ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੀ ਅਰਸ਼ਦੀਪ ਨੂੰ ਖਾਲਿਸਤਾਨੀ ਕਹਿਣ ‘ਤੇ ਭੜਕੇ ਹੋਏ ਹਨ। ਉਨ੍ਹਾਂ ਅਜਿਹਾ ਬੋਲਣ ਵਾਲਿਆਂ ਨੂੰ ਮਾੜੀ ਮਾਨਸਿਕਤਾ ਵਾਲਾ ਕਿਹਾ ਹੈ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਕ੍ਰਿਕਟ ਇੱਕ ਅਜਿਹੀ ਖੇਡ ਹੈ, ਜਿਸ ਵਿੱਚ ਜਿੱਤ ਜਾਂ ਹਾਰ ਹੋਣੀ ਸੁਭਾਵਿਕ ਹੈ। ਅਰਸ਼ਦੀਪ ਸਿੰਘ ਪੂਰੀ ਲਗਨ ਨਾਲ ਕ੍ਰਿਕਟ ਮੈਚ ਖੇਡ ਰਿਹਾ ਸੀ। ਇੱਕ ਕੈਚ ਮਿਸ ਹੋਣ ਤੋਂ ਬਾਅਦ ਦੇਸ਼ ਦੇ ਅੰਦਰ ਮਾੜੀ ਮਾਨਸਿਕਤਾ ਵਾਲੇ ਲੋਕਾਂ ਨੇ ਸੋਸ਼ਲ ਮੀਡੀਆ ‘ਤੇ ਅਰਸ਼ਦੀਪ ਸਿੰਘ ਨੂੰ ਗੰਦੇ ਤਰੀਕੇ ਨਾਲ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ।
ਇਹ ਇੱਕ ਮੰਦਭਾਗੀ ਗੱਲ ਹੈ ਅਤੇ ਭਾਰਤ ਸਰਕਾਰ ਨੂੰ ਅਜਿਹੇ ਘਟੀਆ ਮਾਨਸਿਕਤਾ ਵਾਲੇ ਲੋਕਾਂ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ। ਜੋ ਲੋਕ ਸ਼ੋਸ਼ਲ ਮੀਡੀਆ ‘ਤੇ ਗੰਦਗੀ ਫੈਲਾ ਰਹੇ ਹਨ ਅਤੇ ਉਨ੍ਹਾਂ ਖਿਲਾਫ ਗੰਦੀ ਸ਼ਬਦਾਵਲੀ ਦੀ ਵਰਤੋਂ ਕਰ ਰਹੇ ਹਨ, ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਅਜਿਹੀ ਗੰਦੀ ਮਾਨਸਿਕਤਾ ਵਾਲੇ ਲੋਕ ਹੀ ਦੇਸ਼ ਅਤੇ ਕੌਮ ਦਾ ਨਾਮ ਖ਼ਰਾਬ ਕਰਦੇ ਹਨ।
ਇਸ ਦੌਰਾਨ ਗਿਆਨੀ ਹਰਪ੍ਰੀਤ ਸਿੰਘ ਨੇ ਅਰਸ਼ਦੀਪ ਸਿੰਘ ਨੂੰ ਸੁਨੇਹਾ ਦਿੰਦਿਆ ਕਿਹਾ ਕਿ ਅਰਸ਼ਦੀਪ ਨੂੰ ਤਨ ਮਨ ਨਾਲ ਖੇਡਣਾ ਅਤੇ ਅਕਾਲ ਪੁਰਖ ਵਿੱਚ ਭਰੋਸਾ ਰੱਖਣਾ ਚਾਹੀਦਾ ਹੈ। ਵਾਹਿਗੁਰੂ ਆਉਣ ਵਾਲੇ ਸਮੇਂ ਵਿੱਚ ਕਾਮਯਾਬੀ ਬਖਸ਼ੇ। ਸੱਚਾ ਸਿੱਖ ਕਦੇ ਹਾਰ ਨਹੀਂ ਮੰਨਦਾ ਅਤੇ ਕਦੇ ਵੀ ਹੌਸਲਾ ਨਹੀਂ ਛੱਡਦਾ। ਇਸ ਲਈ ਪੂਰੀ ਲਗਨ ਨਾਲ ਖੇਡੋ ਅਤੇ ਦੇਸ਼ ਅਤੇ ਕੌਮ ਦਾ ਨਾਮ ਰੋਸ਼ਨ ਕਰੋ।