India-W vs Sri Lanka-W (IND-W vs SL-W) Final T20 Asia Cup 2022: ਭਾਰਤ ਨੇ ਮਹਿਲਾ ਏਸ਼ੀਆ ਕੱਪ ਦੇ ਫਾਈਨਲ ਵਿੱਚ ਸ਼੍ਰੀਲੰਕਾ ਨੂੰ ਅੱਠ ਵਿਕਟਾਂ ਨਾਲ ਹਰਾਇਆ। ਟੀਮ ਇੰਡੀਆ ਲਗਾਤਾਰ ਸੱਤਵੀਂ ਵਾਰ ਚੈਂਪੀਅਨ ਬਣੀ ਹੈ। ਦੋਵੇਂ ਟੀਮਾਂ 5 ਵਾਰ ਏਸ਼ੀਆ ਕੱਪ ਦੇ ਫਾਈਨਲ ‘ਚ ਆਹਮੋ-ਸਾਹਮਣੇ ਹੋ ਚੁੱਕੀਆਂ ਹਨ ਅਤੇ ਹਰ ਵਾਰ ਭਾਰਤ ਨੇ ਸ਼੍ਰੀਲੰਕਾ ਨੂੰ ਹਰਾਇਆ ਹੈ। ਭਾਰਤ ਨੇ ਸਭ ਤੋਂ ਵੱਧ ਸੱਤ ਵਾਰ ਇਹ ਟੂਰਨਾਮੈਂਟ ਜਿੱਤਿਆ ਹੈ, ਜਦਕਿ ਸ੍ਰੀਲੰਕਾ ਦੀ ਟੀਮ ਪੰਜਵੀਂ ਵਾਰ ਫਾਈਨਲ ਵਿੱਚ ਹਾਰੀ ਹੈ। ਸ਼੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਦੇ ਸਾਹਮਣੇ 66 ਦੌੜਾਂ ਦਾ ਟੀਚਾ ਰੱਖਿਆ ਅਤੇ ਟੀਮ ਇੰਡੀਆ ਨੇ ਦੋ ਵਿਕਟਾਂ ਗੁਆ ਕੇ ਇਸ ਨੂੰ ਹਾਸਲ ਕਰ ਲਿਆ।
ਮਹਿਲਾ ਏਸ਼ੀਆ ਕੱਪ ਦਾ ਇਹ ਅੱਠਵਾਂ ਆਯੋਜਨ ਸੀ, ਜਦਕਿ ਭਾਰਤ ਦੀ ਸੱਤਵੀਂ ਖ਼ਿਤਾਬੀ ਜਿੱਤ ਸੀ। ਭਾਰਤ ਨੇ ਵਨਡੇ ਫਾਰਮੈਟ ‘ਚ ਚਾਰ ਵਾਰ ਅਤੇ ਟੀ-20 ਫਾਰਮੈਟ ‘ਚ ਤਿੰਨ ਵਾਰ ਮਹਿਲਾ ਏਸ਼ੀਆ ਕੱਪ ਜਿੱਤਿਆ ਹੈ। ਰੇਣੁਕਾ ਸਿੰਘ ਨੇ ਤਿੰਨ ਵਿਕਟਾਂ ਲੈ ਕੇ ਭਾਰਤ ਦੀ ਜਿੱਤ ਦੀ ਨੀਂਹ ਰੱਖੀ, ਜਦਕਿ ਰਾਜੇਸ਼ਵਰੀ ਗਾਇਕਵਾੜ ਅਤੇ ਸਨੇਹ ਰਾਣਾ ਨੇ ਦੋ-ਦੋ ਵਿਕਟਾਂ ਲੈ ਕੇ ਸ੍ਰੀਲੰਕਾ ਨੂੰ 65 ਦੌੜਾਂ ਤੱਕ ਰੋਕ ਦਿੱਤਾ।
ਸ਼ੇਫਾਲੀ ਵਰਮਾ (05) ਅਤੇ ਜੇਮੀਮਾ ਰੌਡਰਿਗਜ਼ (02) ਦੇ ਆਊਟ ਹੋਣ ਕਾਰਨ ਭਾਰਤ 66 ਦੌੜਾਂ ਦੇ ਟੀਚੇ ਤੱਕ ਪਹੁੰਚਣ ਲਈ ਸੰਘਰਸ਼ ਕਰ ਰਿਹਾ ਸੀ, ਪਰ ਸਮ੍ਰਿਤੀ ਨੇ ਕਪਤਾਨ ਹਰਮਨਪ੍ਰੀਤ ਕੌਰ ਨਾਲ ਤੀਜੀ ਵਿਕਟ ਲਈ 36 ਦੌੜਾਂ ਦੀ ਸਾਂਝੇਦਾਰੀ ਕਰਕੇ ਭਾਰਤ ਨੂੰ ਆਸਾਨ ਜਿੱਤ ਦਿਵਾਈ। ਸਮ੍ਰਿਤੀ ਨੇ ਧਮਾਕੇਦਾਰ ਬੱਲੇਬਾਜ਼ੀ ਕਰਦਿਆਂ 25 ਗੇਂਦਾਂ ਵਿੱਚ ਛੇ ਚੌਕਿਆਂ ਤੇ ਤਿੰਨ ਛੱਕਿਆਂ ਦੀ ਮਦਦ ਨਾਲ 51 ਦੌੜਾਂ ਬਣਾਈਆਂ ਜਦਕਿ ਹਰਮਨਪ੍ਰੀਤ ਨੇ 14 ਗੇਂਦਾਂ ਵਿੱਚ ਇੱਕ ਚੌਕੇ ਦੀ ਮਦਦ ਨਾਲ 11 ਦੌੜਾਂ ਦਾ ਯੋਗਦਾਨ ਦਿੱਤਾ।