ਆਈਏਐੱਸ ਸੰਜੇ ਪੋਪਲੀ – ਬੀਤੀ 25 ਜੂਨ ਨੂੰ ਬਾਅਦ ਦੁਪਹਿਰ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਤਹਿਤ ਗ੍ਰਿਫ਼ਤਾਰ ਪੰਜਾਬ ਦੇ ਆਈਏਐੱਸ ਅਫ਼ਸਰ ਸੰਜੇ ਪੋਪਲੀ ਦੇ ਪੁੱਤਰ ਕਾਰਤਿਕ ਪੋਪਲੀ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ ,ਜਿਸ ਦੇ ਸਬੰਧ ‘ਚ ਚੰਡੀਗੜ੍ਹ ਪੁਲਿਸ ਦੇ ਐੱਸਐੱਸਪੀ ਕੁਲਦੀਪ ਸਿੰਘ ਚਾਹਲ ਮੁਤਾਬਕ ਕਾਰਤਿਕ ਪੋਪਲੀ ਨੇ ਖੁਦ ਨੂੰ ਗੋਲੀ ਮਾਰੀ ਹੈ।
ਦੂਜੇ ਪਾਸੇ ਪਰਿਵਾਰ ਨੇ ਵਿਜੀਲੈਂਸ ‘ਤੇ ਲਾਏ ਦੋਸ਼
ਕਾਰਤਿਕ ਦੀ ਮਾਂ ਨੇ ਕਿਹਾ, ”ਜਿਵੇਂ ਹੀ ਮੈਂ ਉੱਥੇ ਪਹੁੰਚੀ ਤਾਂ ਇਨ੍ਹਾਂ ਨੇ (ਵਿਜੀਲੈਂਸ) ਉਸ ਉੱਤੇ ਬੰਦੂਕ ਰੱਖੀ ਹੋਈ ਸੀ, ਇਨ੍ਹਾਂ ਨੇ ਮੇਰੇ ਪੁੱਤਰ ਨੂੰ ਗੋਲੀ ਮਾਰ ਕੇ ਮਾਰ ਦਿੱਤਾ।”
ਮੈਡੀਕਲ ਲਈ ਸਰਕਾਰੀ ਹਸਪਤਾਲ ਪਹੁੰਚੇ ਖ਼ੁਦ ਸੰਜੇ ਪੋਪਲੀ ਨੇ ਇਸ ਸਮਲੇ ਉੱਤੇ ਕਿਹਾ ਕਿ ”ਮੇਰੇ ਪੁੱਤਰ ਦਾ ਕਤਲ ਹੋਇਆ ਹੈ, ਮੈਂ ਖ਼ੁਦ ਗਵਾਹ ਹਾਂ। ਮੇਰੇ ਸਾਹਮਣੇ ਮੇਰੇ ਪੁੱਤਰ ਨੂੰ ਮਾਰਿਆ ਗਿਆ ਹੈ।”
ਵਿਜੀਲੈਂਸ ਦੀ ਟੀਮ ਨੇ ਕੀ ਕਿਹਾ
ਬਿਊਰੋ ਦੇ ਡੀਐੱਸਪੀ ਅਜੇ ਕੁਮਾਰ ਨੇ ਦੱਸਿਆ, “ਅਸੀਂ ਤਾਂ ਰਿਕਵਰੀ ਕਰਨ ਗਏ ਸੀ। ਰਿਕਵਰੀ ਕਰਨ ਤੋਂ ਬਾਅਦ ਅਸੀਂ ਉੱਥੋ ਚਲੇ ਗਏ ਸੀ ਤਾਂ ਸਾਨੂੰ ਪਤਾ ਲਗਿਆ ਕਿ ਇਸ ਤਰ੍ਹਾਂ ਗੋਲੀ ਚੱਲੀ ਹੈ।”
ਇਸ ਦੌਰਾਨ ਹੀ ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸੰਜੇ ਪੋਪਲੀ ਦੇ ਬਿਆਨਾਂ ਦੇ ਆਧਾਰ ‘ਤੇ ਵਿਜੀਲੈਂਸ ਬਿਊਰੋ ਦੀ ਟੀਮ ਨੇ ਉਨ੍ਹਾਂ ਦੇ ਘਰ ‘ਤੇ ਛਾਪੇਮਾਰੀ ਕੀਤੀ ਅਤੇ ਘਰ ਦੇ ਸਟੋਰ ਰੂਮ ਵਿੱਚ ਲੁਕਾ ਕੇ ਰੱਖਿਆ ਸੋਨਾ, ਚਾਂਦੀ ਅਤੇ ਮੋਬਾਈਲ ਫੋਨ ਬਰਾਮਦ ਕੀਤੇ।
ਸੰਜੇ ਪੋਪਲੀ ਪੰਜਾਬ ਸਰਕਾਰ ਵਿੱਚ ਪੈਨਸ਼ਨ ਡਾਇਰੈਕਟਰ ਦੇ ਅਹੁਦੇ ਉੱਤੇ ਤਾਇਨਾਤ ਹਨ।