ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ-ਕਸ਼ਮੀਰ ‘ਚ ਡਾਇਰੈਕਟਰ ਜਨਰਲ ਆਫ਼ ਪੁਲਿਸ (ਜੇਲ੍ਹਾਂ) ਹੇਮੰਤ ਕੁਮਾਰ ਲੋਹੀਆ ਦੀ ਹੱਤਿਆ ਤੋਂ ਸਮੁੱਚਾ ਪ੍ਰਸ਼ਾਸਨਿਕ ਸਟਾਫ਼ ਸਦਮੇ ‘ਚ ਹੈ। ਉਸ ਦੇ ਘਰੇਲੂ ਨੌਕਰ ਯਾਸਿਰ ਅਹਿਮਦ ਦਾ ਨਾਂ ਮੁੱਖ ਸ਼ੱਕੀ ਵਜੋਂ ਸਾਹਮਣੇ ਆਇਆ ਹੈ। ਘਟਨਾ ਦੇ ਬਾਅਦ ਤੋਂ ਯਾਸਿਰ ਫਰਾਰ ਸੀ, ਜਿਸ ਨੂੰ ਪੁਲਿਸ ਨੇ ਮੰਗਲਵਾਰ ਨੂੰ ਗ੍ਰਿਫਤਾਰ ਕਰ ਲਿਆ।
ਪੁਲਿਸ ਨੇ ਉਸ ਦੀ ਗ੍ਰਿਫਤਾਰੀ ਲਈ ਵੱਡੇ ਪੱਧਰ ‘ਤੇ ਮੁਹਿੰਮ ਚਲਾਈ ਸੀ। ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਸੀ ਤਾਂ ਜੋ ਸ਼ੱਕੀ ਇਲਾਕਾ ਛੱਡ ਨਾ ਸਕੇ। ਇਸ ਦੌਰਾਨ ਸ਼ੱਕੀ ਕਾਤਲ ਯਾਸਿਰ ਅਹਿਮਦ ਦੀ ਡਾਇਰੀ ਬਰਾਮਦ ਹੋਈ, ਜਿਸ ਤੋਂ ਉਸ ਦੀ ਮਾਨਸਿਕ ਸਥਿਤੀ ਦਾ ਪਤਾ ਲੱਗਦਾ ਹੈ। ਇਸ ਦੇ ਨਾਲ ਹੀ ਮ੍ਰਿਤਕ ਹੇਮੰਤ ਕੁਮਾਰ ਲੋਹੀਆਂ ਦੀ ਰਿਹਾਇਸ਼ ‘ਤੇ ਉੱਚ ਅਧਿਕਾਰੀਆਂ ਦੀ ਆਵਾਜਾਈ ਲਗਾਤਾਰ ਜਾਰੀ ਹੈ।
ਲੋਹੀਆ ਨੂੰ ਅਗਸਤ ਵਿੱਚ ਡਾਇਰੈਕਟਰ ਜਨਰਲ ਆਫ਼ ਪੁਲਿਸ (ਜੇਲ੍ਹਾਂ) ਬਣਾਇਆ ਗਿਆ ਸੀ। ਐਡੀਸ਼ਨਲ ਡਾਇਰੈਕਟਰ ਜਨਰਲ ਆਫ ਪੁਲਿਸ ਨੇ ਕਿਹਾ ਕਿ ਅਪਰਾਧ ਸੀਨ ਦੀ ਪਹਿਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਇਹ ਕਤਲ ਦਾ ਸ਼ੱਕੀ ਮਾਮਲਾ ਹੈ। “ਅਧਿਕਾਰੀ ਦਾ ਘਰੇਲੂ ਨੌਕਰ ਫਰਾਰ ਹੈ। ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।” ਸਿੰਘ ਨੇ ਕਿਹਾ ਕਿ ਫੋਰੈਂਸਿਕ ਅਤੇ ਅਪਰਾਧ ਜਾਂਚ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਹਨ। ਉਨ੍ਹਾਂ ਕਿਹਾ ਕਿ ਜਾਂਚ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਸੀਨੀਅਰ ਅਧਿਕਾਰੀ ਮੌਕੇ ‘ਤੇ ਮੌਜੂਦ ਹਨ।” ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਪੁਲਿਸ ਪਰਿਵਾਰ ਆਪਣੇ ਸੀਨੀਅਰ ਅਧਿਕਾਰੀ ਦੀ ਮੌਤ ‘ਤੇ ਦੁੱਖ ਪ੍ਰਗਟ ਕਰਦਾ ਹੈ। ਭਾਰਤੀ ਪੁਲਿਸ ਸੇਵਾ ਦੇ ਅਧਿਕਾਰੀ ਐਚ ਕੇ ਲੋਹੀਆ ਨੂੰ ਦੋ ਮਹੀਨੇ ਪਹਿਲਾਂ ਜੰਮੂ-ਕਸ਼ਮੀਰ ਦੇ ਜੇਲ੍ਹ ਵਿਭਾਗ ਦਾ ਨਵਾਂ ਡਾਇਰੈਕਟਰ ਜਨਰਲ ਆਫ਼ ਪੁਲਿਸ ਨਿਯੁਕਤ ਕੀਤਾ ਗਿਆ ਸੀ।