Karman Kaur Thandi: ਕੈਨੇਡਾ ਦੇ ਸਗੁਏਨੇ ਵਿੱਚ ਡਬਲਯੂ 60 ਆਈਟੀਐਫ ਈਵੈਂਟ ਵਿੱਚ ਆਪਣੀ ਤਾਜ਼ਾ ਜਿੱਤ ਤੋਂ ਬਾਅਦ ਕਰਮਨ ਕੌਰ ਥਾਂਡੀ ਹੁਣ ਭਾਰਤ ਦੀ ਨੰਬਰ 1 ਮਹਿਲਾ ਸਿੰਗਲ ਟੈਨਿਸ ਖਿਡਾਰਨ ਬਣ ਗਈ ਹੈ। ਉਨ੍ਹਾਂ ਨੇ ਅੰਕਿਤਾ ਰੈਨਾ ਨੂੰ ਪਿੱਛੇ ਛੱਡ ਦਿੱਤਾ ਹੈ। ਇਹ ਜਿੱਤ ਕਰਮਨ ਦੇ ਕਰੀਅਰ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਸਿੰਗਲ ਖਿਤਾਬ ਜਿੱਤ ਹੈ। ਇਸ ਨਾਲ ਕਰਮਨ ਮਹਿਲਾ ਟੈਨਿਸ ਸੰਘ (ਡਬਲਯੂਟੀਏ) ਰੈਂਕਿੰਗ ਵਿੱਚ 217ਵੇਂ ਸਥਾਨ ‘ਤੇ ਪਹੁੰਚ ਗਈ ਹੈ। ਉਸ ਨੇ 91 ਸਥਾਨਾਂ ਦੀ ਛਾਲ ਮਾਰੀ ਹੈ। ਓਲੰਪੀਅਨ ਅੰਕਿਤਾ ਹੁਣ 13 ਸਥਾਨ ਖਿਸਕ ਕੇ 297ਵੇਂ ਸਥਾਨ ‘ਤੇ ਆ ਗਈ ਹੈ।
ਕਰਮਨ ਨੇ 2018 ਵਿੱਚ ਕਰੀਅਰ ਦੀ ਸਰਵੋਤਮ 196 ਰੈਂਕਿੰਗ ਹਾਸਲ ਕੀਤੀ ਸੀ। ਸਗੁਏਨੇ ‘ਤੇ ਜਿੱਤ ਕਰਮਨ ਦਾ ਤੀਜਾ ਸਿੰਗਲ ਖਿਤਾਬ ਹੈ। ਇਸ ਸਾਲ ਉਸ ਨੇ ਦੂਜੀ ਵਾਰ ਸਿੰਗਲਜ਼ ਖਿਤਾਬ ਜਿੱਤਿਆ ਹੈ। ਉਸਨੇ ਜੂਨ ਵਿੱਚ ਗੁਰੂਗ੍ਰਾਮ ਵਿੱਚ ਡਬਲਯੂ 25 ਟੂਰਨਾਮੈਂਟ ਜਿੱਤਿਆ ਸੀ।
ਕਰਮਨ ਨੇ 2018 ਵਿੱਚ ਹਾਂਗਕਾਂਗ ਵਿੱਚ ਆਪਣਾ ਪਹਿਲਾ ਸਿੰਗਲ ਖਿਤਾਬ ਜਿੱਤਿਆ ਸੀ। ਕੇਰਮਨ ਨੇ ਕੈਨੇਡਾ ਦੇ ਸਗੁਏਨੇ ਵਿੱਚ ਡਬਲਯੂ60 ਆਈਟੀਐਫ ਈਵੈਂਟ ਦੇ ਫਾਈਨਲ ਵਿੱਚ ਕੈਨੇਡਾ ਦੀ ਕੈਥਰੀਨ ਸੇਬੋਵ ਨੂੰ 3-6, 6-4, 6-3 ਨਾਲ ਹਰਾਇਆ।
ਕਰਮਨ ਦਾ ਜਨਮ 16 ਜੂਨ 1998 ਨੂੰ ਹੋਇਆ ਸੀ। ਉਹ ਸਵਿਟਜ਼ਰਲੈਂਡ ਦੇ ਮਹਾਨ ਟੈਨਿਸ ਖਿਡਾਰੀ ਰੋਜਰ ਫੈਡਰਰ ਨੂੰ ਆਪਣਾ ਰੋਲ ਮਾਡਲ ਮੰਨਦੀ ਹੈ। ਕਰਮਨ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ 2018 ਵਿੱਚ ਏਸ਼ੀਆਈ ਖੇਡਾਂ ਦੌਰਾਨ ਦਿਵਿਜ ਸਰਨ ਦੇ ਨਾਲ ਟੂਰਨਾਮੈਂਟ ਵਿੱਚ ਸ਼ਾਮਲ ਹੋਈ ਸੀ। ਫਿਰ ਉਹ ਤੀਜੇ ਦੌਰ ‘ਚ ਬਾਹਰ ਹੋ ਗਈ।
ਕਰਮਨ ਲਈ ਟੈਨਿਸ ਵਿੱਚ ਕਰੀਅਰ ਬਣਾਉਣਾ ਆਸਾਨ ਨਹੀਂ ਸੀ। ਵਿਰਾਟ ਕੋਹਲੀ ਫਾਊਂਡੇਸ਼ਨ ਅਤੇ ਮਹੇਸ਼ ਭੂਪਤੀ ਫਾਊਂਡੇਸ਼ਨ ਨੇ ਉਸ ਦੀ ਮਦਦ ਕੀਤੀ। ਸਾਬਕਾ ਭਾਰਤੀ ਕਪਤਾਨ ਵਿਰਾਟ ਕੋਹਲੀ ਕ੍ਰਿਕਟ ਤੋਂ ਇਲਾਵਾ ਹੋਰ ਖੇਡਾਂ ਦੇ ਖਿਡਾਰੀਆਂ ਦੀ ਮਦਦ ਕਰਦੇ ਹਨ।