INDW vs ENGW 2022 ਮੈਚ ਰਿਪੋਰਟ: ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਤੀਜੇ ਅਤੇ ਆਖਰੀ ਵਨਡੇ ਮੈਚ ਵਿੱਚ ਇੰਗਲੈਂਡ ਨੂੰ 16 ਦੌੜਾਂ ਨਾਲ ਹਰਾਇਆ। ਇਸ ਤਰ੍ਹਾਂ ਭਾਰਤੀ ਟੀਮ ਨੇ 3 ਵਨਡੇ ਮੈਚਾਂ ਦੀ ਇਹ ਸੀਰੀਜ਼ 3-0 ਨਾਲ ਜਿੱਤ ਲਈ ਹੈ। ਭਾਰਤ ਦੀਆਂ 169 ਦੌੜਾਂ ਦੇ ਜਵਾਬ ‘ਚ ਇੰਗਲੈਂਡ ਦੀ ਟੀਮ 43.4 ਓਵਰਾਂ ‘ਚ ਸਿਰਫ 153 ਦੌੜਾਂ ‘ਤੇ ਹੀ ਸਿਮਟ ਗਈ। ਭਾਰਤੀ ਦਿੱਗਜ ਗੇਂਦਬਾਜ਼ ਝੂਲਨ ਗੋਸਵਾਮੀ ਦਾ ਇਹ ਆਖਰੀ ਅੰਤਰਰਾਸ਼ਟਰੀ ਮੈਚ ਸੀ।
ਇਹ ਮੈਚ ਜਿੱਤ ਕੇ ਭਾਰਤੀ ਟੀਮ ਝੂਲਨ ਗੋਸਵਾਮੀ ਨੂੰ ਯਾਦਗਾਰ ਵਿਦਾਈ ਦੇਣ ‘ਚ ਕਾਮਯਾਬ ਰਹੀ। ਇਸ ਦੇ ਨਾਲ ਹੀ ਝੂਲਨ ਗੋਸਵਾਮੀ ਨੇ ਆਪਣੇ ਆਖਰੀ ਮੈਚ ‘ਚ ਸ਼ਾਨਦਾਰ ਗੇਂਦਬਾਜ਼ੀ ਕੀਤੀ। ਉਸ ਨੇ 10 ਓਵਰਾਂ ‘ਚ 30 ਦੌੜਾਂ ਦੇ ਕੇ 2 ਖਿਡਾਰੀਆਂ ਨੂੰ ਪੈਵੇਲੀਅਨ ਦਾ ਰਸਤਾ ਦਿਖਾਇਆ।
ਦੀਪਤੀ ਸ਼ਰਮਾ ਨੇ ਅਹਿਮ ਪਾਰੀ ਖੇਡੀ
ਇਸ ਤੋਂ ਪਹਿਲਾਂ ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਨ ਆਈ ਭਾਰਤੀ ਟੀਮ ਦੀ ਸ਼ੁਰੂਆਤ ਬੇਹੱਦ ਖ਼ਰਾਬ ਰਹੀ। ਸ਼ੈਫਾਲੀ ਵਰਮਾ ਅਤੇ ਯਸਤਿਕਾ ਭਾਟੀਆ ਬਿਨਾਂ ਕੋਈ ਰਨ ਬਣਾਏ ਪਵੇਲੀਅਨ ਪਰਤ ਗਈਆਂ। ਹਾਲਾਂਕਿ ਸਮ੍ਰਿਤੀ ਮੰਧਾਨਾ ਨੇ 79 ਗੇਂਦਾਂ ‘ਚ 50 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਦੀਪਤੀ ਸ਼ਰਮਾ ਨੇ ਅਜੇਤੂ 68 ਦੌੜਾਂ ਦਾ ਯੋਗਦਾਨ ਪਾਇਆ। ਦਰਅਸਲ, ਭਾਰਤੀ ਟੀਮ ਦੇ 5 ਬੱਲੇਬਾਜ਼ ਆਪਣਾ ਖਾਤਾ ਨਹੀਂ ਖੋਲ੍ਹ ਸਕੇ। ਇਸ ਦੇ ਨਾਲ ਹੀ ਟੀਮ ਇੰਡੀਆ ਦੇ 8 ਬੱਲੇਬਾਜ਼ ਦੋਹਰੇ ਅੰਕੜੇ ਨੂੰ ਛੂਹ ਨਹੀਂ ਸਕੇ।
ਇੰਗਲੈਂਡ ਲਈ ਕੇਟ ਕਰਾਸ ਨੇ 10 ਓਵਰਾਂ ‘ਚ 26 ਦੌੜਾਂ ਦੇ ਕੇ 4 ਵਿਕਟਾਂ ਲਈਆਂ। ਇਸ ਦੇ ਨਾਲ ਹੀ ਫਰੀ ਕੈਂਪ ਅਤੇ ਐਸਲੇਸਟਨ ਨੂੰ 2-2 ਦੀ ਸਫਲਤਾ ਮਿਲੀ। ਜਦਕਿ ਐੱਫ. ਡੇਵਿਸ ਅਤੇ ਸ਼ਾਰਲੋਟ ਡੀਨ ਨੇ ਖਿਡਾਰੀਆਂ ਨੂੰ 1-1 ਨਾਲ ਆਊਟ ਕੀਤਾ। ਭਾਰਤ ਦੀਆਂ 169 ਦੌੜਾਂ ਦੇ ਜਵਾਬ ਵਿੱਚ ਇੰਗਲੈਂਡ ਦੀ ਟੀਮ ਦੀ ਸ਼ੁਰੂਆਤ ਖ਼ਰਾਬ ਰਹੀ। ਇੰਗਲੈਂਡ ਟੀਮ ਦੇ 7 ਬੱਲੇਬਾਜ਼ 65 ਦੌੜਾਂ ਤੱਕ ਪੈਵੇਲੀਅਨ ਪਰਤ ਚੁੱਕੇ ਸਨ। ਹਾਲਾਂਕਿ ਐਮੀ ਜੋਨਸ ਅਤੇ ਸ਼ਾਰਲੋਟ ਡੀਨ ਨੇ ਪਾਰੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਪਰ ਇੰਗਲੈਂਡ ਦੀ ਟੀਮ ਟੀਚੇ ਤੱਕ ਨਹੀਂ ਪਹੁੰਚ ਸਕੀ। ਭਾਰਤ ਲਈ ਰੇਣੁਕਾ ਸਿੰਘ ਨੇ 10 ਓਵਰਾਂ ਵਿੱਚ 29 ਦੌੜਾਂ ਦੇ ਕੇ 4 ਵਿਕਟਾਂ ਲਈਆਂ। ਜਦਕਿ ਝੂਲਨ ਗੋਸਵਾਮੀ ਅਤੇ ਰਾਜੇਸ਼ਵਰੀ ਗਾਇਕਵਾੜ ਨੂੰ 2-2 ਸਫਲਤਾ ਮਿਲੀ। ਇਸ ਤੋਂ ਇਲਾਵਾ ਦੀਪਤੀ ਸ਼ਰਮਾ ਨੇ 1 ਖਿਡਾਰੀ ਨੂੰ ਆਊਟ ਕੀਤਾ।