ਜੰਮੂ-ਕਸ਼ਮੀਰ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਗੁਲਾਮ ਹੈਦਰ ਮਲਿਕ ਸਮੇਤ 3 ਹੋਰ ਕਾਂਗਰਸੀ ਆਗੂਆਂ ਨੇ ਸੋਮਵਾਰ ਨੂੰ ਸੀਨੀਅਰ ਆਗੂ ਗੁਲਾਮ ਨਬੀ ਆਜ਼ਾਦ ਦੇ ਸਮਰਥਨ ਵਿਚ ਪਾਰਟੀ ਤੋਂ ਅਸਤੀਫ਼ੇ ਦੇਣ ਦਾ ਐਲਾਨ ਕੀਤਾ। ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਆਜ਼ਾਦ (73) ਨੇ ਸ਼ੁੱਕਰਵਾਰ ਨੂੰ ਕਾਂਗਰਸ ਨਾਲ ਆਪਣੇ 5 ਦਹਾਕਿਆਂ ਪੁਰਾਣੇ ਸਬੰਧਾਂ ਨੂੰ ਖਤਮ ਕਰਦੇ ਹੋਏ ਕਿਹਾ ਸੀ ਕਿ ਕਾਂਗਰਸ ‘ਪੂਰੀ ਤਰ੍ਹਾਂ ਨਾਲ ਤਬਾਹ’ ਹੋ ਚੁੱਕੀ ਹੈ ਅਤੇ ਇਸ ਦੀ ਲੀਡਰਸ਼ਿਪ ਅੰਦਰੂਨੀ ਚੋਣਾਂ ਦੇ ਨਾਂ ‘ਤੇ ‘ਧੋਖਾਧੜੀ’ ਕਰ ਰਹੀ ਹੈ। ਆਜ਼ਾਦ ਨੇ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ‘ਤੇ ਵੀ ਨਿਸ਼ਾਨਾ ਵਿੰਨ੍ਹਿਆ ਸੀ।
ਇਹ ਵੀ ਪੜ੍ਹੋ : ਰਿਲਾਇੰਸ AGM 2022 ਅਪਡੇਟ: ਦੀਵਾਲੀ ਤੱਕ 5G ਸੇਵਾ ਸ਼ੁਰੂ ਕਰੇਗੀ ਰਿਲਾਇੰਸ
ਕਠੂਆ ਦੇ ਬਾਨੀ ਵਿਧਾਨ ਸਭਾ ਤੋਂ ਸਾਬਕਾ ਵਿਧਾਇਕ ਮਲਿਕ ਅਤੇ ਦੋ ਸਾਬਕਾ ਐੱਮ. ਐੱਲ. ਸੀ ਸੁਭਾਸ਼ ਗੁਪਤਾ ਅਤੇ ਸ਼ਾਮ ਲਾਲ ਭਗਤ ਨੇ ਪਾਰਟੀ ਹਾਈ ਕਮਾਂਡ ਨੂੰ ਆਪਣੇ ਅਸਤੀਫ਼ੇ ਭੇਜ ਦਿੱਤੇ ਹਨ। ਆਜ਼ਾਦ ਦੇ ਕਰੀਬੀ ਅਤੇ ਸਾਬਕਾ ਮੰਤਰੀ ਜੀ. ਐੱਮ. ਸਰੂਰੀ ਨੇ ਕਿਹਾ, “ਸਾਨੂੰ ਮਲਿਕ, ਗੁਪਤਾ ਅਤੇ ਭਗਤ ਤੋਂ (ਸਮਰਥਨ ਦੇ) ਪੱਤਰ ਮਿਲੇ ਹਨ।”
ਇਹ ਵੀ ਪੜ੍ਹੋ : ਰਾਫ਼ੇਲ ‘ਤੇ ਦੁਬਾਰਾ ਜਾਂਚ ਨਹੀਂ ਹੋਵੇਗੀ, ਸੁਪਰੀਮ ਕੋਰਟ ਨੇ ਰੱਦ ਕੀਤੀ ਪਟੀਸ਼ਨ
ਇਕ ਸੂਤਰ ਨੇ ਦੱਸਿਆ ਕਿ ਸਾਬਕਾ ਉਪ ਮੁੱਖ ਮੰਤਰੀ ਤਾਰਾ ਚੰਦ, ਸਾਬਕਾ ਮੰਤਰੀ ਅਬਦੁਲ ਮਜੀਦ ਵਾਨੀ, ਮਨੋਹਰ ਲਾਲ ਸ਼ਰਮਾ ਅਤੇ ਘੜੂ ਰਾਮ ਅਤੇ ਸਾਬਕਾ ਵਿਧਾਇਕ ਬਲਵਾਨ ਸਿੰਘ ਨੇ ਵੀ ਦਿੱਲੀ ’ਚ ਆਜ਼ਾਦ ਨਾਲ ਮੁਲਾਕਾਤ ਕੀਤੀ ਸੀ ਅਤੇ ਉਹ ਮੰਗਲਵਾਰ ਨੂੰ ਕਾਂਗਰਸ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਉਨ੍ਹਾਂ ਨੂੰ ਸਮਰਥਨ ਦੇਣ ਦਾ ਐਲਾਨ ਕਰ ਸਕਦੇ ਹਨ।