UK Visa News: ਲੰਡਨ ‘ਚ ਭਾਰਤੀ ਹਾਈ ਕਮਿਸ਼ਨ ਨੇ ਭਾਰਤ ਦੀ ਯਾਤਰਾ ਕਰਨ ਦੇ ਚਾਹਵਾਨ ਬ੍ਰਿਟਿਸ਼ ਯਾਤਰੀਆਂ ਲਈ ਇਲੈਕਟ੍ਰਾਨਿਕ ਵੀਜ਼ਾ (ਈ-ਵੀਜ਼ਾ) ਪ੍ਰਕਿਰਿਆ ਨੂੰ ਬਹਾਲ ਕਰ ਦਿੱਤਾ ਹੈ। ਪਿਛਲੇ ਕੁਝ ਮਹੀਨਿਆਂ ਵਿੱਚ ਭਾਰਤ ‘ਚ ਵੀਜ਼ਿਆਂ ਦੀ ਵੱਡੀ ਮੰਗ ਕਾਰਨ ਇਸ ਕਦਮ ਦਾ ਵਿਆਪਕ ਤੌਰ ‘ਤੇ ਸਵਾਗਤ ਕੀਤੇ ਜਾਣ ਦੀ ਸੰਭਾਵਨਾ ਹੈ।
ਬ੍ਰਿਟੇਨ ‘ਚ ਭਾਰਤੀ ਹਾਈ ਕਮਿਸ਼ਨਰ ਵਿਕਰਮ ਦੁਰਾਈਸਵਾਮੀ ਨੇ ਕਿਹਾ ਕਿ ਇਹ ਸੇਵਾ ਤੁਰੰਤ ਸ਼ੁਰੂ ਹੋ ਜਾਵੇਗੀ। ਲੰਡਨ ਵਿੱਚ ਹਾਈ ਕਮਿਸ਼ਨ ਦੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਯਾਤਰੀ ਇਸ ਹਫ਼ਤੇ ਤੋਂ ਭਾਰਤ ਆਉਣ ਲਈ ਈ-ਵੀਜ਼ਾ ਲਈ ਅਰਜ਼ੀ ਦੇਣਾ ਸ਼ੁਰੂ ਕਰ ਸਕਦੇ ਹਨ।
ਉਨ੍ਹਾਂ ਕਿਹਾ ਕਿ ਸਿਸਟਮ ਨੂੰ ਅਪਗ੍ਰੇਡ ਕਰਨ ਦੀ ਪ੍ਰਕਿਰਿਆ ਜਾਰੀ ਹੈ ਤੇ ਭਾਰਤੀ ਵੀਜ਼ਾ ਵੈੱਬਸਾਈਟ ਜਲਦੀ ਹੀ ਈ-ਵੀਜ਼ਾ ਅਰਜ਼ੀਆਂ ਨੂੰ ਸਵੀਕਾਰ ਕਰੇਗੀ। ਦੁਰਾਈਸਵਾਮੀ ਨੇ ਟਵਿੱਟਰ ‘ਤੇ ਇੱਕ ਵੀਡੀਓ ਰਾਹੀਂ ਕਿਹਾ, ‘ਅੱਜ ਦੀ ਵੱਡੀ ਖ਼ਬਰ ਇਹ ਹੈ ਕਿ ਅਸੀਂ ਇੱਕ ਵਾਰ ਫਿਰ ਤੋਂ ਈ-ਵੀਜ਼ਾ ਸ਼ੁਰੂ ਕਰਨ ਜਾ ਰਹੇ ਹਾਂ। ਇਸ ਨਾਲ ਬਰਤਾਨੀਆ ਦੇ ਦੋਸਤ ਮੁਕਾਬਲਤਨ ਆਸਾਨੀ ਨਾਲ ਭਾਰਤ ਦੀ ਯਾਤਰਾ ਕਰ ਸਕਣਗੇ ਤੇ ਇਸ ਐਲਾਨ ਦੀ ਸ਼ਲਾਘਾ ਹੋ ਰਹੀ ਹੈ।’
ਬ੍ਰਿਟਿਸ਼ ਸੰਸਦ ਵਿੱਚ ਇਹ ਮੁੱਦਾ ਉਠਾਇਆ ਗਿਆ ਕਿ ਪਿਛਲੇ ਮਹੀਨੇ ਇੰਡੋਨੇਸ਼ੀਆ ਵਿੱਚ ਜੀ-20 ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੀ ਮੁਲਾਕਾਤ ਦੌਰਾਨ ਹੋਈ ਗੱਲਬਾਤ ਦੇ ਮੁੱਦਿਆਂ ਵਿੱਚ ਵੀ ਇਹ ਵਿਸ਼ਾ ਸ਼ਾਮਲ ਸੀ।
ਈ-ਵੀਜ਼ਾ ਦੇ ਐਲਾਨ ਤੋਂ ਪਹਿਲਾਂ, ਭਾਰਤੀ ਵੀਜ਼ਾ ਪ੍ਰਕਿਰਿਆ ਨੂੰ ਮਜ਼ਬੂਤ ਕਰਨ ਲਈ ਕਈ ਕਦਮ ਚੁੱਕੇ ਗਏ। ਇਨ੍ਹਾਂ ਵਿੱਚ ਕੇਂਦਰੀ ਲੰਡਨ ਵਿੱਚ ਇੱਕ ਨਵਾਂ ਭਾਰਤੀ ਵੀਜ਼ਾ ਕੇਂਦਰ ਖੋਲ੍ਹਣਾ ਅਤੇ ‘ਘਰ ਵਿੱਚ ਵੀਜ਼ਾ’ ਦੀ ਸਹੂਲਤ ਸ਼ੁਰੂ ਕਰਨਾ ਸ਼ਾਮਲ ਹੈ। ਕੋਵਿਡ ਮਹਾਂਮਾਰੀ ਦੇ ਬਾਅਦ ਯੂਕੇ ਤੋਂ ਭਾਰਤ ਦੀ ਯਾਤਰਾ ਦੀ ਵੱਧ ਰਹੀ ਮੰਗ ਨੂੰ ਪੂਰਾ ਕਰਨ ਲਈ ਇਹ ਕਦਮ ਚੁੱਕੇ ਜਾ ਰਹੇ ਹਨ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h