ਵਿੱਤੀ ਸਾਲ 2023-24 ਦੇ ਪਹਿਲੇ 8 ਮਹੀਨਿਆਂ ਦੌਰਾਨ ਜੀ.ਐਸ.ਟੀ ਆਮਦਨ 16.61% ਵਧੀ
ਪਹਿਲੇ 8 ਮਹੀਨਿਆਂ ਵਿੱਚ ਆਬਕਾਰੀ ਮਾਲੀਆ 11.45% ਵਧਿਆ
ਪੰਜਾਬ ਦਾ ਖਜ਼ਾਨਾ ਭਰਨ ਲਈ ਪੂਰੀ ਤਰ੍ਹਾਂ ਵਚਨਬੱਧ – ਹਰਪਾਲ ਸਿੰਘ ਚੀਮਾ
ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇਥੇ ਦੱਸਿਆ ਕਿ ਸੂਬੇ ਨੇ ਵਿੱਤੀ ਸਾਲ 2023-24 ਦੇ ਪਹਿਲੇ 8 ਮਹੀਨਿਆਂ ਦੌਰਾਨ ਨਵੰਬਰ ਤੱਕ ਵਸਤੂਆਂ ਅਤੇ ਸੇਵਾ ਕਰ (ਜੀ.ਐੱਸ.ਟੀ.) ਤੋਂ ਨੈਟ ਪ੍ਰਾਪਤੀਆਂ ਵਿੱਚ 16.61 ਫੀਸਦੀ ਦਾ ਵਾਧਾ ਅਤੇ ਆਬਕਾਰੀ ਤੋਂ ਪ੍ਰਾਪਤ ਹੋਣ ਵਾਲੇ ਮਾਲੀਏ ਵਿੱਚ 11.45 ਫੀਸਦੀ ਦਾ ਵਾਧਾ ਦਰ ਦਰਜ ਕੀਤਾ ਹੈ।
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਇੱਥੇ ਜਾਰੀ ਪ੍ਰੈਸ ਬਿਆਨ ਵਿੱਚ ਇਹ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਵਿੱਤੀ ਸਾਲ 2022-23 ਵਿੱਚ ਨਵੰਬਰ ਤੱਕ ਰਾਜ ਦੀ ਨੈੱਟ ਜੀਐਸਟੀ ਪ੍ਰਾਪਤੀ 11967.76 ਕਰੋੜ ਰੁਪਏ ਸੀ ਜਦੋਂ ਕਿ ਚਾਲੂ ਮਾਲੀ ਸਾਲ ਦੌਰਾਨ ਰਾਜ ਦੀ ਨੈੱਟ ਜੀਐਸਟੀ ਪ੍ਰਾਪਤੀ 13955.38 ਕਰੋੜ ਰੁਪਏ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਨੈਟ ਜੀ.ਐਸ.ਟੀ ਪ੍ਰਾਪਤੀ ਵਿੱਚ ਕੁੱਲ 1987.62 ਕਰੋੜ ਰੁਪਏ ਦਾ ਵਾਧਾ ਦਰਜ ਕੀਤਾ ਗਿਆ ਹੈ।
ਆਬਕਾਰੀ ਤੋਂ ਪ੍ਰਾਪਤ ਮਾਲੀਏ ਦੇ ਅੰਕੜਿਆਂ ਦਾ ਖੁਲਾਸਾ ਕਰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਚਾਲੂ ਵਿੱਤੀ ਸਾਲ ਵਿੱਚ ਨਵੰਬਰ ਤੱਕ ਆਬਕਾਰੀ ਤੋਂ ਕੁੱਲ ਮਾਲੀਆ 5947.47 ਕਰੋੜ ਰੁਪਏ ਹੈ ਜਦੋਂ ਕਿ ਵਿੱਤੀ ਸਾਲ 2022-23 ਦੇ ਪਹਿਲੇ 8 ਮਹੀਨਿਆਂ ਵਿੱਚ ਕੁੱਲ ਜੀ.ਐਸ.ਟੀ ਮਾਲੀਆ 5336.61 ਕਰੋੜ ਰੁਪਏ ਸੀ, ਇਸ ਤਰ੍ਹਾਂ ਆਬਕਾਰੀ ਤੋਂ ਪ੍ਰਾਪਤ ਮਾਲੀਏ ਵਿੱਚ ਕੁੱਲ 610.86 ਕਰੋੜ ਰੁਪਏ ਦਾ ਵਾਧਾ ਦਰਜ ਕੀਤਾ ਗਿਆ। ਉਨ੍ਹਾਂ ਕਿਹਾ ਕਿ ਨਵੰਬਰ ਤੱਕ ਵੈਟ, ਸੀ.ਐਸ.ਟੀ., ਜੀ.ਐਸ.ਟੀ., ਪੀ.ਐਸ.ਡੀ.ਟੀ. ਅਤੇ ਆਬਕਾਰੀ ਤੋਂ ਪ੍ਰਾਪਤ ਮਾਲੀਏ ਵਿੱਚ ਨੈੱਟ 13.89 ਪ੍ਰਤੀਸ਼ਤ ਦੇ ਵਾਧਾ ਪ੍ਰਾਪਤ ਹੋਇਆ ਹੈ।
ਸੂਬੇ ਦੇ ਆਪਣੇ ਕਰ ਮਾਲੀਏ ਵਿੱਚ ਵਾਧੇ ਬਾਰੇ ਖੁਲਾਸਾ ਕਰਦਿਆਂ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੂਬਾ ਸਰਕਾਰ ਨੇ ਕਰ ਚੋਰੀ ਕਰਨ ਵਾਲਿਆਂ ‘ਤੇ ਸ਼ਿਕੰਜਾ ਕੱਸ ਕੇ ਅਤੇ ਕਰ ਪ੍ਰਣਾਲੀ ਨੂੰ ਸਰਲ ਬਣਾ ਕੇ ਇਮਾਨਦਾਰ ਕਰਦਾਤਾਵਾਂ ਨੂੰ ਸਹੂਲਤ ਦਿੰਦਿਆਂ ਆਪਣੇ ਕਰ ਮਾਲੀਆ ਵਿੱਚ ਵਾਧਾ ਦਰਜ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਜੀਐਸਟੀ ਲਾਗੂ ਹੋਣ ਤੋਂ ਬਾਅਦ ਪਹਿਲੀ ਵਾਰ ਰਾਜ ਦੀਆਂ 8 ਮਹੀਨਿਆਂ ਦੀਆਂ ਕਰ ਪ੍ਰਾਪਤੀਆਂ ਨੇ 25 ਹਜ਼ਾਰ ਕਰੋੜ ਦੇ ਅੰਕੜੇ ਨੂੰ ਛੂਹਿਆ ਹੈ। ਉਨ੍ਹਾਂ ਕਿਹਾ ਕਿ ਸੂਬੇ ਨੂੰ ਇਸ ਵਿੱਤੀ ਵਰ੍ਹੇ ਦੌਰਾਨ ਨਵੰਬਰ ਮਹੀਨੇ ਦੇ ਅੰਤ ਤੱਕ ਵੈਟ, ਸੀ.ਐਸ.ਟੀ., ਜੀ.ਐਸ.ਟੀ., ਪੀ.ਐਸ.ਡੀ.ਟੀ. ਅਤੇ ਆਬਕਾਰੀ ਤੋਂ 24965.59 ਕਰੋੜ ਦਾ ਮਾਲੀਆ ਪ੍ਰਾਪਤ ਹੋਇਆ ਹੈ।
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪਿਛਲੇ ਸਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਪ੍ਰਸ਼ਾਸਨ ਵਿੱਚ ਪਾਰਦਰਸ਼ਤਾ ਅਤੇ ਕੁਸ਼ਲਤਾ ਲਿਆ ਕੇ ਸੂਬੇ ਦੇ ਆਪਣੇ ਮਾਲੀਏ ਵਿੱਚ ਭਾਰੀ ਵਾਧਾ ਕੀਤਾ ਹੈ ਅਤੇ ਸੂਬੇ ਦੀ ਆਰਥਿਕਤਾ ਨੂੰ ਹੋਰ ਮਜ਼ਬੂਤ ਕਰਨ ਲਈ ਇਸ ਵਾਧੇ ਨੂੰ ਬਰਕਰਾਰ ਰੱਖਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਸੂਬੇ ਨੂੰ ਵਿਕਾਸ ਅਤੇ ਖੁਸ਼ਹਾਲੀ ਦੀਆਂ ਬੁਲੰਦੀਆਂ ‘ਤੇ ਪਹੁੰਚਾਉਣ ਦੀ ਵਚਨਬੱਧਤਾ ਨੂੰ ਦੁਹਰਾਇਆ।