ਪੰਜਾਬ ਦੇ ਜ਼ਿਲ੍ਹਾ ਜਲੰਧਰ, ਕਪੂਰਥਲਾ ਅਤੇ ਹੁਸ਼ਿਆਰਪੁਰ ਦੇ ਵਾਸਨੀਕਾਂ ਨੂੰ 117 ਪ੍ਰਮੁੱਖ ਥਾਵਾਂ ’ਤੇ ਜਾਇਦਾਦ ਖ਼ਰੀਦਣ ਦਾ ਇਕ ਹੋਰ ਸੁਨਹਿਰੀ ਮੌਕਾ ਦਿੰਦਿਆਂ ਜਲੰਧਰ ਵਿਕਾਸ ਅਥਾਰਟੀ (ਜੇ.ਡੀ.ਏ.) ਵਲੋਂ ਈ-ਆਕਸ਼ਨ ਸ਼ੁਰੂ ਕੀਤੀ ਜਾ ਚੁੱਕੀ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪ੍ਰਮੁੱਖ ਪ੍ਰਸ਼ਾਸਕ ਜੇ.ਡੀ.ਏ. ਦੀਪਸ਼ਿਖਾ ਸ਼ਰਮਾ ਨੇ ਦੱਸਿਆ ਕਿ ਅਥਾਰਟੀ ਵਲੋਂ ਵਪਾਰਕ, ਰਿਹਾਇਸ਼ੀ ਅਤੇ ਚੰਕ ਸਾਈਟਾਂ ’ਤੇ 117 ਪ੍ਰਮੁੱਖ ਜਾਇਦਾਦਾਂ ਦੀ ਈ-ਆਕਸ਼ਨ 23 ਨਵੰਬਰ ਤੋਂ 7 ਦਸੰਬਰ ਤੱਕ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਈ-ਆਕਸ਼ਨ ਵਿੱਚ 62 ਵਪਾਰਕ, 54 ਰਿਹਾਇਸ਼ੀ ਅਤੇ ਇਕ ਚੰਕ ਸਾਈਟ ਵਾਜਬ ਕੀਮਤ ’ਤੇ ਸ਼ਾਮਿਲ ਹੈ।
ਉਨ੍ਹਾਂ ਕਿਹਾ ਕਿ ਰਿਹਾਇਸ਼ੀ ਜਾਇਦਾਦ ਦੀ ਕੀਮਤ 20.85 ਲੱਖ ਜਦਕਿ ਕਮਰਸ਼ੀਅਲ ਜਾਇਦਾਦ ਦੀ ਕੀਮਤ 14.65 ਲੱਖ ਤੋਂ ਸ਼ੁਰੂ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਚੰਕ ਸਾਈਟ ਦੀ ਕੀਮਤ 14.22 ਲੱਖ ਰੁਪਏ ਰਾਖਵੀਂ ਰੱਖੀ ਗਈ ਹੈ। ਦੀਪਸ਼ਿਖਾ ਸ਼ਰਮਾ ਦੱਸਿਆ ਕਿ ਚਾਹਵਾਨ ਖ਼ਰੀਦਦਾਰ ਅਤੇ ਨਿਵੇਸ਼ਕ ਇਸ ਸਮੇਂ ਦੌਰਾਨ ਈ-ਆਕਸ਼ਨ ਵਿੱਚ ਸ਼ਿਰਕਤ ਕਰ ਸਕਦੇ ਹਨ।
ਮੁੱਖ ਪ੍ਰਸ਼ਾਸਕ ਜੇਡੀਏ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਪ੍ਰਮੁੱਖ ਜਾਇਦਾਦਾਂ ਸਬੰਧੀ ਵਧੇਰੇ ਜਾਣਕਾਰੀ ਪੁੱਡਾ ਦੀ ਵੈਬਸਾਈਟ www.puda.e-auctions.in. ਤੋਂ ਲਈ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਜਲੰਧਰ ਵਿਕਾਸ ਅਥਾਰਟੀ ਨੂੰ ਜਲੰਧਰ, ਕਪੂਰਥਲਾ ਅਤੇ ਹੁਸ਼ਿਆਰਪੁਰ ਵਿਖੇ ਸਥਿਤ ਪ੍ਰਮੁੱਖ ਜਾਇਦਾਦਾਂ ਪ੍ਰਤੀ ਲੋਕਾਂ ਨੂੰ ਵੱਡਾ ਹੁੰਗਾਰਾ ਮਿਲਣ ਦੀ ਸੰਭਾਵਨਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਇਨ੍ਹਾਂ ਜਾਇਦਾਦਾਂ ਦੀ ਵਾਜਿਬ ਕੀਮਤਾਂ ਨਿਸ਼ਚਿਤ ਕੀਤੀਆਂ ਗਈਆਂ ਹਨ।
ਮੁੱਖ ਪ੍ਰਸ਼ਾਸਕ ਵਲੋਂ ਇਸ ’ਤੇ ਹੋਰ ਚਾਨਣਾ ਪਾਉਂਦਿਆਂ ਦੱਸਿਆ ਗਿਆ ਕਿ ਲੋਕਾਂ ਦੀ ਡੂੰਘੀ ਦਿਲਚਸਪੀ ਨੂੰ ਦੇਖਦਿਆਂ ਅਥਾਰਟੀ ਵਲੋਂ ਹੈਲਪਲਾਈਨ ਨੰਬਰ 81960-40008 ਸਥਾਪਿਤ ਕੀਤੀ ਗਈ ਹੈ ਜਿਸ ਦਾ ਕੋਈ ਵੀ ਚਾਹਵਾਨ ਵਿਅਕਤੀ ਲਾਭ ਉਠਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਵਧੇਰੇ ਜਾਣਕਾਰੀ ਲਈ ਹੈਲਪ ਲਾਈਨ ਨੰਬਰ ’ਤੇ ਲੋਕਾਂ ਨੂੰ ਈ-ਆਕਸ਼ਨ ’ਤੇ ਅਪਲਾਈ ਕਰਨ ਸਬੰਧੀ ਸਹੂਲਤਾਂ ਪ੍ਰਦਾਨ ਕਰਨ ਲਈ ਅਧਿਕਾਰੀਆਂ/ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ ਜੋ ਲੋਕਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਲਈ ਪਾਬੰਦ ਹਨ।
ਦੀਪਸ਼ਿਖਾ ਸ਼ਰਮਾ ਨੇ ਦੱਸਿਆ ਕਿ ਇਸੇ ਤਰ੍ਹਾਂ ਜੇ.ਡੀ.ਏ. ਵਲੋਂ ਵਿਸ਼ੇਸ਼ ਉਪਰਾਲਾ ਕਰਦਿਆਂ ਈ-ਆਕਸ਼ਨ ਸਬੰਧੀ ਲੋਕਾਂ ਨੂੰ ਜਾਗਰੂਕ ਤੇ ਸਹਾਇਤਾ ਪ੍ਰਦਾਨ ਕਰਨ ਲਈ ਗਾਂਧੀ ਵਨਿਤਾ ਆਸ਼ਰਮ ਵਿਖੇ 3 ਤੋਂ 5 ਦਸੰਬਰ ਤੱਕ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਹ ਕੈਂਪ ਸ਼ਨੀਵਾਰ ਤੇ ਐਤਵਾਰ ਵਾਲੇ ਦਿਨ ਲਗਾਏ ਜਾ ਰਹੇ ਹਨ ਤਾਂ ਜੋ ਵੱਧ ਤੋਂ ਵੱਧ ਖ਼ਰੀਦਦਾਰ ਅਤੇ ਨਿਵੇਸ਼ਕ ਇਨ੍ਹਾਂ ਕੈਂਪਾਂ ਦਾ ਲਾਭ ਉਠਾ ਸਕਣ।
ਦੀਪਸ਼ਿਖਾ ਨੇ ਦੱਸਿਆ ਕਿ ਈ-ਆਕਸ਼ਨ ਵਿੱਚ ਅਰਬਨ ਅਸਟੇਟ ਕਪੂਰਥਲਾ, ਅਰਬਨ ਅਸਟੇਟ ਫੇਸ-1 ਅਤੇ ਫੇਸ-2, ਅਰਬਨ ਅਸਟੇਟ ਸੁਲਤਾਨਪੁਰ ਲੋਧੀ, ਪੁਰਾਣੀ ਜੇਲ੍ਹ ਸਾਈਟ ਜਲੰਧਰ, ਸੀਡ ਫਾਰਮ ਕਪੂਰਥਲਾ, ਕੈਨਾਲ ਰੈਸਟ ਹਾਊਸ ਸਾਈਟ ਜਲੰਧਰ, ਸੀਟ ਫਾਰਮ ਮੁਕੇਰੀਆਂ, ਗਾਂਧੀ ਵਨਿਤਾ ਆਸ਼ਰਮ, ਪੁਰਾਣੀ ਹੁਸ਼ਿਆਰਪੁਰ ਰੋਡ ਪਿੰਡ ਸ਼ੇਖੇ ਅਤੇ ਛੋਟੀ ਬਾਰਾਂਦਰੀ ਪਾਰਟ-1 ਅਤੇ ਪਾਰਟ-2 ਵਿਖੇ ਮੌਜੂਦ ਹਨ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h