ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਅੱਜ ਭਾਰੀ ਬਾਰਸ਼ ਹੋ ਸਕਦੀ ਹੈ। ਮੌਸਮ ਵਿਭਾਗ ਵੱਲੋਂ ਇਸ ਸਬੰਧੀ ਭਵਿੱਖਬਾਣੀ ਕੀਤੀ ਗਈ ਹੈ। ਬਰਨਾਲਾ, ਬਠਿੰਡਾ, ਫਰੀਦਕੋਟ, ਫਾਜ਼ਿਲਕਾ, ਫਿਰੋਜ਼ਪੁਰ, ਹੁਸ਼ਿਆਰਪੁਰ, ਮਲੇਰਕੋਟਲਾ, ਮਾਨਸਾ, ਮੋਗਾ, ਪਠਾਨਕੋਟ, ਸੰਗਰੂਰ, ਸ੍ਰੀ ਮੁਕਤਸਰ ਸਾਹਿਬ ਅਤੇ ਹਰਿਆਣਾ ਦੇ ਅੰਬਾਲਾ, ਫਤਿਹਾਬਾਦ, ਗੁਰੂਗ੍ਰਾਮ, ਹਿਸਾਰ, ਝੱਜਰ, ਕੈਥਲ, ਪੰਚਕੂਲਾ, ਪਾਣੀਪਤ, ਰੋਹਤਕ, ਸਿਰਸਾ, ਸੋਨੀਪਤ ਅਤੇ ਯਮੁਨਾਨਗਰ ਵਿਚ ਅਗਲੇ 24 ਘੰਟਿਆਂ ਵਿੱਚ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਮੁਤਾਬਕ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿਚ ਅਗਲੇ ਦੋ ਦਿਨ ਮੀਂਹ ਪਵੇਗਾ। ਅੱਜ ਸ਼ਾਮ ਤੋਂ ਮੌਸਮ ਇਕਦਮ ਬਦਲ ਸਕਦਾ ਹੈ। ਉਧਰ, ਹਿਮਾਚਲ ਵਿਚ ਪਏ ਮੀਂਹ ਕਾਰਨ ਡੈਮਾਂ ਵਿਚ ਪਾਣੀ ਦਾ ਪੱਧਰ ਵਧ ਗਿਆ ਹੈ। ਇਹ ਪਾਣੀ ਪੰਜਾਬ ਲਈ ਵੀ ਮੁਸੀਬਤ ਬਣ ਸਕਦਾ ਹੈ।
ਬੀਤੀ ਰਾਤ ਹਿਮਾਚਲ ਪ੍ਰਦੇਸ਼ ਵਿਚ ਭਾਰੀ ਮੀਂਹ ਪਿਆ ਅਤੇ ਕਈ ਇਲਾਕਿਆਂ ਵਿੱਚ ਬੱਦਲ ਫਟਣ ਦੀ ਸੂਚਨਾ ਹੈ। ਕੁੱਲੂ ਦੇ ਨਿਰਮੰਡ ‘ਚ ਬੱਦਲ ਫਟਣ ਤੋਂ ਬਾਅਦ ਬਾਗੀ ਪੁਲ ਦੇ ਆਲੇ-ਦੁਆਲੇ ਵਾਹਨ ਅਤੇ ਘਰ ਵਹਿ ਗਏ ਹਨ। ਇਧਰ, ਪੰਜਾਬ ਵਿਚ ਵੀ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ।
ਇਸ ਦੇ ਨਾਲ ਹੀ ਮਨਾਲੀ ‘ਚ ਬਿਆਸ ਦਰਿਆ ਮੁੜ ਆਪਣਾ ਰੁਖ ਬਦਲ ਕੇ ਹਾਈਵੇਅ ‘ਤੇ ਆ ਗਿਆ ਹੈ। ਇਸੇ ਤਰ੍ਹਾਂ ਸੂਬੇ ਦੇ ਤਿੰਨ ਜ਼ਿਲ੍ਹਿਆਂ ਵਿੱਚ ਬੱਦਲ ਫਟਣ ਕਾਰਨ ਚੰਡੀਗੜ੍ਹ ਮਨਾਲੀ ਹਾਈਵੇਅ ਕਈ ਥਾਵਾਂ ’ਤੇ ਬੰਦ ਹੈ ਅਤੇ ਹੁਣ ਤੱਕ ਕੁੱਲ 52 ਲੋਕ ਲਾਪਤਾ ਹਨ। ਸ਼ਿਮਲਾ ਵਿੱਚ 36 ਲੋਕ ਲਾਪਤਾ ਹਨ। ਮੌਜੂਦਾ ਬਣੇ ਹਾਲਾਤ ਨੂੰ ਵੇਖਦੇ ਹੋਏ ਪੰਜਾਬ ਦੇ ਕਈ ਇਲਾਕਿਆਂ ਵਿਚ ਹੜ੍ਹਾਂ ਦਾ ਖਤਰਾ ਬਣ ਗਿਆ ਹੈ। ਇਧਰ, ਹਾਲਾਤ ਵਿਗੜਦੇ ਵੇਖ ਪੰਡੋਹ ਡੈਮ ਦੇ ਫਲੱਡ ਗੇਟ ਖੋਲ੍ਹ ਦਿੱਤੇ ਗਏ ਹਨ।