ਜਲੰਧਰ: ਪੰਜਾਬ ਦੇ ਜਲੰਧਰ ‘ਚ ਐਂਟੀ ਨਾਰਕੋਟਿਕਸ ਸੈੱਲ ਨੇ ਗੁਪਤ ਸੂਚਨਾ ‘ਤੇ ਭਗਤ ਸਿੰਘ ਕਾਲੋਨੀ ਨੇੜੇ ਨਾਕਾ ਲਗਾ ਕੇ 3 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਕੋਲੋਂ 12 ਪਿਸਤੌਲ ਅਤੇ 32 ਜਿੰਦਾ ਕਾਰਤੂਸ ਬਰਾਮਦ ਹੋਏ ਹਨ। ਪੁਲਿਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਨੇ ਦੱਸਿਆ ਕਿ ਡੀਸੀਪੀ ਇਨਵੈਸਟੀਗੇਸ਼ਨ ਜਸਕਿਰਨ ਜੀਤ ਸਿੰਘ ਤੇਜਾ ਅਤੇ ਉਨ੍ਹਾਂ ਦੀ ਟੀਮ ਨੂੰ ਇਸ ਸਬੰਧੀ ਇਨਪੁਟ ਮਿਲੇ ਸੀ। ਜਿਸ ‘ਤੇ ਇੰਟਰ ਨਾਰਕੋਟਿਕਸ ਸੈੱਲ ਦੇ ਇੰਚਾਰਜ ਇੰਸਪੈਕਟਰ ਇੰਦਰਜੀਤ ਸਿੰਘ ਨੇ ਭਗਤ ਸਿੰਘ ਕਾਲੋਨੀ ਨੇੜੇ ਨਾਕਾਬੰਦੀ ਕਰਕੇ ਚੈਕਿੰਗ ਸ਼ੁਰੂ ਕਰ ਦਿੱਤੀ।
ਜਾਣਕਾਰੀ ਦਿੰਦਿਆਂ ਅਧਿਕਾਰੀ ਨੇ ਦੱਸਿਆ ਕਿ ਪ੍ਰੀਤ ਫਗਵਾੜਾ ਗੈਂਗ ਦੇ ਤਿੰਨ ਗੈਂਗਸਟਰ ਕਾਰ ‘ਚ ਆਏ, ਜਿਨ੍ਹਾਂ ਨੂੰ ਰੋਕ ਕੇ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਨੇ ਆਪਣਾ ਨਾਂ ਸੇਠ ਲਾਲ ਉਰਫ ਸੇਠੀ ਵਾਸੀ ਨਿਊ ਆਬਾਦਪੁਰਾ ਜਲੰਧਰ, ਰਾਜ ਪਾਲ ਉਰਫ ਪਾਲੀ ਵਾਸੀ ਰਵਿਦਾਸ ਕਲੋਨੀ ਰਾਮਾਮੰਡੀ ਜਲੰਧਰ ਅਤੇ ਰਾਜੇਸ਼ ਕੁਮਾਰ ਉਰਫ ਰਾਜਾ ਵਾਸੀ ਪੇਟੀਆਂ ਵਾਲੀ ਗਲੀ ਰਾਮਾ ਮੰਡੀ ਜਲੰਧਰ ਦੱਸਿਆ।
ਜਦੋਂ ਪੁਲਿਸ ਨੇ ਤਲਾਸ਼ੀ ਲਈ ਤਾਂ ਸੇਠ ਲਾਲ ਉਰਫ਼ ਸੇਠੀ ਪਾਸੋਂ 2 ਪਿਸਤੌਲ, 2 ਦੇਸੀ ਪਿਸਤੌਲ ਅਤੇ 13 ਜਿੰਦਾ ਕਾਰਤੂਸ, ਰਾਜਪਾਲ ਉਰਫ਼ ਪਾਲੀ ਪਾਸੋਂ 1-1 ਰਿਵਾਲਵਰ-ਪਿਸਤੌਲ, 2 ਦੇਸੀ ਪਿਸਤੌਲ ਅਤੇ 10 ਜਿੰਦਾ ਕਾਰਤੂਸ ਜਦਕਿ ਰਾਜੇਸ਼ ਕੁਮਾਰ ਉਰਫ਼ ਰਾਜਾ ਕੋਲੋਂ 2 ਪਿਸਤੌਲ ਅਤੇ ਦੋ ਦੇਸੀ ਪਿਸਤੌਲ ਸਮੇਤ 9 ਜਿੰਦਾ ਕਾਰਤੂਸ ਬਰਾਮਦ ਹੋਏ।
ਪੁਲਿਸ ਨੇ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰਕੇ ਤਿੰਨ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ, ਤਾਂ ਜੋ ਇਹ ਪਤਾ ਲਾਇਆ ਜਾ ਸਕੇ ਕਿ ਇਨ੍ਹਾਂ ਨੇ ਹਥਿਆਰ ਕਿਸ ਨੂੰ ਅਤੇ ਕਿੱਥੇ ਸਪਲਾਈ ਕੀਤੇ। ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਪੁਲਿਸ ਵੀ ਹਥਿਆਰਾਂ ਦੀ ਉਪਲਬਧਤਾ ਨੂੰ ਲੈ ਕੇ ਚੌਕਸ ਹੋ ਗਈ ਹੈ ਅਤੇ ਸੁਰੱਖਿਆ ਵਿਵਸਥਾ ਵਧਾ ਦਿੱਤੀ ਹੈ।