ਪੰਜਾਬ ਦੇ ਸਰਕਾਰੀ ਸਹਾਇਤਾ ਪ੍ਰਾਪਤ (ਏਡਿਡ) ਸਕੂਲਾਂ ‘ਚ ਕੰਮ ਕਰਦੇ ਅਧਿਆਪਕਾਂ ਅਤੇ ਸੇਵਾ-ਮੁਕਤ ਪੈਨਸ਼ਨਰਾਂ ਨੂੰ ਛੇਵੇਂ ਤਨਖਾਹ ਕਮਿਸ਼ਨ ਦਾ ਲਾਭ ਜਲਦ ਮਿਲੇਗਾ।ਇਹ ਭਰੋਸਾ ਸਿੱਖਿਆ ਵਿਭਾਗ ਪੰਜਾਬ ਦੇ ਸਿੱਖਿਆ ਸਕੱਤਰ ਕਮਲ ਕਿਸ਼ੋਰ ਯਾਦਵ ਨੇ ਪੰਜਾਬ ਸਟੇਟ ਏਡਿਡ ਸਕੂਲ ਅਧਿਆਪਕ ਅਤੇ ਹੋਰ ਕਰਮਚਾਰੀ ਯੂਨੀਅਨ ਪੰਜਾਬ ਦੀ ਅਹਿਮ ਮੀਟਿੰਗ ‘ਚ ਦਿੱਤਾ, ਜੋ ਮਿੰਨੀ ਸਕੱਤਰੇਤ ਚੰਡੀਗੜ੍ਹ ਵਿਖੇ ਹੋਈ।
ਮੀਟਿੰਗ ‘ਚ ਸਿੱਖਿਆ ਵਿਭਾਗ ਵਲੋਂ ਸਿੱਖਿਆ ਸਕੱਤਰ ਕਮਲ ਕਿਸ਼ੋਰ ਯਾਦਵ, ਆਈ.ਏ.ਐਸ, ਮੈਡਮ ਗੌਰੀ ਪਰਾਸ਼ਰ ਜੋਸ਼ੀ ਆਈ.ਏ.ਐਸ ਵਿਸ਼ੇਸ਼ ਸਿੱਖਿਆ ਸਕੱਤਰ, ਸਹਾਇਕ ਡਾਇਰੈਕਟਰ ਮਹੇਸ਼ ਕੁਮਾਰ, ਸੁਪਰਡੈਂਟ ਸਿੱਖਿਆ-3 ਅਤੇ ਹੋਰ ਹਾਜ਼ਰ ਸਨ ਜਦਕਿ ਯੂਨੀਅਨ ਵਲੋਂ ਸੂਬਾ ਪ੍ਰਧਾਨ ਐਨ.ਐਨ.ਸੈਣੀ ਅਤੇ ਸੂਬਾ ਸਰਪ੍ਰਸਤ ਗੁਰਚਰਨ ਸਿੰਘ ਚਾਹਲ ਦੀ ਅਗਵਾਈ ਵਾਲੇ ਪ੍ਰਤੀਨਿਧੀ ਮੰਡਲ ਨੇ ਹਿੱਸਾ ਲਿਆ।
ਜਾਣਕਾਰੀ ਦਿੰਦਿਆਂ ਯੂਨੀਅਨ ਦੇ ਸੂਬਾ ਪ੍ਰੈਸ ਸਕੱਤਰ ਹਰਦੀਪ ਸਿੰਘ ਰੂਪਨਗਰ ਨੇ ਦੱਸਿਆ ਕਿ ਮੀਟਿੰਗ ‘ਚ ਸਿੱਖਿਆ ਸਕੱਤਰ ਨੇ ਛੇਵਾਂ ਤਨਖਾਹ ਕਮਿਸ਼ਨ ਜਲਦ ਲਾਗੂ ਕਰਨ ਦਾ ਭਰੋਸਾ ਦਿੱਤਾ ਕਿਉਂਕਿ ਵਿੱਤ ਮੰਤਰੀ ਵਲੋਂ ਪਹਿਲਾਂ ਹੀ ਸਿਧਾਂਤਕ ਤੌਰ ‘ਤੇ ਇਸ ਸਬੰਧੀ ਸਹਿਮਤੀ ਦੇ ਦਿੱਤੀ ਗਈ ਹੈ।ਏਡਿਡ ਸਕੂਲਾਂ ‘ਚ ਕੰਮ ਕਰਦੇ ਸੀ ਐਂਡ ਵੀ.ਕੇਡਰ ਦੇ ਅਧਿਆਪਕਾਂ ਦੀ ਦਸੰਬਰ 2023 ਤੱਕ ਰੁਕੀ ਤਨਖਾਹ ਨੂੰ 4400 ਰੁ. ਗ੍ਰੇਡ ਪੇਅ ਨਾਲ ਜਾਰੀ ਕਰਨ ਦੇ ਆਦੇਸ਼ ਵੀ ਕੀਤੇ ਗਏ।
ਏਡਿਡ ਸਕੂਲਾਂ ਦੇ ਅਧਿਆਪਕਾਂ ਦੀ ਤਬਾਦਲਾ ਨੀਤੀ ਬਾਰੇ ਵੀ ਵਿਚਾਰ-ਵਟਾਂਦਰਾ ਹੋਇਆ।ਇਸ ਸਬੰਧੀ ਸਿੱਖਿਆ ਮੰਤਰੀ ਨਾਲ ਗੱਲਬਾਤ ਕਰਨ ਦਾ ਭਰੋਸਾ ਦਿੱਤਾ, ਜਦਕਿ ਏਡਿਡ ਸਕੂਲਾਂ ‘ਚ ਪੜ੍ਹਦੇ ਵਿਦਿਆਰਥੀਆਂ ਨੂੰ ਵੀ ਮੁਫਤ ਵਰਦੀਆਂ ਦੇਣ, ਸੀ.ਪੀ.ਐਫ ਦੇ ਪੋਸਟ ਆਡਿਟ ਇਤਰਾਜ਼ਾ ਅਤੇ ਹੋਰ ਮਸਲਿਆਂ ਬਾਰੇ ਵੀ ਲੋੜੀਂਦੇ ਆਦੇਸ਼ ਜਾਰੀ ਕੀਤੇ ਗਏ।ਮੀਟਿੰਗ ‘ਚ ਦਲਜੀਤ ਸਿੰਘ ਖਰੜ, ਸ਼ਰਨਜੀਤ ਸਿੰਘ ਕੁਰਾਲੀ, ਯਾਦਵਿੰਦਰ ਕੁਮਾਰ ਕੁਰਾਲੀ, ਅਸ਼ੋਕ ਵਢੇਰਾ ਅਤੇ ਡਾ. ਗੁਰਮੀਤ ਸਿੰਘ ਨੇ ਵੀ ਭਾਗ ਲਿਆ।