Harjinder Singh Dhami: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਨੂੰ ਖ਼ਾਲਸੇ ਦੇ ਸਾਜਣਾ ਦਿਵਸ ਮੌਕੇ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਾਂ ਅੰਦਰ ਬੇਲੋੜੇ ਦਖ਼ਲ ਬੰਦ ਕਰਨ ਤੇ ਆਪਣੇ ਜਾਬਤੇ ਅੰਦਰ ਰਹਿਣ ਨੂੰ ਕਿਹਾ ਹੈ।
ਐਡਵੋਕੇਟ ਧਾਮੀ ਨੇ ਕਿਹਾ ਕਿ ਜਦੋਂ ਸਿੱਖ ਕੌਮ ਖ਼ਾਲਸੇ ਦਾ ਸਾਜਣਾ ਦਿਵਸ ਕੌਮੀ ਰਵਾਇਤਾਂ ਅਨੁਸਾਰ ਮਨਾ ਰਹੀ ਹੈ ਤਾਂ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸਾਸ਼ਨ ਵੱਲੋਂ ਗੁਰੂ ਘਰਾਂ ਅੰਦਰ ਬੇਲੋੜੀ ਦਖ਼ਲਅੰਦਾਜੀ ਨਾਲ ਸੰਗਤ ਅੰਦਰ ਭਾਰੀ ਰੋਸ਼ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੰਗਤ ’ਤੇ ਪੁਲਿਸ ਪ੍ਰਸਾਸ਼ਨ ਵੱਲੋਂ ਮਨਮਰਜ਼ੀ ਦੀਆਂ ਪਾਬੰਦੀਆਂ ਆਇਦ ਕੀਤੀਆਂ ਜਾ ਰਹੀਆਂ ਹਨ, ਜਿਸ ਬਾਰੇ ਸ਼੍ਰੋਮਣੀ ਕਮੇਟੀ ਪਾਸ ਸੂਚਨਾਵਾਂ ਪ੍ਰਾਪਤ ਹੋ ਰਹੀਆਂ ਹਨ।
ਐਡਵੋਕੇਟ ਧਾਮੀ ਨੇ ਕਿਹਾ ਕਿ ਸਰਕਾਰ ਦੀ ਇਹ ਕਾਰਵਾਈ ਬੇਹੱਦ ਮਾੜੀ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਖ਼ਾਲਸਾ ਸਾਜਣਾ ਦਿਵਸ ਸਿੱਖ ਕੌਮ ਲਈ ਬੇਹੱਦ ਮਹੱਤਵਪੂਰਨ ਅਤੇ ਸ਼ਰਧਾ ਭਰਪੂਰ ਹੋਣ ਕਰਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਭਰਵੀਂ ਗਿਣਤੀ ਵਿਚ ਸੰਗਤ ਪੁੱਜਦੀ ਹੈ, ਪਰੰਤੂ ਪੁਲਿਸ ਦੀ ਬਿਨਾ ਵਜ੍ਹਾ ਤਾਇਨਾਤੀ ਕਰਕੇ ਉਨ੍ਹਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਪੁਲਿਸ ਵਲੋਂ ਜਾਣਬੁੱਝ ਕੇ ਸਿੱਖ ਸੰਗਤ ਅੰਦਰ ਡਰ ਅਤੇ ਦਹਿਸ਼ਤ ਦਾ ਮਹੌਲ ਬਣਾਇਆ ਜਾ ਰਿਹਾ ਹੈ। ਗੁਰਦੁਆਰਾ ਸਾਹਿਬਾਨ ਅੰਦਰ ਪੁਲਿਸਕਰਮੀ ਪ੍ਰਬੰਧਕਾਂ ਨੂੰ ਵੀ ਆਪਣੀ ਇੱਛਾ ਅਨੁਸਾਰ ਚੱਲਣ ਲਈ ਦਬਾਅ ਪਾ ਰਹੇ ਹਨ। ਇਹ ਬਰਦਾਸ਼ਤ ਤੋਂ ਬਾਹਰ ਦੀ ਕਾਰਵਾਈ ਹੈ ਅਤੇ ਪੁਲਿਸ ਵੱਲੋਂ ਮਰਯਾਦਾ ਨੂੰ ਵੀ ਸਿੱਧੀ ਚੁਣੌਤੀ ਵਾਂਗ ਹੈ।
On Khalsa Sajna Diwas, unnecessary interference of police in Gurdwaras cannot be tolerated: Harjinder Singh Dhami
–@PunjabGovtIndia & @PunjabPoliceInd admin should refrain from creating an atmosphere of terror in Sangat@CMOPb @BhagwantMann #Sikhshttps://t.co/nHxY0OB6gO pic.twitter.com/KMKrNNLwCe— Shiromani Gurdwara Parbandhak Committee (@SGPCAmritsar) April 13, 2023
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਤੋਂ ਇਹ ਰਿਪੋਰਟਾਂ ਵੀ ਮਿਲ ਰਹੀਆਂ ਹਨ ਕਿ ਗੁਰੂ ਘਰਾਂ ਅੰਦਰ ਸਿਵਲ ਪਹਿਰਾਵੇ ਵਿਚ ਮੌਜੂਦ ਪੁਲਿਸ ਬੇਪਛਾਣ ਹੋ ਕੇ ਸੰਗਤ ‘ਤੇ ਨਿਗਾਹ ਰੱਖਦਿਆਂ ਪਰੇਸ਼ਾਨ ਕਰ ਰਹੀ ਹੈ, ਜਿਸ ਦੇ ਸੰਗਤ ਵੱਲੋਂ ਭਾਰੀ ਇਤਰਾਜ਼ ਜਤਾਏ ਜਾ ਰਹੇ ਹਨ। ਅੇਡਵੋਕੇਟ ਧਾਮੀ ਨੇ ਕਿਹਾ ਕਿ ਇਨ੍ਹਾਂ ਕਾਰਵਾਈਆਂ ਲਈ ਭਗਵੰਤ ਸਿੰਘ ਮਾਨ ਦੀ ਪੰਜਾਬ ਸਰਕਾਰ ਸਿੱਧੀ ਸਵਾਲਾਂ ਦੇ ਘੇਰੇ ਵਿੱਚ ਹੈ, ਜਿਸ ਤੋਂ ਉਹ ਬਰੀ ਨਹੀਂ ਹੋ ਸਕਦੇ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸਰਕਾਰ ਤੁਰੰਤ ਗੁਰੂ ਘਰਾਂ ਤੋਂ ਪੁਲਿਸ ਨੂੰ ਬਾਹਰ ਕਰੇ। ਉਨ੍ਹਾਂ ਸੰਗਤ ਨੂੰ ਵੀ ਅਪੀਲ ਕੀਤੀ ਕਿ ਉਹ ਪੁਲਿਸ ਵਲੋਂ ਪੈਦਾ ਕੀਤੇ ਜਾ ਰਹੇ ਭੈ ਨੂੰ ਨਕਾਰ ਕੇ ਗੁਰੂ ਘਰ ਸ਼ਰਧਾ ਪ੍ਰਗਟਾਉਣ ਲਈ ਪੁੱਜੇ। ਉਨ੍ਹਾਂ ਕਿਹਾ ਕਿ ਜੇ ਕਿਤੇ ਸਰਕਾਰ ਜਾਂ ਪੁਲਿਸ ਪ੍ਰਸਾਸ਼ਨ ਸੰਗਤ ਨੂੰ ਤੰਗ-ਪਰੇਸ਼ਾਨ ਕਰਦਾ ਹੈ ਤਾਂ ਉਸ ਦੀ ਸੂਚਨਾ ਤੁਰੰਤ ਸਥਾਨਕ ਅਤੇ ਸਬੰਧਤ ਗੁਰਦੁਆਰਾ ਸਾਹਿਬਾਨ ਦੇ ਮੈਨੇਜਰਾਂ ਨੂੰ ਦਿੱਤੀ ਜਾਵੇ।