ਹੋਲੇ ਮਹੱਲੇ ਦਾ ਆਗਾਜ਼ ਸ੍ਰੀ ਅਨੰਦਪੁਰ ਸਾਹਿਬ ਤੋਂ ਹੋ ਚੁੱਕਾ ਹੈ। ਦੂਰੋ-ਦੂਰੋਂ ਸੰਗਤ ਇਸ ਖਾਸ ਮੌਕੇ ਉੱਤੇ ਨਤਮਸਤਕ ਹੋਣ ਲਈ ਪਹੁੰਚ ਰਹੀ ਹੈ। ਇਸ ਮੌਕੇ ਪੂਰੇ ਅਨੰਦਪੁਰ ਸਾਹਿਬ ਦੇ ਗੁਰੂ ਘਰਾਂ ਨੂੰ ਫੁੱਲਾਂ ਨਾਲ ਸਜਾਇਆ ਗਿਆ ਹੈ। ਵੱਖ-ਵੱਖ ਤਰ੍ਹਾਂ ਦੇ ਲੰਗਰ ਵੀ ਸੰਗਤ ਲਈ ਲਗਾਏ ਜਾ ਰਹੇ ਹਨ। ਇਸ ਤੋਂ ਇਲਾਵਾ, ਇੱਥੇ ਸੱਜੀਆਂ ਵੱਖ-ਵੱਖ ਦੁਕਾਨਾਂ ਵੀ ਇਸ ਹੋਲੇ ਮਹੱਲੇ ਦੀ ਦਿਖ ਨੂੰ ਹੋਰ ਵਧਾ ਰਹੀਆਂ ਹਨ। ਸਿੱਖੀ ਸਰੂਪ ਵਿੱਚ ਦਿਖਦੇ ਕਈ ਚਿਹਰੇ ਖਿੱਚ ਦਾ ਕੇਂਦਰ ਬਣ ਰਹੇ ਹਨ।
ਹੋਲੇ ਮਹੱਲੇ ਦਾ ਇਤਿਹਾਸ: ਹੋਲਾ ਇੱਕ ਅਰਬੀ ਸ਼ਬਦ ਹੈ ‘ਜੋ ਹੁਲ ਤੋਂ ਲਿਆ ਗਿਆ ਹੈ ਜਿਸ ਦਾ ਅਰਥ ਹੈ ‘ਚੰਗੇ ਕੰਮਾਂ ਲਈ ਲੜਨਾ’ ਅਤੇ ਮਹੱਲਾ ਦਾ ਅਰਥ ਹੈ ‘ਜਿੱਤ ਤੋਂ ਬਾਅਦ ਵਸਣ ਦੀ ਥਾਂ।’ ਹੋਲਾ ਮਹੱਲਾ ਦੀ ਸ਼ੁਰੂਆਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1700 ਵਿੱਚ ਹੋਲਗੜ੍ਹ ਕਿਲ੍ਹੇ ਤੋਂ ਕੀਤੀ ਸੀ। ਹੋਲਾ ਮੁਹੱਲਾ ਮਨਾਉਣ ਦਾ ਮੁੱਖ ਕਾਰਨ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸ਼ੁਰੂ ਕੀਤੀ ਗਈ ਪਰੰਪਰਾ ਹੈ ਜਿਸ ਦੌਰਾਨ ਗੁਰੂ ਜੀ ਆਪਣੀ ਫੌਜ ਵਿੱਚ ਜੋਸ਼ ਅਤੇ ਭਾਵਨਾ ਪੈਦਾ ਕਰਨ ਲਈ ਨਕਲੀ ਲੜਾਈਆਂ ਕਰਵਾਉਂਦੇ ਸੀ ਅਤੇ ਜੇਤੂ ਫੌਜ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਂਦਾ ਸੀ।
ਇਸ ਵਿਚ ਬਖਤਰਬੰਦ ਸ਼ੇਰ ਪੈਦਲ ਅਤੇ ਘੋੜੇ ‘ਤੇ ਸਵਾਰ ਹੋ ਕੇ ਦੋ ਟੀਮਾਂ ਬਣਾ ਕੇ ਕਿਸੇ ਖਾਸ ਹਮਲੇ ਵਾਲੀ ਥਾਂ ‘ਤੇ ਹਮਲਾ ਕਰਦੇ ਸਨ ਅਤੇ ਕਈ ਤਰ੍ਹਾਂ ਦੇ ਸਟੰਟ ਕਰਦੇ ਸਨ। ਇਸ ਦੌਰਾਨ ਗੁਰੂ ਗੋਬਿੰਦ ਸਿੰਘ ਜੀ ਆਪ ਇਸ ਜੰਗ ਨੂੰ ਦੇਖਦੇ ਸਨ ਅਤੇ ਦੋਹਾਂ ਧਿਰਾਂ ਨੂੰ ਲੋੜੀਂਦੀ ਸਿੱਖਿਆ ਪ੍ਰਦਾਨ ਕਰਦੇ ਸਨ। ਇਸ ਮੌਕੇ ਦੀਵਾਨ ਸਜਾਏ ਜਾਂਦੇ, ਕਥਾ-ਕੀਰਤਨ ਹੁੰਦਾ, ਵੀਰ ਰਸ ਦੀਆਂ ਵਾਰਾਂ ਗਾਇਨ ਕੀਤਾ ਜਾਂਦਾ। ਵੱਖ-ਵੱਖ ਫੌਜੀ ਅਭਿਆਸ ਕਰਦੇ ਹੋਏ ਵਿਖਾਈ ਦਿੰਦੇ ਅਤੇ ਹਰ ਪਾਸੇ ਖੁਸ਼ੀ ਦਾ ਮਾਹੌਲ ਹੁੰਦਾ ਸੀ। ਗੁਰੂ ਸਾਹਿਬ ਆਪ ਇਨ੍ਹਾਂ ਸਾਰੇ ਕਾਰਜਾਂ ਵਿਚ ਹਿੱਸਾ ਲੈਂਦੇ ਸਨ ਅਤੇ ਸਿੱਖਾਂ ਦੇ ਉਤਸ਼ਾਹ ਵਿਚ ਵਾਧਾ ਕਰਦੇ ਸਨ। ਉਦੋ ਤੋਂ ਹੀ ਇਹ ਪਰੰਪਰਾ ਸ਼ੁਰੂ ਹੋ ਗਈ ਜਿਸ ਨੂੰ ਅੱਜ ਵੀ ਹੋਲੇ ਮੁਹੱਲੇ ਵਜੋਂ ਮਨਾਇਆ ਜਾਂਦਾ ਹੈ।
ਖਾਲਸਾਈ ਰੰਗ ਵਿੱਚ ਰੰਗਿਆ ਜਾਂਦਾ ਸ੍ਰੀ ਅਨੰਦਪੁਰ ਸਾਹਿਬ : ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਹਰ ਸਾਲ ਵਿਸ਼ਵ ਪ੍ਰਸਿੱਧ ਹੋਲਾ ਮੁਹੱਲਾ ਖਾਲਸਾ ਜਾਹੋ-ਜਲਾਲ ਦੇ ਪ੍ਰਤੀਕ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਵਾਰ ਵੀ ਹੋਲਾ ਮੁਹੱਲਾ 20 ਮਾਰਚ ਤੋਂ 26 ਮਾਰਚ ਤੱਕ ਮਨਾਇਆ ਜਾ ਜਾਂਦਾ ਹੈ। ਹੋਲਾ ਮੁਹੱਲਾ 26 ਮਾਰਚ ਤੱਕ ਸ੍ਰੀ ਕੀਰਤਪੁਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਇਆ ਜਾਂਦਾ ਹੈ। ਇਨ੍ਹਾਂ 6 ਦਿਨਾਂ ਤੱਕ ਸ਼੍ਰੀ ਆਨੰਦਪੁਰ ਸਾਹਿਬ ਸਮੇਤ ਸਮੁੱਚਾ ਇਲਾਕਾ ਖਾਲਸਾਈ ਰੰਗ ਵਿੱਚ ਰੰਗ ਜਾਂਦਾ ਹੈ। ਹੋਲੀ ਦੇ ਅਗਲੇ ਦਿਨ ਆਨੰਦਪੁਰ ਸਾਹਿਬ ਵਿਖੇ ਬਹੁਤ ਵੱਡਾ ਮੇਲਾ ਲੱਗਦਾ ਹੈ ਜਿਸ ਨੂੰ ‘ਹੋਲਾ ਮਹੱਲਾ’ ਕਿਹਾ ਜਾਂਦਾ ਹੈ।
ਹੋਲੇ ਮਹੱਲੇ ‘ਤੇ ਸਮੁੱਚਾ ਇਲਾਕਾ ਖਾਲਸਾਈ ਰੰਗ ‘ਚ ਰੰਗਿਆ ਨਜ਼ਰ ਆਉਂਦਾ ਹੈ।ਇਸ ਕੌਮੀ ਜੋੜ ਮੇਲੇ ਦਾ ਮੁੱਢ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਸੰਮਤ 1757 ਚੇਤ ਦੀ ਪਹਿਲਾਂ ਤਰੀਕ ਨੂੰ ਬੰਨਿ੍ਹਆ ਸੀ।ਇਤਿਹਾਸਕਾਰਾਂ ਅਤੇ ਵਿਦਵਾਨਾਂ ਅਨੁਸਾਰ ਹੋਲੇ ਮਹੱਲੇ ਦਾ ਮਨੋਰਥ ਸਿੱਖਾਂ ਨੂੰ ਅਨਿਆਂ, ਜ਼ੁਲਮ ਅਤੇ ਸੱਚ ਅਤੇ ਨਿਆਂ ਦੀ ਜਿੱਤ ਦਾ ਸੰਕਲਪ ਦ੍ਰਿੜ ਕਰਵਾਉਣਾ ਸੀ।