Himachal Rain Snow Alert: ਹਿਮਾਚਲ ਪ੍ਰਦੇਸ਼ ਵਿੱਚ ਅਗਲੇ ਦੋ ਦਿਨ ਮੀਂਹ ਤੇ ਬਰਫਬਾਰੀ ਹੋਣ ਦੀ ਸੰਭਾਵਨਾ ਹੈ। ਮੌਸਮ ਵਿਗਿਆਨ ਕੇਂਦਰ ਸ਼ਿਮਲਾ ਨੇ ਦੱਸਿਆ ਕਿ ਮੰਗਲਵਾਰ ਤੋਂ ਦੋ ਦਿਨ ਤੱਕ ਰਾਜ ਦੇ ਕਈ ਜ਼ਿਲ੍ਹਿਆਂ ਵਿੱਚ ਮੌਸਮ ਵਿੱਚ ਬਦਲਾਅ ਆ ਸਕਦਾ ਹੈ। 4 ਨਵੰਬਰ ਨੂੰ ਛੇ ਜ਼ਿਲ੍ਹਿਆਂ -ਕਾਂਗੜਾ, ਚੰਬਾ, ਊਨਾ, ਹਮੀਰਪੁਰ, ਬਿਲਾਸਪੁਰ ਤੇ ਮੰਡੀ ਵਿੱਚ ਤੂਫ਼ਾਨ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।

5 ਨਵੰਬਰ ਨੂੰ ਕਾਂਗੜਾ, ਕੁੱਲੂ, ਮੰਡੀ, ਸ਼ਿਮਲਾ ਤੇ ਸੋਲਨ ਜ਼ਿਲ੍ਹਿਆਂ ਵਿੱਚ ਵੀ ਤੂਫ਼ਾਨ ਦਾ ਯੈਲੋ ਅਲਰਟ ਰਹੇਗਾ। ਇਹਨਾਂ ਦੋ ਦਿਨਾਂ ਦੌਰਾਨ ਲਾਹੌਲ-ਸਪੀਤੀ, ਚੰਬਾ, ਕਿਨੌਰ ਤੇ ਕਾਂਗੜਾ ਦੀਆਂ ਉੱਚੀਆਂ ਚੋਟੀਆਂ ‘ਤੇ ਹਲਕੀ ਬਰਫਬਾਰੀ ਹੋ ਸਕਦੀ ਹੈ, ਜਿਸ ਨਾਲ ਪਹਾੜਾਂ ਵਿੱਚ ਠੰਢ ਵਧੇਗੀ।
ਮੌਜੂਦਾ ਸਮੇਂ ਵਿੱਚ ਮੀਂਹ ਤੇ ਬਰਫਬਾਰੀ ਤੋਂ ਪਹਿਲਾਂ ਜ਼ਿਆਦਾਤਰ ਸ਼ਹਿਰਾਂ ਦਾ ਘੱਟੋ-ਘੱਟ ਤਾਪਮਾਨ ਵਧਿਆ ਹੋਇਆ ਹੈ। ਊਨਾ ਦਾ ਤਾਪਮਾਨ ਆਮ ਤੋਂ 5.4 ਡਿਗਰੀ ਵੱਧ ਹੋ ਕੇ 15.5 ਡਿਗਰੀ, ਬਿਲਾਸਪੁਰ ਦਾ 15.7 ਡਿਗਰੀ, ਮੰਡੀ ਦਾ 14.3 ਡਿਗਰੀ ਤੇ ਸ਼ਿਮਲਾ ਦਾ 13 ਡਿਗਰੀ ਸੈਲਸੀਅਸ ਦਰਜ ਹੋਇਆ ਹੈ। ਰਾਜ ਦਾ ਔਸਤ ਘੱਟੋ-ਘੱਟ ਤਾਪਮਾਨ ਵੀ ਆਮ ਤੋਂ 2.3 ਡਿਗਰੀ ਵੱਧ ਹੋ ਗਿਆ ਹੈ। ਅਧਿਕਤਮ ਤਾਪਮਾਨ ਵੀ ਆਮ ਤੋਂ ਉੱਪਰ ਹੈ। ਕੇਲਾਂਗ ਦਾ ਵੱਧ ਤੋਂ ਵੱਧ ਤਾਪਮਾਨ 15.4 ਡਿਗਰੀ (ਆਮ ਤੋਂ 5.4 ਡਿਗਰੀ ਵੱਧ), ਕਲਪਾ ਦਾ 19.8 ਡਿਗਰੀ ਤੇ ਸ਼ਿਮਲਾ ਦਾ 20.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ।







