Swachh Sujal Shakti Samman-2023: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੇ ਨਾਂ ਇਕ ਹੋਰ ਪ੍ਰਾਪਤੀ ਜੁੜ ਗਈ ਹੈ। ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਦੱਸਿਆ ਕਿ 4 ਮਾਰਚ ਨੂੰ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਪੇਰੋਸ਼ਾਹ ਨੂੰ ਦੇਸ਼ ਦੇ ਰਾਸ਼ਟਰਪਤੀ ਅਤੇ ਜਲ ਸ਼ਕਤੀ ਮੰਤਰੀ ਵੱਲੋਂ ਕੌਮੀ ਐਵਾਰਡ ‘ਸਵੱਛ ਸੁਜਲ ਸ਼ਕਤੀ ਸਨਮਾਨ-2023’ ਨਾਲ ਸਨਮਾਨਿਤ ਕੀਤਾ ਜਾਵੇਗਾ।
ਇਹ ਐਵਾਰਡ ਪਿੰਡ ਦੀ ਸਰਪੰਚ ਹਰਜਿੰਦਰ ਕੌਰ ਨੂੰ ਪਿੰਡ ‘ਚ ਸੈਨੀਟੇਸ਼ਨ ਦੀਆਂ ਸ਼ਾਨਦਾਰ ਸਹੂਲਤਾਂ ਮੁਹੱਈਆ ਕਰਵਾਉਣ ਲਈ ਦਿੱਤਾ ਜਾਵੇਗਾ। ਕੌਮਾਂਤਰੀ ਮਹਿਲਾ ਦਿਵਸ ਦੇ ਸੰਦਰਭ ਵਿਚ ਇਹ ਐਵਾਰਡ ਉਨ੍ਹਾਂ ਔਰਤਾਂ ਨੂੰ ਦਿੱਤਾ ਜਾ ਰਿਹਾ ਹੈ ਜਿਨ੍ਹਾਂ ਨੇ ਜਲ ਸਪਲਾਈ ਅਤੇ ਸੈਨੀਟੇਸ਼ਨ ਖੇਤਰਾਂ ਵਿਚ ਵਿਲੱਖਣ ਕੰਮ ਕੀਤਾ ਹੈ। ਜਿੰਪਾ ਨੇ ਪਿੰਡ ਪੇਰੋਸ਼ਾਹ ਦੇ ਸਮੂਹ ਵਾਸੀਆਂ ਨੂੰ ਇਹ ਕੌਮੀ ਐਵਾਰਡ ਮਿਲਣ ‘ਤੇ ਮੁਬਾਰਕਾਂ ਦਿੱਤੀਆਂ ਹਨ।
ਜਿੰਪਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਪਿੰਡ ਪੇਰੋਸ਼ਾਹ ਨੇ ਗੰਦੇ ਪਾਣੀ ਅਤੇ ਕੂੜਾ ਕਰਕਟ ਦਾ ਸੁਚੱਜਾ ਪ੍ਰਬੰਧ ਕਰਕੇ ਕੌਮੀ ਪੱਧਰ ‘ਤੇ ਨਾਮਣਾ ਖੱਟਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਸੁਪਨਾ ਹੈ ਕਿ ਪੰਜਾਬ ਦਾ ਹਰੇਕ ਪਿੰਡ ਇਕ ਮਾਡਲ ਪਿੰਡ ਹੋਵੇ ਅਤੇ ਉੱਥੇ ਸਾਫ-ਸਫਾਈ ਦਾ ਖਾਸ ਧਿਆਨ ਰੱਖਿਆ ਜਾਵੇ। ਇਸ ਮਕਸਦ ਦੀ ਪੂਰਤੀ ਲਈ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦਿਨ-ਰਾਤ ਮਿਹਨਤ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਲਈ ਪੰਜਾਬ ਸਰਕਾਰ ਯਤਨਸ਼ੀਲ ਹੈ ਅਤੇ ਇਸ ਮੰਤਵ ਨੂੰ ਪੂਰਾ ਕਰਨ ਲਈ ਸਾਰਥਕ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਜ਼ਿਕਰਯੋਗ ਹੈ ਕਿ ਪਿੰਡ ਪੇਰੋਸ਼ਾਹ ਬਟਾਲਾ ਨਜ਼ਦੀਕ ਸ੍ਰੀ ਹਰਿਗੋਬਿੰਦਪੁਰ ਬਲਾਕ ਵਿਚ ਪੈਂਦਾ ਹੈ। ਪਿੰਡ ਵਾਸੀਆਂ ਵੱਲੋਂ ਗੰਦੇ ਪਾਣੀ ਨੂੰ ਥਾਪਰ ਤਕਨੀਕ ਦੀ ਵਰਤੋਂ ਕਰਕੇ ਸਾਫ ਕੀਤਾ ਜਾ ਰਿਹਾ ਹੈ ਅਤੇ ਇਸ ਦੀ ਵਰਤੋਂ ਸਿੰਚਾਈ ਲਈ ਕੀਤੀ ਜਾ ਰਹੀ ਹੈ। ਔਖੇ ਸਮੇਂ ਵਿਚ ਇਹ ਪਾਣੀ ਪਿੰਡਵਾਸੀਆਂ ਦੀਆਂ ਹੋਰਨਾਂ ਜ਼ਰੂਰਤਾਂ ਲਈ ਵੀ ਵਰਤਿਆਂ ਜਾਂਦਾ ਹੈ। ਇਸ ਤੋਂ ਇਲਾਵਾ ਪਿੰਡ ਵਿਚ ਹੀ ਕੂੜੇ ਤੋਂ ਖਾਦ ਤਿਆਰ ਕੀਤੀ ਜਾ ਰਹੀ ਹੈ।
ਕੌਮੀ ਐਵਾਰਡ ਦੀ ਪ੍ਰਾਪਤੀ ‘ਤੇ ਪਿੰਡ ਪੇਰੋਸ਼ਾਹ ਦੀ ਸਰਪੰਚ ਹਰਜਿੰਦਰ ਕੌਰ ਨੇ ਖੁਸ਼ੀ ਦਾ ਇਜ਼ਹਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਨੂੰ ਸਾਫ-ਸੁਥਰਾ ਤੇ ਸਵੱਛ ਬਣਾਉਣ ਲਈ ਹੋਰਨਾਂ ਪਿੰਡਾਂ ਨੂੰ ਵੀ ਪੰਜਾਬ ਸਰਕਾਰ ਦੀ ਸਹਾਇਤਾ ਨਾਲ ਅਜਿਹੇ ਪ੍ਰੋਜੈਕਟ ਸਥਾਪਤ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ।
ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਪ੍ਰਮੁੱਖ ਸਕੱਤਰ ਡੀ.ਕੇ. ਤਿਵਾੜੀ ਅਤੇ ਵਿਭਾਗ ਮੁਖੀ ਮੁਹੰਮਦ ਇਸ਼ਫਾਕ ਨੇ ਕਿਹਾ ਕਿ ਪਿੰਡ ਪੇਰੋਸ਼ਾਹ ਨੂੰ ਕੌਮੀ ਪੱਧਰ ‘ਤੇ ਸਨਮਾਨ ਮਿਲਣ ਨਾਲ ਪੰਜਾਬ ਦੇ ਹੋਰ ਪਿੰਡ ਵੀ ਗੰਦੇ ਪਾਣੀ ਅਤੇ ਕੂੜਾ ਕਰਕਟ ਦੇ ਸੁਚੱਜੇ ਪ੍ਰਬੰਧਨ ਲਈ ਪ੍ਰੇਰਿਤ ਹੋਣਗੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h