Jalandhar Election News: ਜਲੰਧਰ ਲੋਕ ਸਭਾ ਸੀਟ ‘ਤੇ ਹੋਈ ਜ਼ਿਮਨੀ ਚੋਣ ਲਈ ਸ਼ਨੀਵਾਰ ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋਈ। ਵੋਟਾਂ ਦੀ ਗਿਣਤੀ ਦੇ ਸ਼ੁਰੂਆਤੀ ਰੁਝਾਨ ਆਮ ਆਦਮੀ ਪਾਰਟੀ ਲਈ ਖੁਸ਼ੀ ਲੈ ਕੇ ਆਏ। ‘ਆਪ’ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਵੱਡੀ ਲੀਡ ਦੇ ਨਾਲ ਅੱਗੇ ਚੱਲ ਰਹੇ ਹਨ।
ਜਲੰਧਰ ਕਾਂਗਰਸ ਦਾ ਗੜ੍ਹ
ਦੱਸ ਦਈਏ ਕਿ ਜਲੰਧਰ ਲੋਕ ਸਭਾ ਸੀਟ ਨੂੰ ਕਾਂਗਰਸ ਦਾ ਗੜ੍ਹ ਮੰਨਿਆ ਜਾਂਦਾ ਹੈ। ਕਾਂਗਰਸ 1999 ਤੋਂ ਲਗਾਤਾਰ ਇਹ ਸੀਟ ਜਿੱਤਦੀ ਆ ਰਹੀ ਹੈ। ਅਜਿਹੇ ‘ਚ ਆਮ ਆਦਮੀ ਪਾਰਟੀ ਨੇ ਜਿੱਤੇ ਨਾਲ ਕਾਂਗਰਸ ਸਮੇਤ ਹੋਰ ਪਾਰਟੀਆਂ ਨੂੰ ਵੀ ਹੈਰਾਨ ਕਰ ਦਿੱਤਾ ਹੈ। ਪਿਛਲੀ ਵਾਰ ਲਗਾਤਾਰ 4 ਵਾਰ ਇੱਥੋਂ ਕਾਂਗਰਸ ਜਿੱਤਦੀ ਆਈ ਹੈ। ਅਜਿਹੇ ‘ਚ ਕਾਂਗਰਸ ਦੇ ਸਾਹਮਣੇ ਗੜ੍ਹ ਬਚਾਉਣ ਦੀ ਚੁਣੌਤੀ ਸੀ। ਹਾਲਾਂਕਿ ਚੋਣ ਪ੍ਰਚਾਰ ਵਿੱਚ ਕਾਂਗਰਸ ਨੂੰ ਇੱਥੇ ਕੇਂਦਰੀ ਆਗੂਆਂ ਦਾ ਕੋਈ ਸਹਿਯੋਗ ਨਹੀਂ ਮਿਲਿਆ। ਕਾਂਗਰਸ ਹਾਈਕਮਾਂਡ ਕਰਨਾਟਕ ਵਿਧਾਨ ਸਭਾ ਚੋਣਾਂ ਵਿੱਚ ਰੁੱਝੀ ਰਹੀ ਤੇ ਕੋਈ ਵੀ ਵੱਡਾ ਆਗੂ ਜਲੰਧਰ ਵਿੱਚ ਚੋਣ ਪ੍ਰਚਾਰ ਕਰਨ ਨਹੀਂ ਆਇਆ।
ਇਸ ਦੇ ਨਾਲ ਹੀ ਪੰਜਾਬ ਕਾਂਗਰਸ ਦੇ ਨੇਤਾਵਾਂ ‘ਚ ਤਲਖ਼ੀ ਨੇ ਵੀ ਇੱਕ ਵਾਰ ਫਿਰ ਕਾਂਗਰਸ ਨੂੰ ਹਾਰ ਦਾ ਸਾਹਮਣਾ ਕਰਵਾਇਆ ਹੈ। ਇਨ੍ਹਾਂ ਜ਼ਿਮਣੀ ਚੋਣਾਂ ‘ਚ ਹਾਲ ਹੀ ‘ਚ ਜੇਲ੍ਹ ਚੋਂ ਬਾਹਰ ਆਏ ਕਾਂਗਰਸ ਦੇ ਸੀਨੀਅਰ ਨੇਤਾ ਨਵਜੋਤ ਸਿੰਘ ਸਿੱਧੂ ਨੇ ਵੀ ਪੂਰੀ ਵਾਹ ਲਾਈ। ਇਸ ਦੇ ਨਾਲ ਹੀ ਸਾਬਕਾ ਮੁੱਖ ਮੰਤਰੀ ਰਹੇ ਚਰਨਜੀਤ ਸਿੰਘ ਚੰਨੀ ਨੇ ਵੀ ਆਪਣੀ ਉਮੀਦਵਾਰ ਕਰਮਜੀਤ ਕੌਰ ਚੌਧਰੀ ਲਈ ਚੋਣ ਪ੍ਰਚਾਰ ਕੀਤਾ।
ਇਸ ਸਭ ਦੇ ਨਾਲ ਹੀ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਹੁੰਦਿਆਂ ਇਹ ਦੂਜੇ ਜ਼ਿਮਨੀ ਚੋਣਾਂ ਹਨ ਜਿਨ੍ਹਾਂ ‘ਚ ਕਾਂਗਰਸ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਹੈ। ਜਿਸ ਤੋਂ ਬਾਅਦ ਕਾਂਗਰਸ ‘ਚ ਵੱਡੇ ਫੇਰਬਦਲ ਹੋ ਸਕਦੇ ਹਨ। ਕਿਉਂਕਿ ਕਾਂਗਰਸ ਦੇ ਕਈ ਆਗੂ ਉਨ੍ਹਾਂ ਨੂੰ ਆਪਣਾ ਪ੍ਰਧਾਨ ਮੰਨਣ ਲਈ ਤਿਆਰ ਨਹੀਂ। ਅਜਿਹੇ ਹੀ ਕਈ ਕਾਰਨ ਹਨ ਜਿਨ੍ਹਾਂ ਨੇ ਕਾਂਗਰਸ ਨੂੰ ਹਾਰ ਵੱਲ ਧੱਕਿਆ ਹੈ।
ਜ਼ਿਮਨੀ ਚੋਣਾਂ ਨੂੰ ‘ਆਪ’ ਦੀ ਇੱਕ ਸਾਲ ਦੀ ਕਾਰਗੁਜ਼ਾਰੀ ਦਾ ਮਿਲਿਆ ਫਲ
ਇੱਕ ਵਾਰ ਫਿਰ ਚਲਿਆ ਕੇਜਰੀਵਾਲ ਦਾ ਜਾਦੂ
ਜਲੰਧਰ ਲੋਕ ਸਭਾ ਸੀਟ ਜਿੱਤਣ ਲਈ ਆਮ ਆਦਮੀ ਪਾਰਟੀ ਨੇ ਆਪਣੀ ਪੂਰੀ ਤਾਕਤ ਲਗਾ ਦਿੱਤੀ ਸੀ। ‘ਆਪ’ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਦੋ ਦਿਨਾਂ ਤੋਂ ਜਲੰਧਰ ਵਿੱਚ ਡੇਰੇ ਲਗਾਏ ਸੀ। ਮੁੱਖ ਮੰਤਰੀ ਭਗਵੰਤ ਮਾਨ ਤੇ ਕੇਜਰੀਵਾਲ ਨੇ ਜਲੰਧਰ ਲੋਕ ਸਭਾ ਹਲਕਾ ਸ਼ਾਹਕੋਟ ਦੇ ਇੱਕ ਕੋਨੇ ਤੋਂ ਸ਼ੁਰੂ ਹੋ ਕੇ ਦੂਜੇ ਕੋਨੇ ਆਦਮਪੁਰ ਤੱਕ ਰੋਡ ਸ਼ੋਅ ਕੀਤਾ। ਜਿਸ ਦਾ ਲਾਭ ਉਸ ਨੂੰ ਜਨਤਾ ਨੇ ਵੋਟਾਂ ਦੇ ਰੂਪ ਵਿੱਚ ਦਿੱਤਾ।
ਚੋਣ ਪ੍ਰਚਾਰ ਦੌਰਾਨ ਕੇਜਰੀਵਾਲ ਨੇ ਕਿਹਾ ਸੀ ਕਿ ਲੋਕ ਸਭਾ ‘ਚ ਜਦੋਂ ਆਮ ਆਦਮੀ ਪਾਰਟੀ ਦਾ ਇਤਿਹਾਸ ਲਿਖਿਆ ਜਾਵੇਗਾ, ਜਦੋਂ ਕੇਂਦਰ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ ਤਾਂ ਪੁੱਛਿਆ ਜਾਵੇਗਾ ਕਿ ਪਹਿਲਾ ਸੰਸਦ ਮੈਂਬਰ ਕੌਣ ਸੀ। ਇਸ ਲਈ ਭਗਵੰਤ ਮਾਨ ਦਾ ਨਾਂ ਲਿਆ ਜਾਵੇਗਾ। ਕੇਜਰੀਵਾਲ ਨੇ ਕਿਹਾ ਸੀ ਕਿ ਇਸ ਵਾਰ ਜਲੰਧਰ ਲੋਕ ਸਭਾ ਤੋਂ ਆਮ ਆਦਮੀ ਪਾਰਟੀ ਦੇ ਐਮਪੀ ਲੋਕਸਭਾ ਜਾਣਗੇ। ਤੇ ਜਦੋਂ ਉਹ ਚੰਗਾ ਕੰਮ ਕਰਕੇ ਦਿਖਾਉਣਗੇ ਤਾਂ ਅਗਲੇ ਸਾਲ ਪੰਜਾਬ ਤੋਂ 13 ਚੋਂ 13 ਸੰਸਦ ਮੈਂਬਰ ਲੋਕ ਸਭਾ ਦੇ ਅੰਦਰ ਜਾਣਗੇ।
ਰਿੰਕੂ ‘ਤੇ ਭਰੋਸਾ ਕਰਨਾ ‘ਆਪ’ ਲਈ ਰਿਹਾ ਫਾਇਦੇ ਦਾ ਸੌਦਾ
ਦੱਸ ਦੇਈਏ ਕਿ ਜਲੰਧਰ ਲੋਕ ਸਭਾ ਉਪ ਚੋਣ ਦੇ ਐਲਾਨ ਤੋਂ ਬਾਅਦ ਹੀ ਸੁਸ਼ੀਲ ਰਿੰਕੂ ਦੀ ਆਮ ਆਦਮੀ ਪਾਰਟੀ ‘ਚ ਐਂਟਰੀ ਹੋਈ। ਰਿੰਕੂ ਕਾਂਗਰਸ ‘ਚੋਂ ਕੱਢੇ ਜਾਣ ਤੋਂ ਬਾਅਦ ‘ਆਪ’ ‘ਚ ਸ਼ਾਮਲ ਹੋ ਗਏ ਸੀ। ਸੁਸ਼ੀਲ ਰਿੰਕੂ ਜਲੰਧਰ ਪੱਛਮੀ ਤੋਂ ਕਾਂਗਰਸ ਦੇ ਵਿਧਾਇਕ ਸੀ। ਉਹ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੋਂ ਹਾਰ ਗਏ ਸੀ। ਉਨ੍ਹਾਂ ਨੂੰ ‘ਆਪ’ ਦੀ ਸ਼ੀਤਲ ਅੰਗੁਰਾਲ ਨੇ 4200 ਵੋਟਾਂ ਨਾਲ ਹਰਾਇਆ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h