ਦਿੱਲੀ ਦੇ ਤਿਆਗਰਾਜ ਸਟੇਡੀਅਮ ’ਚ ਆਪਣੇ ਪਾਲਤੂ ਕੁੱਤੇ ਨੂੰ ਘੁਮਾਉਣ ਨੂੰ ਲੈ ਕੇ ਵਿਵਾਦਾਂ ‘ਚ ਆਏ ਭਾਰਤੀ ਪ੍ਰਸ਼ਾਸਨਿਕ ਸੇਵਾ (ਆਈ. ਏ. ਐੱਸ.) ਦੇ ਅਧਿਕਾਰੀ ਸੰਜੀਵ ਖੀਰਵਾਰ ਅਤੇ ਉਨ੍ਹਾਂ ਦੀ ਪਤਨੀ ਰਿੰਕੂ ਦੁੱਗਾ ਦਾ ਲੱਦਾਖ ਅਤੇ ਅਰੁਣਾਚਲ ਪ੍ਰਦੇਸ਼ ’ਚ ਤਬਾਦਲਾ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਕੇਂਦਰੀ ਗ੍ਰਹਿ ਮੰਤਰਾਲੇ ਨੇ ਇਸ ਸਬੰਧ ਵਿੱਚ ਦਿੱਲੀ ਦੇ ਮੁੱਖ ਸਕੱਤਰ ਤੋਂ ਰਿਪੋਰਟ ਤਲਬ ਕੀਤੀ ਸੀ ਅਤੇ ਰਿਪੋਰਟ ਆਉਣ ਤੋਂ ਬਾਅਦ ਗ੍ਰਹਿ ਮੰਤਰਾਲੇ ਨੇ ਇਹ ਫੈਸਲਾ ਲਿਆ ਹੈ।
ਦੱਸ ਦੇਈਏ ਕਿ ਸਟੇਡੀਅਮ ‘ਚ ਪ੍ਰੈਕਟਿਸ ਕਰ ਰਹੇ ਖਿਡਾਰੀਆਂ ਵੱਲੋਂ ਲਗਾਤਾਰ ਸ਼ਿਕਾਇਤਾਂ ਆ ਰਹੀਆਂ ਸਨ ਕਿ ਉਨ੍ਹਾਂ ਨੂੰ ਸ਼ਾਮ ਸਾਢੇ ਛੇ ਵਜੇ ਤੱਕ ਟ੍ਰੇਨਿੰਗ ਖਤਮ ਕਰਨ ਲਈ ਕਿਹਾ ਜਾਂਦਾ ਹੈ, ਇਹ ਇਸ ਲਈ ਨਹੀਂ ਕਿ ਸਟੇਡੀਅਮ ਦਾ ਸਮਾਂ ਖਤਮ ਹੋ ਜਾਂਦਾ ਹੈ, ਬਲਕਿ ਇਸ ਲਈ ਕਿਹਾ ਜਾਂਦਾ ਹੈ ਤਾਂਕਿ ਦਿੱਲੀ ਸਰਕਾਰ ਦੇ ਪ੍ਰਮੁੱਖ ਸਕੱਤਰ (ਮਾਲ) ਸੰਜੀਵ ਖੀਰਵਾਰ ਆਪਣੇ ਕੁੱਤੇ ਨੂੰ ਸਟੇਡੀਅਮ ਵਿੱਚ ਘੁੰਮਾ ਸਕਣ।
ਜਦੋਂ ਇਹ ਖ਼ਬਰ ਸਾਹਮਣੇ ਆਈ ਤਾਂ ਦਿੱਲੀ ਸਰਕਾਰ ਨੇ ਵੀ ਤੁਰੰਤ ਕਾਰਵਾਈ ਕੀਤੀ। ਦਿੱਲੀ ਸਰਕਾਰ ਨੇ ਕਿਹਾ ਕਿ ਹੁਣ ਤੋਂ ਦਿੱਲੀ ਦੇ ਸਾਰੇ ਸਟੇਡੀਅਮ ਰਾਤ 10 ਵਜੇ ਤੱਕ ਖੁੱਲ੍ਹਣਗੇ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਇੱਕ ਟਵੀਟ ਰਾਹੀਂ ਇਹ ਜਾਣਕਾਰੀ ਦਿੱਤੀ, ਉਨ੍ਹਾਂ ਨੇ ਲਿਖਿਆ ਕਿ ਸਟੇਡੀਅਮ ਦੇ ਜਲਦੀ ਬੰਦ ਹੋਣ ਕਾਰਨ ਖਿਡਾਰੀਆਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਾਰੇ ਸਟੇਡੀਅਮਾਂ ਨੂੰ ਰਾਤ 10 ਵਜੇ ਖੋਲ੍ਹਣ ਦੇ ਆਦੇਸ਼ ਦਿੱਤੇ ਹਨ ਤਾਂ ਜੋ ਕਿਸੇ ਵੀ ਖਿਡਾਰੀ ਨੂੰ ਕੋਈ ਦਿੱਕਤ ਨਾ ਆਵੇ। ਤਿਆਗਰਾਜ ਸਟੇਡੀਅਮ 2010 ਦੀਆਂ ਰਾਸ਼ਟਰਮੰਡਲ ਖੇਡਾਂ ਲਈ ਬਣਾਇਆ ਗਿਆ ਸੀ।