੁਲਾਜਮਾਂ ਨੂੰ ਰੈਗੂਲਰ ਨਾ ਕੀਤਾ ਤਾਂ ਸੰਘਰਸ਼ ਨੂੰ ਹੋਰ ਤਿੱਖਾ ਅਤੇ ਤੇਜ਼ ਕਰਨਾ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਦੀ ਮਜਬੂਰੀ ਹੋਵੇਗੀ, ਜਿਸ ਦੀ ਸਾਰੀ ਜੁੰਮੇਵਾਰੀ ਪਾਵਰਕਾਮ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਦੀ ਹੋਵੇਗੀ।
ਆਗੂਆਂ ਨੇ ਪਾਵਰਕਾਮ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪਾਵਰਕਾਮ ਵਿੱਚ ਬਾਹਰੋਂ ਸਿੱਧੀ ਭਰਤੀ ਤੋਂ ਪਹਿਲਾਂ ਸਮੂਹ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਨੂੰ ਪਹਿਲ ਦੇ ਆਧਾਰ ਤੇ ਪਾਵਰਕਾਮ ਵਿੱਚ ਪੱਕਾ ਕੀਤਾ ਜਾਵੇ, ਲੇਬਰ ਐਕਟ 1948 ਦੇ ਫਾਰਮੂਲੇ ਮੁਤਾਬਿਕ ਇੱਕ ਅਣ-ਸਿੱਖਿਅਤ ਠੇਕਾ ਮੁਲਾਜ਼ਮ ਦੀ ਤਨਖ਼ਾਹ ਘੱਟੋ-ਘੱਟ 25 ਹਜ਼ਾਰ ਰੁਪਏ ਨਿਸ਼ਚਿਤ ਕੀਤੀ ਜਾਵੇ, ਡਿਉਟੀ ਦੌਰਾਨ ਆਪਣੀ ਜਾਨ ਗਵਾ ਚੁੱਕੇ ਠੇਕਾ ਮੁਲਾਜ਼ਮਾਂ ਦੇ ਪਰਿਵਾਰਾਂ ਦੇ ਵਾਰਿਸਾਂ ਨੂੰ ਸਰਕਾਰੀ ਨੌਕਰੀ ਅਤੇ ਯੋਗ ਮੁਆਵਜ਼ਾ ਦਿੱਤਾ ਜਾਵੇ, ਪਿਛਲੇ ਲੰਬੇ ਸਮੇਂ ਤੋਂ ਸੇਵਾਵਾਂ ਦੇ ਰਹੇ ਸਮੂਹ ਅਣ-ਸਕਿਲਡ ਠੇਕਾ ਮੁਲਾਜ਼ਮਾਂ ਨੂੰ ਪਦ-ਉੱਨਤ ਕੀਤਾ ਜਾਵੇ, ਪਾਵਰਕਾਮ ਦੇ ਸਮੂਹ ਠੇਕਾ ਮੁਲਾਜ਼ਮਾਂ ਨੂੰ ਮਿਲ ਰਹੇ ਮਾਣ-ਭੱਤੇ ਨੂੰ ਵਧਾਕੇ ਘੱਟੋ-ਘੱਟ ਪੰਜ ਹਜ਼ਾਰ ਕੀਤਾ ਜਾਵੇ, ਫੀਲਡ ਵਿੱਚ ਕੰਮ ਕਰਦੇ ਸਮੂਹ ਠੇਕਾ ਮੁਲਾਜ਼ਮਾਂ ਨੂੰ ਵਾਜ਼ਿਬ ਪੈਟਰੋਲ ਭੱਤਾ ਦਿੱਤਾ ਜਾਵੇ, ਸਮੂਹ ਲੋੜਵੰਦ ਠੇਕਾ ਮੁਲਾਜ਼ਮਾਂ ਨੂੰ ਮਿਲ ਰਹੀ ਤਨਖ਼ਾਹ ਮੁਤਾਬਿਕ ਘੱਟ ਤੋਂ ਘੱਟ ਕਿਰਾਏ ਤੇ ਕੁਵਾਟਰ ਮੁਹਈਆ ਕਰਵਾਏ ਜਾਣ, ਵਧੇ ਹੋਏ ਮਿਨੀਮਮ ਰੇਟਾਂ ਦਾ ਬਕਾਇਆ ਜਲਦ ਦਿੱਤਾ ਜਾਵੇ, ਪਾਵਰਕਾਮ ਵਿੱਚੋਂ ਛਾਂਟੀ ਕੀਤੇ ਠੇਕਾ ਮੁਲਾਜ਼ਮਾਂ ਨੂੰ ਤੁਰੰਤ ਨੌਕਰੀ ਤੇ ਬਹਾਲ ਕੀਤਾ ਜਾਵੇ!
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h