Power Minister Harbhajan Singh ETO: ਪਾਵਰਕਾਮ ਦਫ਼ਤਰਾਂ ‘ਚ ਮੁਲਾਜ਼ਮਾਂ ਦੀ ਡਿਊਟੀ ਸਮੇਂ ਗ਼ੈਰ-ਹਾਜ਼ਰੀ ਤੇ ਖਪਤਕਾਰਾਂ ਦੀ ਖੱਜਲ-ਖੁਆਰੀ ਨੂੰ ਰੋਕਣ ਲਈ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਲੇਟ-ਲਤੀਫ਼ਾਂ ਨੂੰ ਨੱਥ ਪਾਉਣ ਦੇ ਸਖ਼ਤ ਹੁਕਮ ਜਾਰੀ ਕੀਤੇ ਹਨ। ਹੁਣ ਪਾਵਰਕਾਮ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਹਰ ਗਤੀਵਿਧੀ ਰਜਿਸਟਰ ਵਿਚ ਦਰਜ ਕਰਨ ਤੇ ਦੇਰੀ ਨਾਲ ਪੁੱਜਣ ਵਾਲੇ ਦੀ ਗ਼ੈਰ-ਹਾਜ਼ਰੀ ਦਰਜ ਕੀਤੀ ਜਾਵੇਗੀ।
ਦੱਸ ਦਈਏ ਕਿ ਪਾਵਰਕਾਮ ਮੁੱਖ ਦਫਤਰ ਵਿਚ ਬਾਇਓ ਮੀਟ੍ਰਿਕ ਮਸ਼ੀਨਾਂ ਲਗਾਈਆਂ ਗਈਆਂ ਸੀ ਪਰ ਕੋਵਿਡ ਦੌਰਾਨ ਬੰਦ ਕਰ ਦਿੱਤੀਆਂ ਗਈਆਂ ਤੇ ਬਾਅਦ ਵਿਚ ਚੱਲੀਆਂ ਹੀ ਨਹੀਂ। ਇਸ ਦਾ ਕੁਝ ਮੁਲਾਜ਼ਮਾਂ ਵੱਲੋਂ ਫ਼ਾਇਦਾ ਚੁੱਕਿਆ ਜਾ ਰਿਹਾ ਸੀ। ਦਫ਼ਤਰੀ ਸਮੇਂ ਦੌਰਾਨ ਸੀਟਾਂ ਖ਼ਾਲੀ ਹੋਣ ’ਤੇ ਖਪਤਕਾਰਾਂ ਦੇ ਕੰਮ ਪ੍ਰਭਾਵਿਤ ਹੋਣ ਬਾਰੇ ਬਿਜਲੀ ਮੰਤਰੀ ਕੋਲ ਰਿਪੋਰਟਾਂ ਪੁੱਜਣ ’ਤੇ ਇਸ ਦਾ ਗੰਭੀਰ ਨੋਟਿਸ ਲਿਆ ਗਿਆ ਹੈ।
ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਬੀਤੇ ਦਿਨ ਚੰਡੀਗੜ੍ਹ ਵਿਖੇ ਪਾਵਰਕਾਮ ਉੱਚ ਅਧਿਕਾਰੀਆਂ ਨਾਲ ਇਸ ਵਿਸ਼ੇ ’ਤੇ ਚਰਚਾ ਕੀਤੀ ਤੇ ਮੁਲਾਜ਼ਮਾਂ ਦੇ ਸਮੇਂ ਦੇ ਪਾਬੰਦ ਹੋਣ ਦੇ ਨਿਰਦੇਸ਼ ਦਿੱਤੇ ਹਨ। ਇਸ ਸਬੰਧੀ ਪਾਵਰਕਾਮ ਵੱਲੋਂ ਪੱਤਰ ਜਾਰੀ ਕਰ ਕੇ ਸਮਾਂ ਪਾਬੰਦੀ ਦੀਆਂ ਹਦਾਇਤਾਂ ਦਿੱਤੀਆਂ ਗਈਆਂ। ਨੋਟੀਫਿਕੇਸ਼ਨ ‘ਚ ਕਿਹਾ ਗਿਆ ਹੈ ਕਿ ਸਵੇਰੇ ਨੌਂ ਵਜੇ ਹਰ ਹਾਲਤ ਵਿਚ ਆਪਣੀ ਸੀਟ ’ਤੇ ਹਾਜ਼ਰ ਹੋਣਾ ਯਕੀਨੀ ਬਣਾਇਆ ਜਾਵੇ ਤੇ ਆਪਣੇ ਸਬੰਧਤ ਦਫ਼ਤਰੀ ਕੰਮ-ਕਾਜ ਤੇ ਅਚਨਚੇਤ ਕੰਮ ਨੂੰ ਸਵੇਰੇ ਨੌਂ ਤੋਂ ਸ਼ਾਮ ਪੰਜ ਵਜੇ ਤਕ ਮੁਕੰਮਲ ਕਰਨਾ ਯਕੀਨੀ ਬਣਾਇਆ ਜਾਵੇ।
ਇਸ ਤੋਂ ਇਲਾਵਾ ਸ਼ਿਫਟ ਸ਼ੁਰੂ ਹੋਣ ਤੋਂ ਪਹਿਲਾਂ ਹਾਜ਼ਰੀ ਲਗਾਉਣੀ ਲਾਜ਼ਮੀ ਕੀਤੀ ਗਈ ਹੈ। ਇਸ ਲਈ ਸਵੇਰੇ ਸਾਢੇ 9 ਵਜੇ ਤੋਂ ਦੇਰੀ ਨਾਲ ਪੁੱਜਣ ਵਾਲੇ ਮੁਲਾਜ਼ਮਾਂ ਦੀ ਅੱਧੇ ਦਿਨ ਦੀ ਛੁੱਟੀ ਲਗਾਈ ਜਾਵੇਗੀ। ਹਾਜ਼ਰੀ ਰਜਿਸਟਰ ਵਿਚ ਅਧਿਕਾਰੀਆਂ ਜਾਂ ਕਰਮਚਾਰੀਆਂ ਵੱਲੋਂ ਆਪਣੀ ਹਾਜ਼ਰੀ ਦਰਜ ਕਰਨ ਲਈ ਆਪਣੇ ਦਸਤਖ਼ਤ ਤੇ ਦਰਜਾ ਚਾਰ ਕਰਮਚਾਰੀ ਦੇ ਕੇਸ ਵਿਚ ‘ਹ’ ਤੇ ਕਿਸੇ ਵੀ ਕਰਮਚਾਰੀ ਦੇ ਛੁੱਟੀ ’ਤੇ ਹੋਣ ਦੀ ਸੂਰਤ ’ਚ ‘ਛ’ ਯਾਤਰਾ ਤੇ ‘ਡ’ ਦਾ ਇੰਦਰਾਜ ਹਾਜ਼ਰੀ ਰਜਿਸਟਰ ਵਿਚ ਦਰਜ ਕੀਤਾ ਜਾਵੇਗਾ।
ਨਾਲ ਹੀ ਹਾਜ਼ਰੀ ਰਜਿਸਟਰ ਦਾ ਕਿਸੇ ਵੀ ਅਧਿਕਾਰੀ ਜਾਂ ਕਰਮਚਾਰੀ ਦਾ ਕੋਈ ਵੀ ਖ਼ਾਨਾ ਖ਼ਾਲੀ ਨਹੀਂ ਛੱਡਿਆ ਜਾ ਸਕਦਾ ਹੈ। ਰਜਿਸਟਰ ਦੇ ਆਖ਼ਰੀ ਕਾਲਮ ਵਿਚ ਮਹੀਨੇ ਦੌਰਾਨ ਮੁਲਾਜ਼ਮ ਦੀਆਂ ਅਚਨਚੇਤ ਛੁੱਟੀਆਂ ਅਤੇ ਬਕਾਇਆ ਛੁੱਟੀਆਂ ਦਾ ਵੇਰਵਾ ਦੇਣਾ ਵੀ ਦੇਣਾ ਹੋਵੇਗਾ। ਦੁਪਹਿਰ ਦੇ ਖਾਣੇ ਦਾ ਸਮਾਂ 1.30 ਤੋਂ 2.00 ਵਜੇ ਤਕ ਦਾ ਤੈਅ ਹੈ। ਇਸ ਸਮੇਂ ਦੌਰਾਨ ਹੀ ਦੁਪਹਿਰ ਦਾ ਖਾਣਾ ਮੁਕੰਮਲ ਕਰ ਕੇ ਸਮੇਂ ਸਿਰ ਆਪਣੀ ਸੀਟ ’ਤੇ ਹਾਜ਼ਰ ਹੋਣ ਲਈ ਕਿਹਾ ਗਿਆ ਹੈ।
ਹਾਜ਼ਰੀ ਰਜਿਸਟਰ ਦੇ ਨਾਲ-ਨਾਲ ਸਬੰਧਤ ਦਫ਼ਤਰ ਵੱਲੋਂ ਇਕ ਬਾਹਰੀ ਯਾਤਰਾ ਰਜਿਸਟਰ ਵੀ ਲਗਾਇਆ ਜਾਵੇਗਾ ਜਿਸ ਵਿਚ ਕਰਮਚਾਰੀ ਵੱਲੋਂ ਕਿਸੇ ਹੋਰ ਦਫ਼ਤਰ ਵਿਚ ਡਿਊਟੀ ’ਤੇ ਜਾਣ, ਆਉਣ ਤੇ ਜਾਣ ਦਾ ਸਮਾਂ ਅਤੇ ਕੰਮ ਬਾਰੇ ਪੂਰੀ ਜਾਣਕਾਰੀ ਦਿੱਤੀ ਦਰਜ ਕੀਤੀ ਜਾਵੇਗੀ। ਪਾਵਰਕਾਮ ਅਧਿਕਾਰੀਆਂ ਨੂੰ ਸਮੇਂ-ਸਮੇਂ ਦੌਰਾਨ ਅਚਨਚੇਤ ਛਾਪੇਮਾਰੀ ਕਰ ਕੇ ਸਮੇਂ ਦੀ ਪਾਬੰਦੀ ਤੇ ਹਾਜ਼ਰੀ ਰਜਿਸਟਰ ਪੜਤਾਲ ਕਰਨ ਦੀ ਹਦਾਇਤ ਵੀ ਕੀਤੀ ਗਈ ਹੈ।
ਬਹੁਤੇ ਮੁਲਾਜ਼ਮ ਦਫ਼ਤਰਾਂ ਵਿਚ ਛੁੱਟੀ ਪਹਿਲਾਂ ਹੀ ਬਿਨਾਂ ਮਿਤੀ ਪਾਏ ਲਿਖ ਕੇ ਰੱਖ ਜਾਂਦੇ ਹਨ ਜਿਸ ਨੂੰ ਹਾਜ਼ਰੀ ਰਜਿਸਟਰ ਵਿਚ ਦਰਜ ਨਹੀਂ ਕੀਤਾ ਜਾਂਦਾ। ਇਸ ਪ੍ਰਥਾ ਨੂੰ ਠੱਲ ਪਾਉਣ ਲਈ ਆਨਲਾਈਨ ਹਾਜ਼ਰੀ ਸਿਸਟਮ ਲਿਆਉਣ ਬਾਰੇ ਫ਼ੈਸਲਾ ਲਿਆ ਗਿਆ ਹੈ। ਕੋਈ ਵੀ ਅਧਿਕਾਰੀ ਜਾ ਕਰਮਚਾਰੀ ਬਿਨਾਂ ਪ੍ਰਵਾਨਗੀ ਤੋਂ ਛੁੱਟੀ ’ਤੇ ਨਹੀਂ ਜਾ ਸਕੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h