ਸਾਬਕਾ ਐੱਮਪੀ ਜਗਮੀਤ ਬਰਾੜ (Jagmeet Brar) ਅਨੁਸ਼ਾਸਨੀ ਕਮੇਟੀ ਅੱਗੇ ਅੱਜ ਪੇਸ਼ ਨਹੀਂ ਹੋਏ ਜਿਸ ਤੋਂ ਬਾਅਦ ਉਨ੍ਹਾਂ ਦੀ ਅਕਾਲੀ ਦਲ ‘ਚੋਂ ਪੱਕੀ ਛੁੱਟੀ ਕਰ ਦਿੱਤੀ ਗਈ ਹੈ। ਬਰਾੜ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਛੇ ਸਾਲ ਲਈ ਬਾਹਰ ਕੱਢ ਦਿੱਤਾ ਗਿਆ ਹੈ। ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਸਿਕੰਦਰ ਸਿੰਘ ਮਲੂਕਾ (Sikandar Singh Maluka) ਨੇ ਦੱਸਿਆ ਕਿ ਕਮੇਟੀ ਨੇ ਬਰਾੜ ਨੂੰ ਪਾਰਟੀ ਨੇ ਬਹੁਤ ਸਨਮਾਨ ਦਿੱਤਾ। ਹਾਲਾਂਕਿ ਬਰਾੜ ਦੀ ਪਾਰਟੀ ਨੂੰ ਕੋਈ ਦੇਣ ਨਹੀਂ ਸੀ। ਉਨ੍ਹਾਂ ਨੂੰ ਸੀਨੀਅਰ ਮੀਤ ਪ੍ਰਧਾਨ ਬਣਾਇਆ, ਕੋਰ ਕਮੇਟੀ ਮੈਂਬਰ ਬਣਾਇਆ ਪਰ ਉਹ ਪਿਛਲੇ ਸੁਭਾਅ ਮੁਤਾਬਿਕ ਟਿਕ ਕੇ ਨਹੀਂ ਰਹਿ ਸਕੇ। ਉਨ੍ਹਾਂ ਕਿਹਾ ਕਿ ਕਿਸੇ ਦੇ ਖਿਲਾਫ਼ ਕਾਰਵਾਈ ਔਖੇ ਮਨ ਨਾਲ ਕਰਨੀ ਪੈਂਦੀ ਹੈ ਕਿਉਂਕਿ ਅਨੁਸ਼ਾਸਨਹੀਣਤਾ ਕਾਰਨ ਪਾਰਟੀ ਚੱਲਦੀ ਨਹੀਂ। ਉਨ੍ਹਾਂ ਕਿਹਾ ਕਿ ਬਰਾੜ ਟਾਇਮ ਲੈ ਕੇ ਵੀ ਨਹੀਂ ਪਹੁੰਚੇ। ਚੰਗਾ ਹੁੰਦਾ ਕਿ ਅੱਜ ਆ ਕੇ ਆਪਣਾ ਪੱਖ ਰੱਖਦੇ ਤਾਂ ਜੋ ਉਨ੍ਹਾਂ ਦੀ ਸੁਣਵਾਈ ਕਰ ਕੇ ਫੈਸਲਾ ਲੈਂਦੇ।
ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਬਰਾੜ ਨੇ ਬੀਬੀ ਜਗੀਰ ਕੌਰ ਵਲੋਂ ਰੱਖੀ ਮੀਟਿੰਗ ‘ਚ ਸ਼ਾਮਲ ਹੋ ਕੇ ਇਕ ਹੋਰ ਅਨੁਸ਼ਾਸ਼ਨਹੀਣਤਾ ਕੰਮ ਕੀਤਾ ਸੀ। ਉਨ੍ਹਾਂ ਕਿਹਾ ਕਿ ਬਰਾੜ ਸਿੱਖ ਫਲਸਫੇ ਦੀਆਂ ਗੱਲਾਂ ਕਰਦੇ ਹਨ…ਲੰਬਾ ਸਮਾਂ ਉਹ ਕਾਂਗਰਸ ‘ਚ ਰਹੇ ਹਨ ਫਿਰ ਉਨ੍ਹਾਂ ਨੂੰ ਕਾਂਗਰਸ ਕਿਵੇਂ ਚੰਗੀ ਲੱਗਦੀ ਸੀ ਜਿਨ੍ਹਾਂ ਦਰਬਾਰ ਸਾਹਿਬ ‘ਤੇ ਹਮਲਾ ਕੀਤਾ ਤੇ ਦਿੱਲੀ ਦੰਗੇ ਕਰਵਾਏ।
ਪੰਜਾਬੀ ਜਾਗਰਣ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਉਹ ਕਿਤੇ ਬਾਹਰ ਹਨ ਜਿਸ ਕਾਰਨ ਅੱਜ ਕਮੇਟੀ ਅੱਗੇ ਪੇਸ਼ ਹੋਣਾ ਮੁਨਾਸਿਬ ਨਹੀਂ ਹੈ। ਜਗਮੀਤ ਬਰਾੜ ਦਾ ਕਹਿਣਾ ਕਿ ਅਕਾਲੀ ਦਲ ਦਾ ਜਥੇਬੰਦਕ ਢਾਂਚਾ ਗੈਰ-ਸੰਵਿਧਾਨਕ ਹੈ। ਇਸਦਾ ਨੁਕਸਾਨ ਅਕਾਲੀ ਦਲ ਨੂੰ ਆਉਣ ਵਾਲੇ ਸਮੇਂ ਭੁਗਤਣਾ ਪਵੇਗਾ। ਉਨ੍ਹਾਂ ਕਿਹਾ ਕਿ ਅਨੁਸ਼ਾਸਨੀ ਕਮੇਟੀ ਕਿਵੇਂ ਨਿਆਂ ਕਰੇਗੀ, ਇਹ ਸਮੁੱਚਾ ਸਿੱਖ ਜਗਤ ਦੇਖੇਗਾ। ਹਾਲਾਂਕਿ ਉਨ੍ਹਾਂ ਨੇ ਸਪੱਸ਼ਟੀਕਰਨ ਲਿਖਤੀ ਰੂਪ ‘ਚ ਅਨੁਸ਼ਾਸਨਿਕ ਕਮੇਟੀ ਨੂੰ ਭੇਜ ਦਿੱਤਾ ਹੈ ਤੇ ਇਸ ਦੀ ਇਕ ਕਾਪੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਭੇਜ ਦਿੱਤੀ ਹੈ।
ਉੱਥੇ ਹੀ ਸੁਰਜੀਤ ਸਿੰਘ ਅਬਲੋਵਾਲ ਨੂੰ ਵੀ ਅੱਜ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਨੇ ਸੱਦਿਆ ਹੋਇਆ ਹੈ। ਸੁਰਜੀਤ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਪ੍ਰਧਾਨ ਦੀ ਚੋਣ ‘ਚ ਬੀਬੀ ਜਗੀਰ ਕੌਰ ਦੇ ਹੱਕ ਚ ਲਾਮਬੰਦੀ ਕਰਨ ਦਾ ਦੋਸ਼ ਹੈ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h