ਟੀਮ ਇੰਡੀਆ ਨੇ ਗੁਹਾਟੀ ‘ਚ ਦੱਖਣੀ ਅਫਰੀਕਾ ਖਿਲਾਫ ਦੂਜਾ ਟੀ-20 ਮੈਚ 16 ਦੌੜਾਂ ਨਾਲ ਜਿੱਤ ਲਿਆ ਹੈ। ਇਸ ਨਾਲ ਭਾਰਤ ਨੇ 3 ਮੈਚਾਂ ਦੀ ਟੀ-20 ਸੀਰੀਜ਼ ‘ਚ 2-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ। ਇਹ ਪਹਿਲਾ ਮੌਕਾ ਹੈ ਜਦੋਂ ਭਾਰਤ ਨੇ ਦੱਖਣੀ ਅਫਰੀਕਾ ਨੂੰ ਘਰੇਲੂ ਮੈਦਾਨ ‘ਤੇ ਟੀ-20 ਸੀਰੀਜ਼ ‘ਚ ਹਰਾਇਆ ਹੈ। ਦੱਖਣੀ ਅਫਰੀਕਾ ਨੇ ਅੰਤ ਤੱਕ ਸੰਘਰਸ਼ ਕਰਨ ਦੀ ਕੋਸ਼ਿਸ਼ ਕੀਤੀ, ਡੇਵਿਡ ਮਿਲਰ ਨੇ ਇੱਥੇ ਸੈਂਕੜਾ ਲਗਾਇਆ ਪਰ ਉਹ ਆਪਣੀ ਟੀਮ ਨੂੰ ਜਿੱਤ ਦਿਵਾਉਣ ਵਿੱਚ ਕਾਮਯਾਬ ਨਹੀਂ ਹੋ ਸਕਿਆ।
238 ਦੌੜਾਂ ਦੇ ਪਹਾੜੀ ਟੀਚੇ ਦਾ ਪਿੱਛਾ ਕਰਨ ਉਤਰੀ ਦੱਖਣੀ ਅਫਰੀਕਾ ਦੀ ਟੀਮ ਨੂੰ ਸ਼ੁਰੂਆਤ ‘ਚ ਹੀ ਝਟਕੇ ਲੱਗ ਗਏ। ਅਫਰੀਕਾ ਨੇ ਪਹਿਲੇ ਦੋ ਓਵਰਾਂ ਵਿੱਚ ਦੋ ਵਿਕਟਾਂ ਗੁਆ ਲਈਆਂ ਸਨ, ਜਿਸਦੇ ਨਾਲ ਟੀਮ ਨੇ 47 ਦੇ ਸਕੋਰ ‘ਤੇ 3 ਵਿਕਟਾਂ ਗੁਆ ਦਿੱਤੀਆਂ ਸਨ। ਪਰ ਇਸ ਤੋਂ ਬਾਅਦ ਡੇਵਿਡ ਮਿਲਰ ਅਤੇ ਕਵਿੰਟਨ ਡੀ ਕਾਕ ਦੀ ਸ਼ਾਨਦਾਰ ਬੱਲੇਬਾਜ਼ੀ ਦੇਖਣ ਨੂੰ ਮਿਲੀ।ਡੇਵਿਡ ਮਿਲਰ ਨੇ ਇੱਥੇ ਸੈਂਕੜਾ ਜੜਿਆ ਅਤੇ 47 ਗੇਂਦਾਂ ਵਿੱਚ 106 ਦੌੜਾਂ ਬਣਾਈਆਂ। ਮਿਲਰ ਨੇ ਆਪਣੀ ਪਾਰੀ ‘ਚ 8 ਚੌਕੇ ਅਤੇ 7 ਛੱਕੇ ਲਗਾਏ। ਦੂਜੇ ਪਾਸੇ ਕਵਿੰਟਨ ਡੀ ਕਾਕ ਨੇ 48 ਗੇਂਦਾਂ ‘ਚ 69 ਦੌੜਾਂ ਦੀ ਪਾਰੀ ਖੇਡੀ, ਦੋਵਾਂ ਖਿਡਾਰੀਆਂ ਵਿਚਾਲੇ ਸਿਰਫ 84 ਗੇਂਦਾਂ ‘ਚ 174 ਦੌੜਾਂ ਦੀ ਅਜੇਤੂ ਸਾਂਝੇਦਾਰੀ ਹੋਈ। ਪਰ ਉਹ ਆਪਣੀ ਟੀਮ ਨੂੰ ਜਿੱਤ ਦਿਵਾ ਨਹੀਂ ਸਕਿਆ ਅਤੇ ਦੱਖਣੀ ਅਫਰੀਕਾ ਨੂੰ 16 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।ਟੀਮ ਇੰਡੀਆ ਭਾਵੇਂ ਇਹ ਮੈਚ ਜਿੱਤ ਗਈ ਹੋਵੇ ਪਰ ਗੇਂਦਬਾਜ਼ੀ ਅਜੇ ਵੀ ਚਿੰਤਾ ਦਾ ਵਿਸ਼ਾ ਹੈ। ਕਿਉਂਕਿ ਇੰਨੇ ਵੱਡੇ ਸਕੋਰ ਤੋਂ ਬਾਅਦ ਵੀ ਸਿਰਫ਼ 16 ਦੌੜਾਂ ਦੀ ਜਿੱਤ ਕਾਫ਼ੀ ਨਹੀਂ ਹੈ। ਭਾਰਤ ਲਈ ਅਰਸ਼ਦੀਪ ਨੇ 4 ਓਵਰਾਂ ‘ਚ 62 ਦੌੜਾਂ, ਅਕਸ਼ਰ ਨੇ 4 ਓਵਰਾਂ ‘ਚ 53 ਦੌੜਾਂ ਅਤੇ ਹਰਸ਼ਲ ਪਟੇਲ ਨੇ 4 ਓਵਰਾਂ ‘ਚ 45 ਦੌੜਾਂ ਲੁਟੀਆਂ।
ਭਾਰਤ ਦੀ ਬੱਲੇਬਾਜ਼ੀ
ਟੀਮ ਇੰਡੀਆ ਨੇ ਇਸ ਮੈਚ ‘ਚ ਸ਼ਾਨਦਾਰ ਬੱਲੇਬਾਜ਼ੀ ਦਾ ਨਜ਼ਾਰਾ ਪੇਸ਼ ਕੀਤਾ ਅਤੇ ਅਫਰੀਕੀ ਟੀਮ ਦੀ ਗੇਂਦਬਾਜ਼ੀ ਦੀ ਕਮਰ ਤੋੜ ਦਿੱਤੀ। ਰੋਹਿਤ ਅਤੇ ਰਾਹੁਲ ਨੇ ਜਿਸ ਸੀਰੀਜ਼ ਦੀ ਸ਼ੁਰੂਆਤ ਕੀਤੀ, ਉਸ ਨੂੰ ਵਿਰਾਟ ਕੋਹਲੀ ਅਤੇ ਸੂਰਿਆਕੁਮਾਰ ਯਾਦਵ ਨੇ ਇਕ ਵੱਖਰੇ ਮੁਕਾਮ ‘ਤੇ ਪਹੁੰਚਾਇਆ। ਟੀਮ ਇੰਡੀਆ ਲਈ ਕੇਐੱਲ ਰਾਹੁਲ ਨੇ 28 ਗੇਂਦਾਂ ‘ਚ 57 ਦੌੜਾਂ ਬਣਾਈਆਂ, ਜਦਕਿ ਕਪਤਾਨ ਰੋਹਿਤ ਸ਼ਰਮਾ ਨੇ 37 ਗੇਂਦਾਂ ‘ਚ 43 ਦੌੜਾਂ ਬਣਾਈਆਂ।
ਟੀਮ ਇੰਡੀਆ ਲਈ ਸੂਰਿਆਕੁਮਾਰ ਯਾਦਵ ਹੀਰੋ ਸਾਬਤ ਹੋਏ, ਜਿਨ੍ਹਾਂ ਨੇ 22 ਗੇਂਦਾਂ ‘ਚ 61 ਦੌੜਾਂ ਬਣਾ ਕੇ ਅਫਰੀਕੀ ਗੇਂਦਬਾਜ਼ੀ ਨੂੰ ਤਬਾਹ ਕਰ ਦਿੱਤਾ। ਸੂਰਿਆ ਨੇ ਆਪਣੀ ਪਾਰੀ ‘ਚ 5 ਚੌਕੇ ਅਤੇ 5 ਛੱਕੇ ਲਗਾ ਕੇ ਸਿਰਫ 18 ਗੇਂਦਾਂ ‘ਚ ਅਰਧ ਸੈਂਕੜਾ ਪੂਰਾ ਕੀਤਾ। ਅੰਤ ਵਿੱਚ ਵਿਰਾਟ ਕੋਹਲੀ ਨੇ 28 ਗੇਂਦਾਂ ਵਿੱਚ 49 ਦੌੜਾਂ ਅਤੇ ਦਿਨੇਸ਼ ਕਾਰਤਿਕ ਨੇ 7 ਗੇਂਦਾਂ ਵਿੱਚ 22 ਦੌੜਾਂ ਬਣਾਈਆਂ। ਭਾਰਤ ਨੇ ਇੱਥੇ 237 ਦਾ ਵੱਡਾ ਸਕੋਰ ਬਣਾਇਆ, ਜੋ ਟੀ-20 ਕ੍ਰਿਕਟ ਵਿੱਚ ਉਸਦਾ ਚੌਥਾ ਸਭ ਤੋਂ ਵੱਡਾ ਸਕੋਰ ਸੀ।
ਭਾਰਤ ਨੇ ਟੀ-20 ਅੰਤਰਰਾਸ਼ਟਰੀ ਵਿੱਚ ਆਪਣਾ ਚੌਥਾ ਸਭ ਤੋਂ ਵੱਡਾ ਸਕੋਰ ਬਣਾਇਆ ਹੈ। ਇਸ ਮੈਚ ‘ਚ ਟੀਮ ਇੰਡੀਆ ਨੇ 20 ਓਵਰਾਂ ‘ਚ 3 ਵਿਕਟਾਂ ਦੇ ਨੁਕਸਾਨ ‘ਤੇ 237 ਦੌੜਾਂ ਬਣਾਈਆਂ। ਟੀ-20 ਇੰਟਰਨੈਸ਼ਨਲ ‘ਚ ਭਾਰਤ ਦਾ ਸਰਵੋਤਮ ਸਕੋਰ 260 ਦੌੜਾਂ ਹੈ, ਜੋ ਸ਼੍ਰੀਲੰਕਾ ਖਿਲਾਫ ਆਈ.
• 260/5 ਬਨਾਮ ਸ਼੍ਰੀਲੰਕਾ
• 244/4 ਬਨਾਮ ਵੈਸਟ ਇੰਡੀਜ਼
• 240/3 ਬਨਾਮ ਵੈਸਟ ਇੰਡੀਜ਼
• 237/3 ਬਨਾਮ ਦੱਖਣੀ ਅਫਰੀਕਾ
ਪਹਿਲੀ ਵਾਰ ਆਪਣੇ ਘਰ ਵਿੱਚ ਅਫ਼ਰੀਕਾ ਨੂੰ ਲਤਾੜਿਆ
ਟੀ-20 ਕ੍ਰਿਕਟ ‘ਚ ਇਹ ਪਹਿਲਾ ਮੌਕਾ ਹੈ ਜਦੋਂ ਟੀਮ ਇੰਡੀਆ ਨੇ ਦੱਖਣੀ ਅਫਰੀਕਾ ਨੂੰ ਘਰੇਲੂ ਮੈਦਾਨ ‘ਤੇ ਸੀਰੀਜ਼ ‘ਚ ਹਰਾਇਆ ਹੈ। ਦੋਵਾਂ ਟੀਮਾਂ ਵਿਚਾਲੇ ਇਹ ਚੌਥੀ ਟੀ-20 ਸੀਰੀਜ਼ ਹੈ, ਜੋ ਭਾਰਤ ‘ਚ ਹੋਈ ਹੈ। ਇਨ੍ਹਾਂ ‘ਚੋਂ ਇਕ ਦੱਖਣੀ ਅਫਰੀਕਾ ਨੇ ਜਿੱਤੀ ਸੀ, ਇਹ ਸੀਰੀਜ਼ ਹੁਣ ਭਾਰਤ ਦੇ ਨਾਂ ਹੋ ਗਈ ਹੈ। ਜਦਕਿ ਦੋ ਸੀਰੀਜ਼ ਬਰਾਬਰ ਰਹੀਆਂ।