Heatwave Alert: ਵਧ ਰਹੀ ਗਰਮੀ ਤੇ ਤਾਪਮਾਨ ਵਿੱਚ ਰੋਜਾਨਾ ਹੋ ਰਹੇ ਵਾਧੇ ਨੂੰ ਧਿਆਨ ਵਿਚ ਰੱਖਦਿਆਂ ਲੋਕਾਂ ਨੂੰ ਗਰਮੀ ਤੇ ਲੂ ਤੋਂ ਬਚਾਅ ਲਈ ਵਧੇਰੇ ਸੁਚੇਤ ਹੋਣ ਦੀ ਲੋੜ ਹੈ। ਸਿਹਤ ਵਿਭਾਗ ਵੱਲੋਂ ਜਾਰੀ ਅਡਵਾਇਜਰੀ ਦਾ ਜ਼ਿਕਰ ਕਰਦਿਆਂ ਸਿਵਲ ਸਰਜਨ ਡਾ. ਅਸ਼ਵਨੀ ਕੁਮਾਰ ਨੇ ਦੱਸਿਆ ਕਿ 40 ਡਿਗਰੀ ਤੋਂ ਵੱਧ ਤਾਪਮਾਨ ਹੋ ਜਾਣ ਕਾਰਨ ਲੂ ਦੀ ਸਥਿਤੀ ਬਣ ਜਾਂਦੀ ਹੈ ਜੋ ਕਿ ਸਰੀਰ ਦੇ ਤਾਪਮਾਨ ਨਿਯਮ ਪ੍ਰਣਾਲੀ ਨੂੰ ਵਿਗਾੜ ਦਿੰਦੀ ਹੈ ਤੇ ਗਰਮੀ ਨਾਲ ਸਬੰਧਿਤ ਬੀਮਾਰੀਆਂ ਦਾ ਕਾਰਨ ਬਣਦੀ ਹੈ।
ਉਨ੍ਹਾਂ ਕਿਹਾ ਕਿ ਨਵਜੰਮੇ ਅਤੇ ਛੋਟੇ ਬੱਚੇ, ਗਰਭਵਤੀ ਔਰਤਾਂ, 65 ਸਾਲ ਜਾਂ ਇਸ ਤੋਂ ਵਧੇਰੇ ਉਮਰ ਦੇ ਵਿਅਕਤੀ, ਮਜਦੂਰੀ ਕਰਨ ਵਾਲੇ ਅਤੇ ਉਹ ਲੋਕ ਜੋ ਕਿ ਸਰੀਰਕ ਤੌਰ ’ਤੇ ਬਿਮਾਰ ਹਨ, ਖਾਸ ਕਰ ਦਿਲ ਦੀ ਬੀਮਾਰੀ ਜਾਂ ਬਲੱਡ ਪ੍ਰੈਸ਼ਰ ਤੋਂ ਪੀੜਤ ਹਨ ਉਨ੍ਹਾਂ ਨੂੰ ਲੂ ਦਾ ਵਧੇਰੇ ਜੋਖਮ ਹੁੰਦਾ ਹੈ। ਉਨ੍ਹਾਂ ਕਿਹਾ ਕਿ ਲੂ ਦੌਰਾਨ ਸਾਨੂੰ ਆਪਣੇ ਖਾਣ ਪੀਣ ਦਾ ਵਧੇਰੇ ਧਿਆਨ ਰੱਖਣਾ ਚਾਹੀਦਾ ਹੈ। ਹਰੀਆਂ ਸਬਜ਼ੀਆਂ ਅਤੇ ਮੌਸਮੀ ਫ਼ਲ ਜਿਵੇਂ ਖਰਬੂਜ਼ਾ, ਤਰਬੂਜ਼, ਅੰਗੂਰ, ਲੀਚੀ, ਖੀਰਾ, ਨਿੰਬੂ ਪਾਣੀ, ਲੱਸੀ, ਨਾਰੀਅਲ ਪਾਣੀ ਆਦਿ ਦਾ ਸੇਵਨ ਕਰਨਾ ਚਾਹੀਦਾ ਹੈ ਕਿਉਂਕਿ ਇਨ੍ਹਾਂ ਵਿੱਚ ਪਾਣੀ ਦੀ ਵਧੇਰੇ ਮਾਤਰਾ ਹੁੰਦੀ ਹੈ।
ਦੁਪਹਿਰ 12 ਤੋਂ 3 ਵਜੇ ਤੱਕ ਘਰੋਂ ਨਾ ਨਿਕਲਣ ਦੀ ਸਲਾਹ
ਉਨ੍ਹਾਂ ਲੂ ਤੋਂ ਬਚਾਅ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਜੇਕਰ ਸੰਭਵ ਹੋਵੇ ਤਾਂ ਬਾਹਰਲੇ ਕੰਮ ਸਵੇਰੇ ਅਤੇ ਸ਼ਾਮ ਨੂੰ ਹੀ ਕੀਤੇ ਜਾਣ, ਧੁੱਪ ਵਿੱਚ ਖਾਸ ਕਰ ਦੁਪਹਿਰ 12 ਤੋਂ 3 ਵਜੇ ਤੱਕ ਬਾਹਰ ਨਾ ਜਾਇਆ ਜਾਵੇ, ਜੇਕਰ ਜਾਣਾ ਜ਼ਿਆਦਾ ਜਰੂਰੀ ਹੋਵੇ ਤਾਂ ਪਾਣੀ ਨਾਲ ਲੈ ਕੇ ਜ਼ਰੂਰ ਜਾਓ ਤੇ ਥੋੜ੍ਹੇ- ਥੋਡ੍ਹੇ ਵਕਫੇ ਬਾਅਦ ਪਾਣੀ ਜ਼ਰੂਰ ਪੀਓ। ਉਨ੍ਹਾਂ ਕਿਹਾ ਕਿ ਧੁੱਪ ਤੋਂ ਬਚਾਅ ਲਈ ਛੱਤਰੀ, ਟੋਪੀ, ਕਾਲੀਆਂ ਐਨਕਾਂ ਅਤੇ ਤੌਲੀਏ ਆਦਿ ਦੀ ਵਰਤੋਂ ਕੀਤੀ ਜਾਵੇ ਅਤੇ ਹਲਕੇ ਰੰਗ ਦੇ ਸੂਤੀ ਤੇ ਢਿੱਲੇ ਕੱਪੜੇ ਪਾਏ ਜਾਣ। ਸਰਾਬ, ਚਾਹ, ਕੌਫੀ, ਤਲੀਆਂ ਹੋਈਆਂ ਚੀਜਾਂ ਆਦਿ ਤੋਂ ਗੁਰੇਜ ਕੀਤਾ ਜਾਵੇ।
ਦਿਖਾਈ ਦੇਣ ਅਜਿਹੇ ਲੱਛਣ ਤਾਂ ਜਾਂਚ ਜ਼ਰੂਰੀ
ਉਨ੍ਹਾਂ ਕਿਹਾ ਕਿ ਸਰੀਰ ਦਾ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਵੱਧ ਹੋਣਾ, ਬਹੁਤ ਤੇਜ਼ ਸਿਰ ਦਰਦ, ਬੇਚੈਨੀ, ਚੱਕਰ ਆਉਣਾ, ਮਾਸਪੇਸ਼ੀਆਂ ਦੀ ਕਮਜੋਰੀ, ਦਿਲ ਦੀ ਧੜਕਣ ਦਾ ਤੇਜ਼ ਹੋਣਾ, ਜੀਅ ਕੱਚਾ ਹੋਣਾ ਅਤੇ ਉਲਟੀ ਆਉਣਾ ਆਦਿ ਲੂ ਲੱਗਣ ਦੇ ਲੱਛਣ ਹਨ। ਅਜਿਹੇ ਲੱਛਣ ਦਿਖਾਈ ਦੇਣ ’ਤੇ ਪ੍ਰਭਾਵਿਤ ਵਿਅਕਤੀ ਨੂੰ ਤੁਰੰਤ ਨਜ਼ਦੀਕੀ ਸਿਹਤ ਕੇਂਦਰ ’ਤੇ ਜਾ ਕੇ ਜਾਂਚ ਕਰਵਾਉਣੀ ਚਾਹੀਦੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h