ਸੀਨੀਅਰ ਭਾਰਤੀ ਪੁਲਿਸ ਸੇਵਾ (ਆਈਪੀਐਸ) ਅਧਿਕਾਰੀ ਤਪਨ ਕੁਮਾਰ ਡੇਕਾ ਨੂੰ ਇੰਟੈਲੀਜੈਂਸ ਬਿਊਰੋ ਦਾ ਮੁਖੀ ਬਣਾਇਆ ਗਿਆ ਹੈ। 24 ਜੂਨ ਸ਼ੁੱਕਰਵਾਰ ਨੂੰ ਅਮਲਾ, ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨ ਮੰਤਰਾਲੇ ਵੱਲੋਂ ਜਾਰੀ ਅਧਿਕਾਰਤ ਹੁਕਮ ਅਨੁਸਾਰ ਉਹ ਆਈਬੀ ਦੇ ਮੌਜੂਦਾ ਮੁਖੀ ਅਰਵਿੰਦ ਕੁਮਾਰ ਦੀ ਥਾਂ ਲੈਣਗੇ। ਮੌਜੂਦਾ ਆਈਬੀ ਮੁਖੀ ਦਾ ਵਧਿਆ ਕਾਰਜਕਾਲ 30 ਜੂਨ ਨੂੰ ਖਤਮ ਹੋ ਰਿਹਾ ਹੈ। ਇਸ ਦੇ ਨਾਲ ਹੀ ਰਾਅ ਚੀਫ਼ ਸਾਮੰਤ ਕੁਮਾਰ ਗੋਇਲ ਦੀਆਂ ਸੇਵਾਵਾਂ ‘ਚ ਇੱਕ ਵਾਰ ਫਿਰ ਇੱਕ ਸਾਲ ਦਾ ਵਾਧਾ ਕੀਤਾ ਗਿਆ ਹੈ।
ਪਰਸੋਨਲ ਮੰਤਰਾਲੇ ਵੱਲੋਂ ਜਾਰੀ ਅਧਿਕਾਰਤ ਹੁਕਮ ਮੁਤਾਬਕ ਡੇਕਾ ਫਿਲਹਾਲ ਆਈਬੀ ਦੇ ਆਪਰੇਸ਼ਨ ਵਿੰਗ ਦੀ ਜ਼ਿੰਮੇਵਾਰੀ ਸੰਭਾਲ ਰਹੇ ਹਨ। ਉਨ੍ਹਾਂ ਨੂੰ ਦੋ ਸਾਲਾਂ ਲਈ ਆਈਬੀ ਦਾ ਮੁਖੀ ਨਿਯੁਕਤ ਕੀਤਾ ਗਿਆ ਹੈ। ਉਹ ਹਿਮਾਚਲ ਪ੍ਰਦੇਸ਼ ਕੇਡਰ ਦੇ 1988 ਬੈਚ ਦੇ ਆਈਪੀਐਸ ਅਧਿਕਾਰੀ ਹਨ। ਇਕ ਹੋਰ ਹੁਕਮ ਵਿਚ, ਮੰਤਰਾਲੇ ਨੇ ਕਿਹਾ ਕਿ ਸਾਮੰਤ ਗੋਇਲ, ਜੋ ਕਿ ਖੁਫੀਆ ਏਜੰਸੀ ਖੋਜ ਅਤੇ ਵਿਸ਼ਲੇਸ਼ਣ ਵਿੰਗ (ਆਰਐਂਡਏਡਬਲਯੂ) ਦੇ ਮੁਖੀ ਹਨ, ਦਾ ਕਾਰਜਕਾਲ ਇਕ ਸਾਲ ਹੋਰ ਵਧਾ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਪੰਜਾਬ ਕੇਡਰ ਦੇ ਸੀਨੀਅਰ ਆਈਪੀਐਸ ਅਧਿਕਾਰੀ ਦਿਨਕਰ ਗੁਪਤਾ ਨੂੰ ਕੌਮੀ ਜਾਂਚ ਏਜੰਸੀ ਦਾ ਮੁਖੀ ਲਾਇਆ ਸੀ।
ਆਈਬੀ ਦੇ ਮੌਜੂਦਾ ਮੁਖੀ ਨੂੰ ਦੋ ਵਾਰ ਦਿੱਤਾ ਜਾ ਚੁੱਕਾ ਹੈ ਐਕਸਟੈਂਸ਼ਨ
ਕੇਂਦਰ ਸਰਕਾਰ ਦੇ ਇਕ ਉੱਚ ਅਧਿਕਾਰੀ ਨੇ ਦੱਸਿਆ ਕਿ ਮੌਜੂਦਾ ਇੰਟੈਲੀਜੈਂਸ ਬਿਊਰੋ ਦੇ ਮੁਖੀ ਅਰਵਿੰਦ ਕੁਮਾਰ, ਜੋ 1984 ਬੈਚ ਦੇ ਸੀਨੀਅਰ ਆਈਪੀਐਸ ਅਧਿਕਾਰੀ ਹਨ, ਦਾ ਕਾਰਜਕਾਲ 30 ਜੂਨ ਨੂੰ ਖਤਮ ਹੋ ਰਿਹਾ ਹੈ। ਇਸ ਤੋਂ ਪਹਿਲਾਂ ਵੀ ਉਨ੍ਹਾਂ ਨੂੰ ਦੋ ਵਾਰ ਐਕਸਟੈਂਸ਼ਨ ਦਿੱਤਾ ਜਾ ਚੁੱਕਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਇਸ ਵਾਰ ਅਰਵਿੰਦ ਕੁਮਾਰ ਨੇ ਆਪਣੀ ਸੇਵਾ ਵਿਚ ਵਾਧਾ ਨਾ ਕੀਤੇ ਜਾਣ ਵਿਚ ਦਿਲਚਸਪੀ ਦਿਖਾਈ ਸੀ। ਜ਼ਿਕਰਯੋਗ ਹੈ ਕਿ ਉੱਚ ਅਹੁਦਿਆਂ ‘ਤੇ ਸੇਵਾ ਦੇ ਲਗਾਤਾਰ ਵਾਧੇ ਕਾਰਨ ਇਸ ਤੋਂ ਹੇਠਲੇ ਅਧਿਕਾਰੀਆਂ ‘ਚ ਭਾਰੀ ਨਰਾਜ਼ਗੀ ਪ੍ਰਗਟਾਈ ਜਾ ਰਹੀ ਹੈ।
ਕੇਂਦਰ ਸਰਕਾਰ ਨੇ ਇਕ ਫੈਸਲਾ ਲੈਂਦਿਆਂ ਇੰਟੈਲੀਜੈਂਸ ਬਿਊਰੋ ਵਿਚ ਤਾਇਨਾਤ ਸਪੈਸ਼ਲ ਡਾਇਰੈਕਟਰ ਅਤੇ 1988 ਬੈਚ ਦੇ ਹਿਮਾਚਲ ਪ੍ਰਦੇਸ਼ ਕੇਡਰ ਦੇ ਸੀਨੀਅਰ ਆਈਪੀਐਸ ਅਧਿਕਾਰੀ ਤਪਨ ਕੁਮਾਰ ਡੇਕਾ ਨੂੰ ਇੰਟੈਲੀਜੈਂਸ ਬਿਊਰੋ ਦਾ ਮੁਖੀ ਬਣਾਉਣ ਦੇ ਹੁਕਮ ਜਾਰੀ ਕੀਤੇ ਹਨ। ਉਹ ਇਸ ਅਹੁਦੇ ‘ਤੇ 2 ਸਾਲਾਂ ਲਈ ਤਾਇਨਾਤ ਹਨ ਯਾਨੀ ਤਪਨ ਕੁਮਾਰ ਡੇਕਾ 1 ਜੁਲਾਈ 2022 ਤੋਂ 1 ਜੁਲਾਈ 2024 ਤੱਕ ਇੰਟੈਲੀਜੈਂਸ ਬਿਊਰੋ ਦੇ ਮੁਖੀ ਵਜੋਂ ਤਾਇਨਾਤ ਰਹਿਣਗੇ। ਕੇਂਦਰ ਸਰਕਾਰ ਦਾ ਇਹ ਸਟੈਂਡ ਇੱਕ ਦਿਨ ਪਹਿਲਾਂ ਉਸ ਸਮੇਂ ਸਾਹਮਣੇ ਆਇਆ ਜਦੋਂ 1987 ਬੈਚ ਦੇ ਸੀਨੀਅਰ ਆਈਪੀਐਸ ਅਧਿਕਾਰੀ ਇੰਟੈਲੀਜੈਂਸ ਬਿਊਰੋ ਵਿੱਚ ਤਾਇਨਾਤ ਸਪੈਸ਼ਲ ਡਾਇਰੈਕਟਰ ਸਵਾਗਤ ਦਾਸ ਨੂੰ ਆਈਬੀ ਵਿੱਚੋਂ ਹਟਾ ਕੇ ਕੇਂਦਰੀ ਗ੍ਰਹਿ ਮੰਤਰਾਲੇ ਵਿੱਚ ਅੰਦਰੂਨੀ ਸੁਰੱਖਿਆ ਦੇ ਵਿਸ਼ੇਸ਼ ਸਕੱਤਰ ਵਜੋਂ ਤਾਇਨਾਤ ਕੀਤਾ ਗਿਆ ਸੀ।