ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਮੁੱਖ ਮੰਤਰੀ ਵਜੋਂ ਨਹੀਂ, ਇਕ ਨਿਮਾਣੇ ਸਿੱਖ ਵਜੋਂ ਪੇਸ਼ ਹੋਣਗੇ। ‘ਐਕਸ’ ’ਤੇ ਕੀਤੀ ਇਕ ਪੋਸਟ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਹਰੇਕ ਸਿੱਖ ਲਈ ਪਾਵਨ ਅਸਥਾਨ ਹੈ ਅਤੇ ਤਖ਼ਤ ਸਾਹਿਬ ਨੂੰ ਸਿੱਖਾਂ ਦਾ ਸਰਵਉੱਚ ਅਸਥਾਨ ਮੰਨਿਆ ਜਾਂਦਾ ਹੈ। ਉਨ੍ਹਾਂ ਕਿਹਾ, “ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਆਇਆ ਹੁਕਮ ਸਿਰ ਮੱਥੇ ਹੈ ਜਿਸ ਨੂੰ ਪੂਰੇ ਸਤਿਕਾਰ ਨਾਲ ਪ੍ਰਵਾਨ ਕਰਕੇ ਉਸ ਦੀ ਪਾਲਣਾ ਕਰਾਂਗਾ। ਮੈਂ ਮੁੱਖ ਮੰਤਰੀ ਵਜੋਂ ਨਹੀਂ, ਇਕ ਨਿਮਾਣੇ ਸਿੱਖ ਵਜੋਂ ਨੰਗੇ ਪੈਰੀਂ ਚੱਲ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਹਾਜ਼ਰ ਹੋਵਾਂਗਾ।”
ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਕਿਹਾ ਕਿ ਭਾਵੇਂ 15 ਜਨਵਰੀ ਨੂੰ ਦੇਸ਼ ਦੇ ਰਾਸ਼ਟਰਪਤੀ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਇਕ ਕਾਨਫਰੰਸ ਵਿੱਚ ਸ਼ਿਰਕਤ ਕਰਨ ਲਈ ਆ ਰਹੇ ਹਨ, ਪਰ ਉਹ ਹਰ ਹਾਲ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋਣਗੇ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਸਰਵਉੱਚ ਹੈ ਅਤੇ ਪਾਵਨ ਤਖ਼ਤ ਸਾਹਿਬ ਤੋਂ ਆਇਆ ਹੁਕਮ ਸਿਰ ਮੱਥੇ ਕਬੂਲ ਕੀਤਾ ਜਾਵੇਗਾ। ਉਨ੍ਹਾਂ ਕਿਹਾ, “ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਆਇਆ ਹੁਕਮ ਮੇਰੇ ਅਤੇ ਪਰਿਵਾਰ ਲਈ ਸਦਾ ਸਰਵਉੱਚ ਸੀ, ਹੈ ਅਤੇ ਰਹੇਗਾ।”






