Online Portal for Journalists: ਸੁਖਾਲੀ ਅਤੇ ਪਾਰਦਰਸ਼ੀ ਪ੍ਰਕਿਰਿਆ ਦੀ ਦਿਸ਼ਾ ਵਿੱਚ ਇੱਕ ਕਦਮ ਹੋਰ ਵਧਾਉਂਦਿਆਂ ਪੰਜਾਬ ਦੇ ਸੂਚਨਾ ਅਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਪੰਜਾਬ ਸਿਵਲ ਸਕੱਤਰੇਤ-1 ਸਥਿਤ ਆਪਣੇ ਦਫ਼ਤਰ ਵਿਖੇ ਪੱਤਰਕਾਰਾਂ ਲਈ ਆਨਲਾਈਨ ਪੋਰਟਲ ਜਾਰੀ ਕੀਤਾ ਗਿਆ। ਇਹ ਪੋਰਟਲ ਪੱਤਰਕਾਰਾਂ ਨੂੰ ਮਾਨਤਾ ਹਾਸਲ ਕਰਨ ਸਬੰਧੀ ਪ੍ਰਕਿਰਿਆ ਨੂੰ ਸੁਖਾਲਾ ਬਣਾਏਗਾ। ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਇਸ ਪੋਰਟਲ ਨੂੰ ਐਨ.ਆਈ.ਸੀ. ਪੰਜਾਬ ਵੱਲੋਂ ਤਿਆਰ ਕੀਤਾ ਗਿਆ ਹੈ।
ਪੋਰਟਲ ਨੂੰ ਲਾਂਚ ਕਰਨ ਉਪਰੰਤ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਇਸ ਨਿਵੇਕਲੀ ਪਹਿਲਕਦਮੀ ਲਈ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਅਤੇ ਐਨਆਈਸੀ ਪੰਜਾਬ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਪਹਿਲ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੀ ਸੂਬੇ ਵਿੱਚ ਪੱਤਰਕਾਰੀ ਲਈ ਅਨੁਕੂਲ ਮਾਹੌਲ ਪੈਦਾ ਕਰਨ ਦੀ ਵਚਨਬੱਧਤਾ ਨੂੰ ਪ੍ਰਗਟਾਉਂਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪ੍ਰੈਸ ਨੂੰ ਆਜ਼ਾਦਾਨਾ ਮਾਹੌਲ ਦੇਣ ਅਤੇ ਨਿਰਪੱਖ ਤੇ ਜ਼ਿੰਮੇਵਾਰ ਪ੍ਰੈਸ ਨੂੰ ਹਰ ਸੰਭਵ ਸਹਿਯੋਗ ਦੇਣ ਲਈ ਵਚਨਬੱਧ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਅਪਣਾਈ ਗਈ ਪਾਰਦਰਸ਼ਤਾ ਦੀ ਨੀਤੀ ਨੂੰ ਪੱਤਰਕਾਰਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਰਕਾਰੀ ਸੇਵਾਵਾਂ ਵਿੱਚ ਵੀ ਲਾਗੂ ਕਰਨ ਦੀ ਦਿਸ਼ਾ ਵਿੱਚ ਇਹ ਕਦਮ ਪੁੱਟਿਆ ਗਿਆ ਹੈ ਤਾਂ ਜੋ ਪੱਤਰਕਾਰਾਂ ਨੂੰ ਸੂਚਨਾ ਤੇ ਲੋਕ ਸੰਪਰਕ ਵਿਭਾਗ ਨੂੰ ਸੇਵਾਵਾਂ ਹਾਸਲ ਕਰਨ ਸਮੇਂ ਪਾਰਦਰਸ਼ਤਾ, ਜਵਾਬਦੇਹੀ ਅਤੇ ਪਹੁੰਚ ਨੂੰ ਆਸਾਨ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਪੋਰਟਲ ਸੁਚਾਰੂ ਢੰਗ ਨਾਲ ਤਕਨਾਲੋਜੀ ਦੇ ਇਸਤੇਮਾਲ ਜ਼ਰੀਏ ਪੱਤਰਕਾਰਾਂ ਨੂੰ ਮਾਨਤਾ ਜਾਰੀ ਕਰਨ ਦੀ ਪ੍ਰਕਿਰਿਆ ਨੂੰ ਵਧੇਰੇ ਸਰਲ ਬਣਾਉਣ ਤੋਂ ਇਲਾਵਾ ਯਕੀਨੀ ਬਣਾਏਗਾ ਕਿ ਪੱਤਰਕਾਰਾਂ ਨੂੰ ਕੋਈ ਗ਼ੈਰ-ਜ਼ਰੂਰੀ ਪ੍ਰਸ਼ਾਸਕੀ ਅੜਚਣ ਨਾ ਆਵੇ ਅਤੇ ਉਹ ਪੂਰੀ ਤਰ੍ਹਾਂ ਸੁਤੰਤਰ ਹੋ ਕੇ ਆਪਣੇ ਕੰਮ ‘ਤੇ ਧਿਆਨ ਕੇਂਦਰਿਤ ਕਰ ਸਕਣ।
ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਇਸ ਅਤਿ-ਆਧੁਨਿਕ ਪੋਰਟਲ ਦੀ ਸ਼ੁਰੂਆਤ ਨਾਲ ਮਾਨਤਾ ਪ੍ਰਾਪਤ ਕਰਨ ਦੇ ਇਛੁੱਕ ਪੱਤਰਕਾਰ ਵਧੇਰੇ ਸੁਖਾਲੇ ਢੰਗ ਨਾਲ ਆਪਣੀ ਅਰਜ਼ੀ ਦੇ ਸਕਣਗੇ ਅਤੇ ਨਾਲ ਹੀ ਇਸ ਪਲੇਟਫਾਰਮ ਰਾਹੀਂ ਉਹ ਆਪਣੇ ਦਸਤਾਵੇਜ਼ ਜਮ੍ਹਾ ਕਰਵਾਉਂਦੇ ਹੋਏ ਆਪਣੇ ਵੇਰਵਿਆਂ ਦੀ ਪੁਸ਼ਟੀ ਕਰ ਸਕਣਗੇ ਜਿਸ ਸਦਕਾ ਵਧੇਰੇ ਕੁਸ਼ਲ ਅਤੇ ਪਾਰਦਰਸ਼ੀ ਢੰਗ ਨਾਲ ਨਿਰਧਾਰਤ ਸਮੇਂ ਅੰਦਰ ਉਹ ਮਾਨਤਾ ਪ੍ਰਾਪਤ ਕਰ ਸਕਣਗੇ।
ਇਸ ਮੌਕੇ ਓਐਸਡੀ/ਮੁੱਖ ਮੰਤਰੀ ਮੀਡੀਆ ਪੰਜਾਬ ਆਦਿਲ ਆਜ਼ਮੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣਾ ਅਹੁਦਾ ਸੰਭਾਲਣ ਮੌਕੇ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਸੀ ਕਿ ਪੱਤਰਕਾਰਾਂ ਨਾਲ ਸਬੰਧਤ ਸਾਰੇ ਮਾਮਲੇ ਪਹਿਲ ਦੇ ਆਧਾਰ ‘ਤੇ ਹੱਲ ਕੀਤੇ ਜਾਣ ਜਿਸ ਦੇ ਸਿੱਟੇ ਵਜੋਂ ਪੱਤਰਕਾਰਾਂ ਲਈ ਅੱਜ ਇਹ ਨਵਾਂ ਪ੍ਰਾਜੈਕਟ ਲਾਂਚ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਦਾ ਇਹ ਉਪਰਾਲਾ ਪੱਤਰਕਾਰਾਂ ਲਈ ਮੀਲ ਪੱਥਰ ਸਾਬਤ ਹੋਵੇਗਾ।
ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਸਕੱਤਰ ਮਾਲਵਿੰਦਰ ਸਿੰਘ ਜੱਗੀ ਨੇ ਦੱਸਿਆ ਕਿ ਇਹ ਆਨਲਾਈਨ ਐਕਰੀਡੇਸ਼ਨ ਪਲੇਟਫਾਰਮ ਪੱਤਰਕਾਰਾਂ ਨੂੰ ਮਾਨਤਾ ਲੈਣ ਸਬੰਧੀ ਆਪਣੀਆਂ ਅਰਜ਼ੀਆਂ ਆਨਲਾਈਨ ਜਮ੍ਹਾਂ ਕਰਾਉਣ ਦੀ ਸਹੂਲਤ ਪ੍ਰਦਾਨ ਕਰੇਗਾ ਜਿਸ ਨਾਲ ਮਾਨਤਾ ਲੈਣ ਸਬੰਧੀ ਲੰਮੀ ਕਾਗ਼ਜ਼ੀ ਕਾਰਵਾਈ ਅਤੇ ਦੇਰੀ ਦੀ ਪ੍ਰਕਿਰਿਆ ਹੁਣ ਬੀਤੇ ਦੀ ਗੱਲ ਹੋ ਜਾਵੇਗੀ। ਹੁਣ ਸਿਰਫ਼ ਕੁਝ ਕਲਿੱਕਾਂ ਨਾਲ ਪੱਤਰਕਾਰ, ਮਾਨਤਾ ਹਾਸਲ ਕਰਨ ਸਬੰਧੀ ਆਪਣੀ ਨਿੱਜੀ ਜਾਣਕਾਰੀ, ਮੀਡੀਆ ਅਦਾਰੇ ਦੇ ਵੇਰਵੇ ਅਤੇ ਸਬੰਧਤ ਦਸਤਾਵੇਜ਼ ਜਮ੍ਹਾਂ ਕਰਵਾ ਸਕਣਗੇ।
ਜੱਗੀ ਨੇ ਕਿਹਾ ਕਿ ਮਾਨਤਾ ਪ੍ਰਾਪਤ ਕਰਨ ਦੀ ਪ੍ਰਕਿਰਿਆ ਨੂੰ ਵਧੇਰੇ ਕਾਰਗਰ ਅਤੇ ਸੁਖਾਲਾ ਬਣਾਉਣ ਲਈ ਨਵੀਂ ਪ੍ਰਣਾਲੀ ਵਿੱਚ ਵੱਖ-ਵੱਖ ਵਿਸ਼ੇਸ਼ਤਾਵਾਂ ਸ਼ਾਮਲ ਹਨ ਜਿਵੇਂ ਕਿ ਇਸ ਪਲੇਟਫਾਰਮ ਜ਼ਰੀਏ ਪੱਤਰਕਾਰ ਆਪਣੇ ਕੰਮ ਕਰਨ ਵਾਲੀ ਥਾਂ (ਚਾਹੇ ਉਹ ਜ਼ਿਲ੍ਹਾ ਜਾਂ ਰਾਜ ਪੱਧਰ ‘ਤੇ ਹੋਵੇ) ਤੋਂ ਹੀ ਅਰਜ਼ੀ ਜਮ੍ਹਾਂ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਅਹਿਮ ਪਹਿਲਕਦਮੀ ਦਾ ਉਦੇਸ਼ ਮਾਨਤਾ ਜਾਰੀ ਕਰਨ ਦੀ ਪ੍ਰਕਿਰਿਆ ਨੂੰ ਵਧੇਰੇ ਸੁਚਾਰੂ ਬਣਾਉਣਾ, ਗ਼ੈਰ-ਜ਼ਰੂਰੀ ਦਖ਼ਲਅੰਦਾਜ਼ੀ ਅਤੇ ਮਨਜ਼ੂਰੀ ਜਾਰੀ ਕਰਨ ‘ਚ ਲਗਦੇ ਸਮੇਂ ਨੂੰ ਘਟਾਉਣਾ ਹੈ।
ਵਿਭਾਗ ਦੇ ਡਾਇਰੈਕਟਰ ਭੁਪਿੰਦਰ ਸਿੰਘ ਨੇ ਕਿਹਾ ਕਿ ਪੱਤਰਕਾਰਾਂ ਨੂੰ ਹੁਣ ਮਾਨਤਾ ਲੈਣ ਲਈ ਦਫ਼ਤਰਾਂ ਦੇ ਗੇੜੇ ਲਾਉਣ ਦੀ ਲੋੜ ਨਹੀਂ ਪਵੇਗੀ ਅਤੇ ਉਹ ਕਿਸੇ ਵੀ ਥਾਂ ਤੋਂ ਆਪਣੀ ਅਰਜ਼ੀ ਜਮ੍ਹਾਂ ਕਰਵਾ ਸਕਣਗੇ। ਉਨ੍ਹਾਂ ਕਿਹਾ ਕਿ ਇਹ ਨਿਵੇਕਲੀ ਪਹਿਲ ਵੱਖ-ਵੱਖ ਖੇਤਰਾਂ ਵਿੱਚ ਕੰਮ ਕਰਦੇ ਪੱਤਰਕਾਰਾਂ ਦੇ ਸਮੇਂ ਅਤੇ ਸਰੋਤਾਂ ਦੀ ਬੱਚਤ ਕਰੇਗੀ।
IPR Minister Chetan Singh @Jouramajra launched an online portal, designed to streamline the process of journalists obtaining their accreditation. The portal, designed for the DIPR and developed by NIC Punjab, promises to revolutionize process of issuing identity to media persons. pic.twitter.com/EjQdjCZAnd
— Government of Punjab (@PunjabGovtIndia) August 2, 2023
ਇਸ ਮੌਕੇ ਡਿਪਟੀ ਡਾਇਰੈਕਟਰ (ਪ੍ਰੈਸ) ਇਸ਼ਵਿੰਦਰ ਸਿੰਘ ਗਰੇਵਾਲ, ਡਿਪਟੀ ਡਾਇਰੈਕਟਰ ਗੁਰਮੀਤ ਸਿੰਘ ਖਹਿਰਾ, ਡੀਡੀਜੀ ਅਤੇ ਐਸਆਈਓ ਪੰਜਾਬ ਵਿਵੇਕ ਸ਼ਰਮਾ, ਸੀਨੀਅਰ ਡਾਇਰੈਕਟਰ ਅਤੇ ਏਐਸਆਈਓ (ਡੀ) ਊਸ਼ਾ ਰਾਏ ਅਤੇ ਡਾਇਰੈਕਟਰ (ਆਈਟੀ) ਪੰਕਜ ਜੈਨ ਵੀ ਮੌਜੂਦ ਰਹੇ।
ਆਨਲਾਈਨ ਐਕਰੀਡੇਸ਼ਨ ਪੋਰਟਲ ਕਿਵੇਂ ਕੰਮ ਕਰੇਗਾ
ਵਿਭਾਗ ਦੇ ਪੋਰਟਲ https://eservices.punjab.gov.in ‘ਤੇ ਇੱਕ ਵਾਰ ਅਰਜ਼ੀਆਂ ਜਮ੍ਹਾਂ ਹੋਣ ਤੋਂ ਬਾਅਦ, ਸਿਸਟਮ ਖ਼ੁਦ ਉਨ੍ਹਾਂ ਨੂੰ ਪ੍ਰਵਾਨਗੀ ਲਈ ਰਾਜ ਪੱਧਰ ‘ਤੇ ਅਥਾਰਟੀ ਕੋਲ ਭੇਜੇਗਾ। ਦਸਤੀ ਦਖ਼ਲਅੰਦਾਜ਼ੀ ਖ਼ਤਮ ਹੋਣ ਨਾਲ ਅਰਜ਼ੀਆਂ ਵਿਚਾਰਨ ਦੀ ਪ੍ਰਕਿਰਿਆ ਵਿੱਚ ਤੇਜ਼ੀ ਆਵੇਗੀ, ਜੋ ਨਿਰਧਾਰਤ ਸਮੇਂ ਅੰਦਰ ਮਾਨਤਾ ਜਾਰੀ ਕਰਨ ਨੂੰ ਯਕੀਨੀ ਬਣਾਏਗਾ।
ਇਸ ਦੇ ਨਾਲ ਹੀ ਬਿਨੈਕਾਰ ਨੂੰ ਆਪਣੀ ਅਰਜ਼ੀ ਦੀ ਸਥਿਤੀ ਅਤੇ ਇਸ ਦੀ ਪ੍ਰਵਾਨਗੀ ਵਿੱਚ ਲੱਗਣ ਵਾਲੇ ਸੰਭਾਵਿਤ ਸਮੇਂ ਬਾਰੇ ਐਸ.ਐਮ.ਐਸ. ਅਤੇ ਈ.ਮੇਲ. ਪ੍ਰਾਪਤ ਹੋਵੇਗੀ, ਜੋ ਪੱਤਰਕਾਰਾਂ ਨੂੰ ਆਪਣੀ ਕਵਰੇਜ ਸਮਾਂ-ਸਾਰਣੀ ਤਿਆਰ ਕਰਨ ਵਿੱਚ ਵਧੇਰੇ ਸਹਾਈ ਹੋਵੇਗਾ।
ਇਹ ਪੋਰਟਲ ਅਰਜ਼ੀ ਸਬੰਧੀ ਕਿਸੇ ਵੀ ਤਰ੍ਹਾਂ ਦੇ ਇਤਰਾਜ਼ ਨੂੰ ਆਨਲਾਈਨ ਨਿਪਟਾਉਣ ਦੀ ਸਹੂਲਤ ਵੀ ਮੁਹੱਈਆ ਕਰਵਾਉਂਦਾ ਹੈ। ਬਿਨੈਕਾਰਾਂ ਨੂੰ ਦਫ਼ਤਰਾਂ ਦੇ ਗ਼ੈਰ-ਜ਼ਰੂਰੀ ਗੇੜੇ ਲਾਉਣ ਦੀ ਲੋੜ ਨਹੀਂ ਪਵੇਗੀ ਅਤੇ ਉਹ ਇਤਰਾਜ਼ਾਂ ਨੂੰ ਆਨਲਾਈਨ ਹੀ ਨਿਪਟਾਉਣ ਲਈ ਢੁਕਵੀਂ ਕਾਰਵਾਈ ਕਰ ਸਕਣਗੇ।
ਸਰਕਾਰੀ ਅਥਾਰਟੀਆਂ, ਮੀਡੀਆ ਸੰਸਥਾਵਾਂ ਅਤੇ ਐਨ.ਆਈ.ਸੀ. ਦਰਮਿਆਨ ਨਜ਼ਦੀਕੀ ਤਾਲਮੇਲ ਰਾਹੀਂ ਤਿਆਰ ਇਹ ਪੋਰਟਲ ਪੱਤਰਕਾਰਾਂ ਨੂੰ ਵੱਖ-ਵੱਖ ਸਹੂਲਤਾਂ ਪ੍ਰਦਾਨ ਕਰੇਗਾ ਤਾਂ ਜੋ ਉਹ ਆਪਣੀਆਂ ਡਿਊਟੀਆਂ ਬਿਨਾਂ ਕਿਸੇ ਮੁਸ਼ਕਿਲ ਦੇ ਪ੍ਰਭਾਵੀ ਢੰਗ ਨਾਲ ਨਿਭਾ ਸਕਣ। ਆਨਲਾਈਨ ਸਹੂਲਤਾਂ ਜ਼ਰੀਏ ਇਹ ਪਲੇਟਫਾਰਮ ਮਾਨਤਾ ਜਾਰੀ ਕਰਨ ਦੀ ਪ੍ਰਕਿਰਿਆ ਨੂੰ ਵਧੇਰੇ ਸੁਖਾਲਾ, ਪਾਰਦਰਸ਼ੀ ਅਤੇ ਸੁਚਾਰੂ ਬਣਾਏਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h