Gurmeet Singh Khudian: ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨ ਅਤੇ ਸੂਬੇ ਵਿੱਚ ਖੇਤੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਮੱਛੀ ਪਾਲਣ ਅਧੀਨ ਰਕਬੇ ਨੂੰ 16,812 ਹੈਕਟੇਅਰ ਤੋਂ ਵਧਾ ਕੇ 20,000 ਹੈਕਟੇਅਰ ਕਰਨ ਲਈ ਯਤਨਸ਼ੀਲ ਹੈ, ਜਿਸ ਨਾਲ ਸੂਬੇ ਦੇ ਮੱਛੀ ਉਤਪਾਦਨ ਵਿੱਚ 2 ਲੱਖ ਟਨ ਵਾਧਾ ਹੋਣ ਦੀ ਉਮੀਦ ਹੈ।
ਇਹ ਐਲਾਨ ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ “ਕੌਮੀ ਮੱਛੀ ਪਾਲਕ ਦਿਵਸ” ਦੀ ਪੂਰਬਲੀ ਸ਼ਾਮ ਕੀਤਾ। ਇਹ ਦਿਵਸ ਪ੍ਰੋਫੈਸਰ ਡਾ. ਕੇਐਚ ਅਲੀਕੁਨ੍ਹੀ ਅਤੇ ਡਾ. ਹੀਰਾ ਲਾਲ ਚੌਧਰੀ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ, ਜਿਨ੍ਹਾਂ ਨੇ 10 ਜੁਲਾਈ, 1957 ਨੂੰ ਦੇਸ਼ ਵਿੱਚ ਪਹਿਲੀ ਵਾਰ ਮਨਸੂਈ ਢੰਗ ਨਾਲ ਕਾਰਪ ਮੱਛੀਆਂ ਦੇ ਸਫ਼ਲ ਪ੍ਰਜਨਨ ਵਿੱਚ ਯੋਗਦਾਨ ਪਾਇਆ ਸੀ।
ਮੱਛੀ ਪਾਲਕਾਂ ਅਤੇ ਭਾਈਵਾਲਾਂ ਨੂੰ “ਕੌਮੀ ਮੱਛੀ ਪਾਲਕ ਦਿਵਸ” ਵਧਾਈ ਦਿੰਦਿਆਂ ਉਨ੍ਹਾਂ ਕਿਹਾ ਕਿ ਮੱਛੀ ਪੂੰਗ ਫਾਰਮ ਤੋਂ ਉਤਪਾਦਨ ਨੂੰ 20 ਕਰੋੜ ਤੋਂ ਵਧਾ ਕੇ ਆਉਣ ਵਾਲੇ ਸਾਲਾਂ ਵਿੱਚ 25 ਕਰੋੜ ਤੱਕ ਪਹੁੰਚਾਉਣ ਦੀ ਯੋਜਨਾ ਹੈ। ਕਿਸਾਨਾਂ ਨੂੰ ਆਪਣੀ ਆਮਦਨ ਵਿੱਚ ਵਾਧਾ ਕਰਨ ਲਈ ਮੱਛੀ ਪਾਲਣ ਦਾ ਧੰਦਾ ਅਪਣਾਉਣ ਦੀ ਅਪੀਲ ਕਰਦਿਆਂ ਸ. ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਵੱਖ-ਵੱਖ ਪ੍ਰਾਜੈਕਟਾਂ ਲਈ 366 ਲਾਭਪਾਤਰੀਆਂ ਨੂੰ 20 ਕਰੋੜ ਰੁਪਏ ਦੀ ਸਬਸਿਡੀ ਦਿੱਤੀ ਗਈ ਹੈ।
Punjab Government is all set to increase the fish farming area to 20,000 hectares from 16,812 hectares presently, which will increase fish production to 2 Lakh tonnes. This was announced by Cabinet Minister Gurmeet Singh Khuddian on the eve of “National Fish Farmers Day”. pic.twitter.com/XSr1b8RcK2
— Government of Punjab (@PunjabGovtIndia) July 9, 2023
ਸੂਬੇ ਵਿੱਚ ਮੱਛੀ ਪਾਲਣ ਖੇਤਰ ਦੇ ਵਿਕਾਸ ਲਈ ਚੁੱਕੇ ਗਏ ਕਦਮਾਂ ਬਾਰੇ ਦੱਸਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਜਲੰਧਰ ਜ਼ਿਲ੍ਹੇ ਵਿੱਚ ਸਬਸਿਡੀ ਆਧਾਰ ‘ਤੇ ਪ੍ਰਾਈਵੇਟ ਖੇਤਰ ਦੀ ਪਹਿਲੀ ਮੱਛੀ ਫੀਡ ਮਿੱਲ ਸਥਾਪਤ ਕਰਨ ਤੋਂ ਇਲਾਵਾ ਮੱਛੀਆਂ ਅਤੇ ਇਸ ਦੇ ਉਤਪਾਦਾਂ ਦੀ ਢੋਆ-ਢੁਆਈ ਲਈ ਸਬਸਿਡੀ ‘ਤੇ ਇੰਸੂਲੇਟਿਡ ਵੈਨ ਵੀ ਪ੍ਰਦਾਨ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਸੂਬੇ ਵਿੱਚ ਮੱਛੀ ਪਾਲਕਾਂ ਦੀ ਸਹੂਲਤ ਲਈ 15 ਸਰਕਾਰੀ ਮੱਛੀ ਪੂੰਗ ਫਾਰਮ, 11 ਮੱਛੀ ਫੀਡ ਮਿੱਲਾਂ ਅਤੇ 7 ਮਿੱਟੀ ਅਤੇ ਪਾਣੀ ਪਰਖ ਲੈਬਾਂ ਹਨ। ਸਰਕਾਰ ਵੱਲੋਂ ਮੱਛੀ ਅਤੇ ਝੀਂਗਾ ਪਾਲਣ ਨੂੰ ਅਪਣਾਉਣ ਲਈ ਮੁਫ਼ਤ ਸਿਖਲਾਈ ਵੀ ਦਿੱਤੀ ਜਾ ਰਹੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੱਛੀ ਪਾਲਣ ਨਾਲ ਸਬੰਧਤ ਵੱਖ-ਵੱਖ ਪ੍ਰਾਜੈਕਟਾਂ ਜਿਵੇਂ ਮੱਛੀ ਅਤੇ ਝੀਂਗਾ ਦੇ ਨਵੇਂ ਤਾਲਾਬ, ਰੀ-ਸਰਕੂਲੇਟਰੀ ਐਕੁਆਕਲਚਰ ਸਿਸਟਮ, ਬਾਇਓ-ਫਲਾਕ ਕਲਚਰ ਸਿਸਟਮ, ਮੱਛੀ ਦੀਆਂ ਦੁਕਾਨਾਂ, ਮੱਛੀਆਂ ਦੀ ਢੋਆ-ਢੁਆਈ ਲਈ ਵਾਹਨ, ਕੋਲਡ ਸਟੋਰੇਜ ਆਦਿ ‘ਤੇ 40 ਫੀਸਦ ਤੋਂ 60 ਫੀਸਦ ਸਬਸਿਡੀ ਪ੍ਰਦਾਨ ਕੀਤੀ ਜਾ ਰਹੀ ਹੈ, ਜਿਸ ਰਾਹੀਂ ਨੌਜਵਾਨ ਪੀੜ੍ਹੀ ਨੂੰ ਸਵੈ-ਰੋਜ਼ਗਾਰ ਦੇ ਸਾਧਨ ਮੁਹੱਈਆ ਕਰਵਾਏ ਜਾ ਰਹੇ ਹਨ।
ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਸਰਕਾਰ ਵੱਲੋਂ ਖਾਰੇ ਪਾਣੀ ਅਤੇ ਸੇਮ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਵੱਡੇ ਪੱਧਰ ’ਤੇ ਝੀਂਗਾ ਪਾਲਣ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਈਨਾ ਖੇੜਾ ਵਿਖੇ ਸਥਾਪਿਤ ਕੀਤਾ ਗਿਆ ਡੈਮੋਨਸਟ੍ਰੇਸ਼ਨ ਫਾਰਮ-ਕਮ-ਟਰੇਨਿੰਗ ਸੈਂਟਰ ਝੀਂਗਾ ਪਾਲਕਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਪ੍ਰਦਾਨ ਕਰ ਰਿਹਾ ਹੈ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਸੂਬੇ ਵਿੱਚ ਝੀਂਗਾ ਪਾਲਣ ਅਧੀਨ ਰਕਬਾ 1200 ਏਕੜ ਨੂੰ ਪਾਰ ਕਰ ਚੁੱਕਾ ਹੈ ਅਤੇ ਸਰਕਾਰ ਵੱਲੋਂ ਅਗਲੇ ਪੰਜ ਸਾਲਾਂ ਵਿੱਚ ਇਸ ਰਕਬੇ ਨੂੰ 5000 ਏਕੜ ਤੱਕ ਵਧਾਉਣ ਲਈ ਠੋਸ ਉਪਰਾਲੇ ਕੀਤੇ ਜਾ ਰਹੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h