IAS ਸੰਜੇ ਪੋਪਲੀ ਦਾ ਬੇਟੇ ਦੀ ਮੌਤ ‘ਤੇ ਵੱਡਾ ਬਿਆਨ, ਕਿਹਾ- ਮੇਰੇ ਸਾਮ੍ਹਣੇ ਮੇਰੇ ਬੇਟੇ ਨੂੰ ਮਾਰੀ ਗਈ ਗੋਲੀ
ਆਈ. ਏ. ਐੱਸ. ਸੰਜੇ ਪੋਪਲੀ ਦੇ ਪੁੱਤਰ ਦੀ ਅੱਜ ਗੋਲੀ ਲੱਗਣ ਨਾਲ ਮੌਤ ਹੋ ਗਈ। ਇਸ ਤੋਂ ਬਾਅਦ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਸ ਨੇ ਖ਼ੁਦਕੁਸ਼ੀ ਨਹੀਂ ਕੀਤੀ ਸਗੋਂ ਉਸ ਨੂੰ ਵਿਜੀਲੈਂਸ ਟੀਮ ਨੇ ਮਾਰਿਆ ਹੈ। ਇਸੇ ਵਿਚਾਲੇ ਆਈ.ਏ.ਐੱਸ ਸੰਜੇ ਪੋਪਲੀ ਵੱਲੋਂ ਵਿਜੀਲੈਂਸ ‘ਤੇ ਇਕ ਵੱਡਾ ਇਲਜ਼ਾਮ ਲਗਾਇਆ ਗਿਆ ਹੈ। ਸੰਜੇ ਪੋਪਲੀ ਨੇ ਪ੍ਰੈੱਸ ਨੂੰ ਬਿਆਨ ਦਿੱਤਾ ਹੈ ਕਿ ਮੈਂ ਮੇਰੇ ਬੇਟੇ ਦੀ ਮੌਤ ਦਾ ਚਸਮਦੀਦ ਹਾਂ ਵਿਜੀਲੈਂਸ ਵੱਲੋਂ ਉਸ ਨੂੰ ਮੇਰੇ ਸਾਹਮਣੇ ਹੀ ਗੋਲੀ ਮਾਰੀ ਗਈ ਤੇ ਇਹ ਹੁਣ ਮੈਨੂੰ ਵੀ ਮਾਰਨ ਲਈ ਲੈ ਕੇ ਜਾ ਰਹੇ ਹਨ। ਪੋਪਲੀ ਦੇ ਇਸ ਬਿਆਨ ਨੇ ਪੰਜਾਬ ਸਰਕਾਰ ਤੇ ਵਿਜੀਲੈਂਸ ਦੀ ਪੂਰੀ ਟੀਮ ਨੂੰ ਸਵਾਲਾਂ ਦੇ ਘੇਰੇ ‘ਚ ਖੜ੍ਹਾ ਕਰ ਦਿੱਤਾ ਹੈ।
ਦੂਜੇ ਪਾਸੇ ਵਿਜੀਲੈਂਸ ਵੱਲੋਂ ਬਿਆਨ ਜਾਰੀ ਕਰਦਿਆ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਸਾਡੇ ਉਥੋਂ ਚਲੇ ਜਾਣ ਤੋਂ ਬਾਅਦ ਦੀ ਘਟਣਾ ਹੈ। ਸਾਨੂੰ ਤਾਂ ਬਾਅਦ ‘ਚ ਪਤਾ ਲੱਗਾ ਕਿ ਆਈ.ਏ.ਐਸ. ਸੰਜੇ ਪੋਪਲੀ ਦੇ ਬੇਟੇ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਹੈ। ਅਸੀਂ ਜਦੋਂ ਬਾਹਰ ਨਿਕਲੇ ਤਾਂ ਸਾਨੂੰ ਰੌਲਾ ਪੈਂਦਾ ਜ਼ਰੂਰ ਸੁਣਾਈ ਦਿੱਤਾ ਸੀ ਪਰ ਸਾਨੂੰ ਲੱਗਾ ਸ਼ਾਇਦ ਪੋਪਲੀ ਦੇ ਘਰੋਂ ਇੰਨੀ ਵੱਡੀ ਰਿਕਵਰੀ ਹੋਈ ਹੈ ਇਹ ਰੌਲਾ ਉਸ ਦਾ ਹੈ ਸਾਨੂੰ ਉਨ੍ਹਾਂ ਦੇ ਪੁੱਤਰ ਦੇ ਮਰਨ ਦਾ ਬਹੁਤ ਅਫਸੋਸ ਹੈ।
ਦੱਸ ਦੇਈਏ ਕਿ ਅੱਜ ਵਿਜਿਲੈਂਸ ਵੱਲੋਂ ਸੰਜੇ ਪੋਪਲੀ ਕੋਲੋਂ ਇੱਕ ਵੱਡੀ ਰਿਕਵਰੀ ਕੀਤੀ ਗਈ ਸੀ ਜਿਸ ‘ਚ ਇੱਕ-ਇੱਕ ਕਿਲੋ ਦੀਆਂ ਸੋਨੇ ਦੀਆਂ 09 ਇੱਟਾਂ ਜਿਨ੍ਹਾਂ ਦਾ ਕੁੱਲ ਵਜ਼ਨ 9 ਕਿਲੋ, ਸੋਨੇ ਦੇ ਕੁੱਲ 49 ਬਿਸਕੁਟ ਜਿਨ੍ਹਾਂ ਦਾ ਵਜ਼ਨ 3160 ਗ੍ਰਾਮ, ਸੋਨੇ ਦੇ ਕੁੱਲ 12 ਸਿੱਕੇ ਜਿਨ੍ਹਾਂ ਦਾ ਵਜ਼ਨ 356 ਗ੍ਰਾਮ, ਚਾਂਦੀ ਦੀਆਂ 3 ਇੱਟਾਂ ਜਿਨ੍ਹਾਂ ਦਾ ਵਜ਼ਨ 3 ਕਿੱਲੋ, ਚਾਂਦੀ ਦੇ 10/10 ਗ੍ਰਾਮ ਦੇ ਕੁੱਲ 18 ਸਿੱਕੇ ਜਿਨ੍ਹਾਂ ਦਾ ਵਜ਼ਨ 180 ਗ੍ਰਾਮ, 04 Iphone ਐਪਲ, ਸੈਮਸੰਗ ਕੰਪਨੀ ਦਾ ਮੋਬਾਇਲ ਫੋਨ ਜ਼ੈੱਡ ਫੌਲਡ, ਸੈਮਸੰਗ ਦੀਆਂ ਦੋ ਸਮਾਰਟ ਵਾਚ, ਤੇ 500/500 ਦੇ ਕੁੱਲ 700 ਭਾਰਤੀ ਕਰੰਸੀ ਨੋਟ ਜਿਨ੍ਹਾਂ ਦੀ ਕੁੱਲ ਰਕਮ 3,50,000/-ਰੁਪਏ ਕੈਸ਼ ਬਣਦੀ ਹੈ ਬਰਾਮਦ ਕੀਤੀ ਗਈ ਹੈ।