ਟੀ-20 ਵਿਸ਼ਵ ਕੱਪ ਦੇ ਇੱਕ ਅਹਿਮ ਮੈਚ ਵਿੱਚ ਦੱਖਣੀ ਅਫਰੀਕਾ ਨੇ ਭਾਰਤ ਨੂੰ ਪੰਜ ਵਿਕਟਾਂ ਨਾਲ ਹਰਾ ਦਿੱਤਾ। ਭਾਰਤ ਨੇ ਅਫਰੀਕੀ ਟੀਮ ਨੂੰ ਜਿੱਤ ਲਈ 134 ਦੌੜਾਂ ਦਾ ਟੀਚਾ ਦਿੱਤਾ ਸੀ, ਜਿਸ ਨੂੰ ਉਸ ਨੇ 20ਵੇਂ ਓਵਰ ਵਿੱਚ ਹਾਸਲ ਕਰ ਲਿਆ। ਦੱਖਣੀ ਅਫਰੀਕੀ ਟੀਮ ਦੀ ਜਿੱਤ ਦੇ ਹੀਰੋ ਅਰਧ ਸੈਂਕੜੇ ਲਗਾਉਣ ਵਾਲੇ ਏਡਨ ਮਾਰਕਰਮ ਅਤੇ ਡੇਵਿਡ ਮਿਲਰ ਰਹੇ।
ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ 20 ਓਵਰਾਂ ‘ਚ 9 ਵਿਕਟਾਂ ‘ਤੇ 133 ਦੌੜਾਂ ਹੀ ਬਣਾ ਸਕੀ। ਭਾਰਤ ਲਈ ਸੂਰਿਆ ਕੁਮਾਰ ਨੇ 40 ਗੇਂਦਾਂ ਵਿੱਚ 68 ਦੌੜਾਂ ਬਣਾਈਆਂ, ਜਿਸ ਵਿੱਚ ਛੇ ਚੌਕੇ ਅਤੇ ਤਿੰਨ ਛੱਕੇ ਸ਼ਾਮਲ ਸਨ। ਉਸ ਤੋਂ ਇਲਾਵਾ ਕੋਈ ਵੀ ਭਾਰਤੀ ਬੱਲੇਬਾਜ਼ ਕੁਝ ਖਾਸ ਯੋਗਦਾਨ ਨਹੀਂ ਦੇ ਸਕਿਆ। ਦੱਖਣੀ ਅਫ਼ਰੀਕਾ ਲਈ ਲੁੰਗੀ ਐਨਗਿਡੀ ਨੇ ਚਾਰ ਅਤੇ ਵੇਨ ਪਾਰਨੇਲ ਨੇ ਤਿੰਨ ਵਿਕਟਾਂ ਲਈਆਂ।
ਡੇਵਿਡ ਮਿਲਰ ਲਈ ਸਾਲ 2022 ਬਹੁਤ ਵਧੀਆ ਰਿਹਾ। ਉਸ ਨੇ ਅੱਜ ਇੱਕ ਵਾਰ ਫਿਰ ਇਹ ਗੱਲ ਸਾਬਤ ਕਰ ਦਿੱਤੀ ਹੈ। ਡੇਵਿਡ ਮਿਲਰ ਸਾਲ 2022 ਵਿੱਚ ਟੀ-20 ਵਿੱਚ ਦੌੜਾਂ ਦਾ ਪਿੱਛਾ ਕਰਦੇ ਹੋਏ 16 ਪਾਰੀਆਂ ਵਿੱਚ 14 ਵਾਰ ਨਾਟ ਆਊਟ ਰਿਹਾ ਹੈ। ਇਸ ਦੌਰਾਨ ਉਸ ਦੀ ਔਸਤ 280.50 ਅਤੇ ਸਟ੍ਰਾਈਕ ਰੇਟ 154 ਰਿਹਾ।