ਮੰਗਲਵਾਰ, ਜੁਲਾਈ 15, 2025 03:16 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਦੇਸ਼

ਜਾਣੋ ਕੌਣ ਸੀ ਸਾਂਝੇ ਪੰਜਾਬ ਦਾ ਨਾਇਕ, ਕਿਸਾਨਾਂ ਦੇ ਮਸੀਹਾ ਚੌਧਰੀ ਛੋਟੂ ਰਾਮ ਜੀ

by Gurjeet Kaur
ਦਸੰਬਰ 17, 2022
in ਦੇਸ਼
0

ਲਖਵਿੰਦਰ ਜੌਹਲ ਧੱਲੇਕੇ

 

ਅੱਠ-ਨੌਂ ਕੁ ਸਾਲ ਪਹਿਲਾਂ ਹਰਿਆਣਾ ਦੇ ਸਿਰਸਾ ਜਿ਼ਲ੍ਹੇ ਦੇ ਧੁਰ ਦੱਖਣ ਵਾਲੇ ਪਾਸੇ ਇੱਕ ਪਿੰਡ ਦੇ ਬਾਹਰਵਾਰ ਹਿੰਦੀ ਵਿਚ ‘ਚੌਧਰੀ ਛੋਟੂ ਰਾਮ’ ਦੇ ਨਾਂ ’ਤੇ ਬਣੇ ਹਾਈ ਸਕੂਲ ਦਾ ਨਾਮ ਪੜ੍ਹਿਆ। ਉਦੋਂ ਪਤਾ ਨਹੀਂ ਸੀ ਕਿ ਇਸ ਨਾਂ ਦਾ ਬੰਦਾ ਆਖਿ਼ਰ ਸੀ ਕੌਣ? ਬਾਅਦ ਵਿਚ ਪਤਾ ਲੱਗਾ ਕਿ ਚੌਧਰੀ ਛੋਟੂ ਰਾਮ ਹਰਿਆਣੇ ਦੇ ਹੀ ਨਹੀਂ ਬਲਕਿ ਵੰਡ ਤੋਂ ਪਹਿਲਾਂ ਵਾਲੇ ਸਾਂਝੇ ਪੰਜਾਬ ਦੇ ਮਹਾਨ ਕਿਸਾਨ ਆਗੂ ਸਨ। ਦੁੱਖ ਦੀ ਗੱਲ ਹੈ ਕਿ ਸਾਂਝੇ ਪੰਜਾਬ ਦੇ ਇਸ ਨਾਇਕ ਬਾਰੇ ਪੰਜਾਬ ਦੇ ਸਕੂਲਾਂ ਵਿਚ ਕਦੇ ਕੁਝ ਪੜ੍ਹਾਇਆ ਨਹੀਂ ਗਿਆ। ਉਹ ਕਿਸਾਨਾਂ ਦੇ ਹੱਕ ਦੀ ਗੱਲ ਕਰਨ ਵਾਲੇ ਸਨ ਅਤੇ ਮਜ਼ਹਬ ਦੇ ਨਾਂ ’ਤੇ ਪੰਜਾਬ ਦੀ ਵੰਡ ਦੇ ਵੱਡੇ ਵਿਰੋਧੀਆਂ ਵਿਚੋਂ ਸਨ।

ਚੌਧਰੀ ਛੋਟੂ ਰਾਮ ਦਾ ਜਨਮ 24 ਨਵੰਬਰ 1881 ਨੂੰ ਵਰਤਮਾਨ ਹਰਿਆਣਾ ਦੇ ਜਿ਼ਲ੍ਹਾ ਰੋਹਤਕ ਦੇ ਪਿੰਡ ਗੜ੍ਹੀ ਸਾਂਪਲਾ ਵਿਚ ਮਾਤਾ ਸਰਲਾ ਦੇਵੀ ਅਤੇ ਪਿਤਾ ਸੁਖੀ ਰਾਮ ਦੇ ਘਰ ਹੋਇਆ। ਮਾਪਿਆਂ ਨੇ ਨਾਂ ਰਾਮ ਰਛਪਾਲ ਰੱਖਿਆ ਸੀ ਪਰ ਘਰ ਵਿਚ ਸਭ ਤੋਂ ਛੋਟਾ ਬੱਚਾ ਹੋਣ ਕਰ ਕੇ ਨਾਂ ‘ਛੋਟੂ ਰਾਮ’ ਪੈ ਗਿਆ। ਉਨ੍ਹਾਂ ਮੁੱਢਲੀ ਪੜ੍ਹਾਈ ਸਾਂਪਲਾ ਦੇ ਪ੍ਰਾਇਮਰੀ ਸਕੂਲ ਤੋਂ ਕੀਤੀ। ਅੱਗੇ ਮਿਡਲ ਦੀ ਪੜ੍ਹਾਈ ਲਈ ਪਿੰਡ ਤੋਂ ਬਾਰਾਂ ਮੀਲ ਦੂਰ ਝੱਜਰ ਦੇ ਸਕੂਲ ਵਿਚ ਦਾਖਲਾ ਲਿਆ ਅਤੇ 1899 ਵਿਚ ਮਿਡਲ ਕਰ ਲਈ। ਮੈਟ੍ਰਿਕ ਕਲਾਸਾਂ ਵਿਚ ਦਾਖਲੇ ਲਈ ਪੈਸਿਆਂ ਦੀ ਤੰਗੀ ਸੀ। ਆਪਣੇ ਪੁੱਤਰ ਦੀ ਅੱਗੇ ਪੜ੍ਹਨ ਦੀ ਇੱਛਾ ਦੇਖ ਕੇ ਪਿਤਾ ਸੁਖੀ ਰਾਮ ਨੇ ਕਰਜ਼ਾ ਲੈਣ ਲਈ ਸੋਚਿਆ। ਦੋਵੇਂ ਪਿਓ ਪੁੱਤ ਸਾਂਪਲਾ ਦੇ ਹੀ ਸ਼ਾਹੂਕਾਰ ਘਾਸੀ ਰਾਮ ਕੋਲ ਪਹੁੰਚੇ। ਸ਼ਾਹੂਕਾਰ ਨੇ ਕਰਜ਼ਾ ਤਾਂ ਕੀ ਦੇਣਾ ਸੀ ਬਲਕਿ ਦੋਵਾਂ ਨੂੰ ਬੋਲ ਕੁਬੋਲ ਵੀ ਕਹੇ। ਬਾਅਦ ਵਿਚ ਚਾਚਾ ਰਾਜਾ ਰਾਮ ਦੀ ਮਦਦ ਨਾਲ ਛੋਟੂ ਰਾਮ ਨੂੰ ਦਿੱਲੀ ਦੇ ਸੇਂਟ ਸਟੀਵਨਜ਼ ਕ੍ਰਿਸਚੀਅਨ ਮਿਸ਼ਨ ਹਾਈ ਸਕੂਲ ਵਿਚ ਦਾਖਲਾ ਮਿਲ ਗਿਆ। ਇੱਥੋਂ ਉਨ੍ਹਾਂ 1901 ਵਿਚ ਪਹਿਲੇ ਦਰਜੇ ਵਿਚ ਮੈਟ੍ਰਿਕ ਕੀਤੀ। ਦੋ ਸਾਲ ਬਾਅਦ 1903 ਵਿਚ ਸੇਂਟ ਸਟੀਵਨਜ਼ ਕਾਲਜ ਤੋਂ ਇੰਟਰ (ਐੱਫਏ) ਵੀ ਕਰ ਲਈ।

ਛੋਟੂ ਰਾਮ ਅੱਗੇ ਪੜ੍ਹਨਾ ਚਾਹੁੰਦੇ ਸਨ ਪਰ ਪੈਸੇ ਦੀ ਤੰਗੀ ਕਾਰਨ ਪਿੰਡ ਵਾਪਸ ਆ ਗਏ। ਇੱਕ ਦਿਨ ਗ਼ਾਜ਼ੀਆਬਾਦ ਦੇ ਰੇਲਵੇ ਸਟੇਸ਼ਨ ’ਤੇ ਛੋਟੂ ਰਾਮ ਦੀ ਮੁਲਾਕਾਤ ਸੇਠ ਛੱਜੂ ਰਾਮ ਨਾਲ ਹੋਈ। ਸੇਠ ਛੱਜੂ ਰਾਮ ਉੱਪਰ ਛੋਟੂ ਰਾਮ ਦੀਆਂ ਗੱਲਾਂ ਦਾ ਇਸ ਕਦਰ ਅਸਰ ਹੋਇਆ ਕਿ ਉਨ੍ਹਾਂ ਨੇ ਛੋਟੂ ਰਾਮ ਨਾਲ ਉਨ੍ਹਾਂ ਦੀ ਹਰ ਤਰ੍ਹਾਂ ਦੀ ਮਾਲੀ ਮਦਦ ਕਰਨ ਦਾ ਵਾਅਦਾ ਕੀਤਾ। ਬਾਅਦ ਵਿਚ ਛੋਟੂ ਰਾਮ ਦੀ ਅਗਲੀ ਸਾਰੀ ਪੜ੍ਹਾਈ ਦਾ ਖ਼ਰਚਾ ਛੱਜੂ ਰਾਮ ਨੇ ਚੁੱਕਿਆ। ਉਹ ਸੇਠ ਛੱਜੂ ਰਾਮ ਨੂੰ ‘ਧਰਮ ਪਿਤਾ’ ਮੰਨਣ ਲੱਗ ਪਏ। 1905 ਵਿਚ ਸੇਂਟ ਸਟੀਵਨਜ਼ ਕਾਲਜ ਤੋਂ ਬੀਏ ਪਾਸ ਕਰਨ ਤੋਂ ਬਾਅਦ ਉਨ੍ਹਾਂ ਨੂੰ ਰਿਆਸਤ ਕਾਲਾਕੰਕਰ ਦੇ ਰਾਜਾ ਰਾਮਪਾਲ ਦੇ ਨਿੱਜੀ ਸਕੱਤਰ ਵਜੋਂ ਨੌਕਰੀ ਮਿਲ ਗਈ। ਰਾਜੇ ਦੇ ਪੱਤਰ ਵਿਹਾਰ ਦਾ ਸਾਰਾ ਕੰਮ ਛੋਟੂ ਰਾਮ ਸੰਭਾਲਦੇ ਸਨ। ਉਨ੍ਹਾਂ ਰਿਆਸਤ ਦੇ ਅਖ਼ਬਾਰ ‘ਹਿੰਦੁਸਤਾਨ’ ਦਾ ਸੰਪਾਦਨ ਵੀ ਕੀਤਾ। ਬਾਅਦ ਵਿਚ ਕੁਝ ਸਮਾਂ ਭਰਤਪੁਰ ਰਿਆਸਤ ਵਿਚ ਵੀ ਨੌਕਰੀ ਕੀਤੀ। 1911 ਵਿਚ ਆਗਰਾ ਲਾਅ ਕਾਲਜ ਤੋਂ ਐੱਲਐੱਲਬੀ ਦੀ ਡਿਗਰੀ ਪਹਿਲੇ ਦਰਜੇ ਵਿਚ ਹਾਸਲ ਕੀਤੀ ਅਤੇ ਆਗਰੇ ਵਿਚ ਹੀ ਵਕਾਲਤ ਸ਼ੁਰੂ ਕੀਤੀ। ਇੱਥੇ ਉਹ ਗਰੀਬ ਅਤੇ ਕਰਜ਼ਈ ਕਿਸਾਨਾਂ ਦੇ ਮੁਕੱਦਮੇ ਬਿਨਾ ਫੀਸ ਲੜਦੇ ਰਹੇ ਤੇ ਸਾਰੀ ਜਿ਼ੰਦਗੀ ਇੰਝ ਹੀ ਕੀਤਾ। ਆਗਰੇ ਵਿਚ ਦੀਵਾਨੀ ਅਤੇ ਫ਼ੌਜਦਾਰੀ ਮੁਕੱਦਮਿਆਂ ਵਿਚ ਆਪਣੇ ਨਾਂ ਦੀ ਧਾਕ ਜਮਾਉਣ ਤੋਂ ਤਕਰੀਬਨ ਸਾਲ ਬਾਅਦ ਰੋਹਤਕ ਆ ਗਏ। ਇੱਥੇ ਵੀ ਉਹ ਵਕੀਲ ਵਜੋਂ ਪ੍ਰਸਿੱਧ ਰਹੇ। ਉਹ ਖ਼ੁਦ ਕਿਸਾਨ ਪਰਿਵਾਰ ਤੋਂ ਹੋਣ ਕਰ ਕੇ ਕਿਸਾਨਾਂ ਨਾਲ ਇੰਨੇ ਘੁਲ ਮਿਲ ਜਾਂਦੇ ਕਿ ਕਈ ਵਾਰ ਦੋਵਾਂ ਧੜਿਆਂ ਦਾ ਫੈਸਲਾ ਅਦਾਲਤੋਂ ਬਾਹਰ ਹੀ ਕਰਵਾ ਦਿੰਦੇ।

ਛੋਟੂ ਰਾਮ ਦੇ ਯਤਨਾਂ ਨਾਲ 1913 ਵਿਚ ਜਿ਼ਲ੍ਹੇ ਦਾ ਪਹਿਲਾ ਹਾਈ ਸਕੂਲ (ਜਾਟ ਹਾਈ ਸਕੂਲ) ਖੋਲ੍ਹਿਆ ਗਿਆ। 1916 ਵਿਚ ਆਮ ਲੋਕਾਂ ਤੱਕ ਆਪਣੀ ਗੱਲ ਪਹੁੰਚਾਉਣ ਲਈ ਉਨ੍ਹਾਂ ਹਫਤਾਵਾਰੀ ਅਖ਼ਬਾਰ ‘ਜਾਟ ਗਜ਼ਟ’ ਸ਼ੁਰੂ ਕੀਤਾ। ਪਿੰਡਾਂ ਦੀਆਂ ਸੱਥਾਂ ਵਿਚ ਇਸ ਵਿਚ ਲਿਖੇ ਲੇਖ ਅਤੇ ਹੋਰ ਮਸਲੇ ਕਿਸਾਨ ਪੜ੍ਹਦੇ ਤੇ ਵਿਚਾਰਾਂ ਕਰਦੇ, ਇਸ ਤਰ੍ਹਾਂ ਕਿਸਾਨ ਛੋਟੂ ਰਾਮ ਦੇ ਪ੍ਰਸ਼ੰਸਕ ਬਣਦੇ ਗਏ। ਆਰਥਿਕ ਤੰਗੀ ਕਾਰਨ ਕੁਝ ਸਮਾਂ ਅਖਬਾਰ ਬੰਦ ਵੀ ਕਰਨਾ ਪਿਆ ਪਰ ਬਾਅਦ ਵਿਚ ਕਾਫੀ ਚੰਦਾ ਇਕੱਠਾ ਹੋਣ ਕਰ ਕੇ ਦੁਬਾਰਾ ਸ਼ੁਰੂ ਹੋ ਗਿਆ। ਪੰਜਾਬ ਵੰਡ ਤੱਕ ਵੀ ਇਹ ਅਖਬਾਰ ਪੰਜਾਬ ਦੇ ਕੋਨੇ ਕੋਨੇ ਵਿਚ ਪੜ੍ਹਿਆ ਜਾਂਦਾ ਸੀ।

ਛੋਟੂ ਰਾਮ ਤਨੋ ਮਨੋ ਸਮਾਜਿਕ ਅਤੇ ਭਾਈਚਾਰਕ ਤੌਰ ’ਤੇ ਗਰੀਬ ਕਿਸਾਨਾਂ ਅਤੇ ਹੋਰ ਪੇਂਡੂ ਵਰਗਾਂ ਦੀ ਭਲਾਈ ਦੇ ਕੰਮਾਂ ਵਿਚ ਜੁੱਟ ਗਏ। ਪਹਿਲੇ ਵਿਸ਼ਵ ਯੁੱਧ ਦੌਰਾਨ ਉਨ੍ਹਾਂ ਰੋਹਤਕ ਦੇ ਫ਼ੌਜੀ ਭਰਤੀ ਦਫਤਰ ਵਿਚ ਕੰਮ ਸੰਭਾਲਿਆ ਅਤੇ ਜਿ਼ਲ੍ਹੇ ਵਿਚੋਂ ਬਾਈ ਹਜ਼ਾਰ ਤੋਂ ਵੀ ਵੱਧ ਨੌਜਵਾਨ ਫੌਜ ਵਿਚ ਭਰਤੀ ਕਰਵਾਏ। ਇਸ ਲਈ ਅੰਗਰੇਜ਼ ਸਰਕਾਰ ਨੇ ਉਨ੍ਹਾਂ ਨੂੰ ਪੱਛਮੀ ਪੰਜਾਬ ਦੇ ਮਿੰਟਗੁਮਰੀ ਜਿ਼ਲ੍ਹੇ ਵਿਚ ਚਾਰ ਮੁਰੱਬੇ ਜ਼ਮੀਨ ਅਲਾਟ ਕੀਤੀ ਪਰ ਉਨ੍ਹਾਂ ਸਰਕਾਰ ਅੱਗੇ ਸ਼ਰਤ ਰੱਖੀ ਕਿ ਤਿੰਨ ਹਜ਼ਾਰ ਏਕੜ ਜ਼ਮੀਨ ਪਹਿਲਾਂ ਦਲਿਤ ਵਰਗ ਦੇ ਕੰਮੀ ਅਤੇ ਬੇਜ਼ਮੀਨੇ ਲੋਕਾਂ ਲਈ ਮੁਫ਼ਤ ਅਲਾਟ ਕੀਤੀ ਜਾਵੇ। ਇਹ ਸ਼ਰਤ ਸਰਕਾਰ ਨੇ ਮੰਨ ਲਈ, ਇਸ ਤਰ੍ਹਾਂ ਸਦੀਆਂ ਦੇ ਦੱਬੇ ਕੁਚਲੇ ਲੋਕਾਂ ਨੂੰ ਅੱਗੇ ਵਧਣ ਦਾ ਮੌਕਾ ਮਿਲਿਆ। ਛੋਟੂ ਰਾਮ ਪਹਿਲਾਂ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਸਨ। 1920 ਵਿਚ ਮਹਾਤਮਾ ਗਾਂਧੀ ਦੇ ਅਸਿਹਯੋਗ ਅੰਦੋਲਨ ਵੇਲੇ ਕਲਕੱਤਾ ਦੇ ਸਮਾਗਮ ਵਿਚ ਕਾਂਗਰਸ ਨੇ ਮਤਾ ਪਾਸ ਕੀਤਾ ਕਿ ਭਾਰਤੀ ਲੋਕ ਅੰਗਰੇਜ਼ਾਂ ਵੱਲੋਂ ਮਿਲੇ ਮਾਣ ਸਨਮਾਨ ਤਿਆਗ ਦੇਣ, ਨੌਕਰੀਆਂ ਤੋਂ ਅਸਤੀਫ਼ੇ ਦੇ ਦੇਣ, ਸਰਕਾਰੀ ਵਿੱਦਿਅਕ ਅਦਾਰਿਆਂ ਦਾ ਬਾਈਕਾਟ ਕਰਨ, ਸਰਕਾਰ ਨੂੰ ਕਿਸੇ ਵੀ ਕਿਸਮ ਦਾ ਕਰ ਅਦਾ ਨਾ ਕਰਨ। ਇਸੇ ਮਤੇ ਵਿਚ ਹੀ ਕਿਸਾਨਾਂ ਨੂੰ ਕਿਹਾ ਗਿਆ ਕਿ ਉਹ ਜ਼ਮੀਨਾਂ ਤੇ ਕੋਈ ਫਸਲ ਨਾ ਬੀਜਣ ਅਤੇ ਸਰਕਾਰ ਨੂੰ ਮਾਮਲਾ ਨਾ ਦੇਣ। ਮਤੇ ਦੇ ਇਸ ਭਾਗ ਦਾ ਛੋਟੂ ਰਾਮ ਨੇ ਡੱਟ ਕੇ ਵਿਰੋਧ ਕੀਤਾ ਕਿਉਂਕਿ ਅੰਗਰੇਜ਼ ਸਰਕਾਰ ਕਿਸਾਨਾਂ ਨੂੰ ਮੁਜ਼ਾਰੇ ਅਤੇ ਆਪਣੇ ਆਪ ਨੂੰ ਜ਼ਮੀਨਾਂ ਦੀ ਮਾਲਕ ਸਮਝਦੀ ਸੀ। ਮਾਮਲਾ ਜਾਂ ਕਰ ਅਦਾ ਨਾ ਕਰਨ ਬਦਲੇ ਉਹ ਕਿਸੇ ਵੀ ਸਮੇਂ ਜ਼ਮੀਨਾਂ ਕੁਰਕ ਕਰ ਸਕਦੀ ਸੀ। ਬੋਲੀ ਲੱਗਦੀਆਂ ਇਨ੍ਹਾਂ ਜ਼ਮੀਨਾਂ ਦੇ ਮਾਲਕ ਬਾਅਦ ਵਿਚ ਸ਼ਾਹੂਕਾਰਾਂ ਅਤੇ ਹੋਰ ਭ੍ਰਿਸ਼ਟ ਲੋਕਾਂ ਨੇ ਹੀ ਬਣਨਾ ਸੀ। ਕਾਂਗਰਸ ਦੇ ਵਰਕਰ ਜਾਂ ਲੀਡਰ ਜਿਆਦਾਤਰ ਸ਼ਹਿਰੀ ਤਬਕੇ ਦੇ ਸਨ ਜੋ ਪੇਂਡੂਆਂ ਜਾਂ ਕਿਸਾਨਾਂ ਦੀਆਂ ਸਮੱਸਿਆਵਾਂ ਤੋਂ ਅਣਜਾਣ ਸਨ ਅਤੇ ਛੋਟੂ ਰਾਮ ਦੇ ਵਿਚਾਰਾਂ ਨੂੰ ਸਮਝ ਨਹੀਂ ਸਨ ਰਹੇ। ਇਸ ਦੌਰਾਨ ਹੀ ਉਨ੍ਹਾਂ ਕਾਂਗਰਸ ਨੂੰ ਅਲਵਿਦਾ ਕਹਿ ਦਿੱਤੀ।

1921 ਵਿਚ ਪੰਜਾਬ ਕੌਂਸਲ ਦੀਆਂ ਚੋਣਾਂ ਵਿਚ ਉਹ ਆਜ਼ਾਦ ਉਮੀਦਵਾਰ ਵਜੋਂ ਖੜ੍ਹੇ ਹੋਏ ਅਤੇ ਚੋਣ ਹਾਰ ਗਏ। ਅਗਲੀਆਂ ਚੋਣਾਂ ਤੱਕ ਉਨ੍ਹਾਂ ਨੂੰ ਪੰਜਾਬ ਦੇ ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਹੋਰ ਨੇੜਿਓ ਜਾਨਣ ਦਾ ਮੌਕਾ ਮਿਲਿਆ। 1923 ਦੀਆਂ ਚੋਣਾਂ ਵਿਚ ਉਹ ਵੱਡੇ ਫਰਕ ਨਾਲ ਜਿੱਤ ਗਏ। ਇਸੇ ਸਾਲ ਉਨ੍ਹਾਂ ਦਾ ਮੇਲ ਫ਼ਜ਼ਲ-ਏ-ਹੁਸੈਨ ਅਤੇ ਸਿਕੰਦਰ ਹਯਾਤ ਖਾਨ ਨਾਲ ਹੋਇਆ। ਇਨ੍ਹਾਂ ਸਾਰਿਆਂ ਨੇ ਰਲ ਕੇ ‘ਨੈਸ਼ਨਲ ਯੂਨੀਅਨਿਸਟ ਪਾਰਟੀ’ ਬਣਾ ਲਈ ਜੋ ਬਾਅਦ ਵਿਚ ‘ਜਿ਼ਮੀਂਦਾਰਾ ਲੀਗ’ ਦੇ ਨਾਂ ਨਾਲ ਵੀ ਮਸ਼ਹੂਰ ਹੋਈ। ਇਸ ਪਾਰਟੀ ਦਾ ਕਿਸੇ ਧਰਮ ਨਾਲ ਕੋਈ ਲੈਣਾ ਦੇਣਾ ਨਹੀਂ ਸੀ। ‘ਸਭ ਦੇ ਆਰਥਿਕ ਹਿੱਤਾਂ ਦੀ ਰਾਖੀ’ ਇਸ ਪਾਰਟੀ ਦਾ ਨਾਅਰਾ ਸੀ। ਤਿੰਨਾਂ ਧਰਮਾਂ ਦੇ ਲੋਕ ਇਸ ਪਾਰਟੀ ਨਾਲ ਜੁੜ ਗਏ। ‘ਜਾਟ ਗਜ਼ਟ’ ਇਸ ਪਾਰਟੀ ਦਾ ਬੁਲਾਰਾ ਬਣ ਗਿਆ ਜਿਸ ਨਾਲ ਪੰਜਾਬ ਦੇ ਆਮ ਕਿਸਾਨਾਂ ਨੂੰ ਇਸ ਪਾਰਟੀ ਨਾਲ ਜੁੜਨ ਦਾ ਮੌਕਾ ਮਿਲਿਆ। ਫ਼ਜ਼ਲ ਹੁਸੈਨ ਦੇ ਸਹਿਯੋਗ ਨਾਲ 22 ਸਤੰਬਰ 1924 ਨੂੰ ਚੌਧਰੀ ਛੋਟੂ ਰਾਮ ਨੇ ਪੰਜਾਬ ਦੇ ਖੇਤੀਬਾੜੀ ਤੇ ਉਦਯੋਗ ਮੰਤਰੀ ਵਜੋਂ ਸਹੁੰ ਚੁੱਕੀ। 1925 ਵਿਚ ਸਿੱਖਿਆ ਮਹਿਕਮਾ ਵੀ ਇਨ੍ਹਾਂ ਨੂੰ ਮਿਲ ਗਿਆ। ਇਸ ਤਰ੍ਹਾਂ ਤਿੰਨ ਮਹਿਕਮਿਆਂ ਦੇ ਅਨੇਕਾਂ ਕੰਮ ਛੋਟੂ ਰਾਮ ਨੇ ਕੀਤੇ। 1937 ਪੰਜਾਬ ਦੀਆਂ ਸੂਬਾਈ ਚੋਣਾਂ ਦੇ ਐਲਾਨ ਤੋਂ ਤੁਰੰਤ ਬਾਅਦ ਚੌਧਰੀ ਛੋਟੂ ਰਾਮ ਚੋਣ ਮੁਹਿੰਮ ਵਿਚ ਜੁੱਟ ਗਏ। ਆਵਾਜਾਈ ਦੇ ਸੀਮਤ ਸਾਧਨ ਹੋਣ ਦੇ ਬਾਵਜੂਦ ਉਨ੍ਹਾਂ ਪੰਜਾਬ ਦਾ ਕੋਨਾ ਕੋਨਾ ਗਾਹ ਦਿੱਤਾ। ਉਹ ਜਿੱਥੇ ਵੀ ਜਾਂਦੇ, ਧੜੱਲੇ ਨਾਲ ਭਾਸ਼ਣ ਦਿੰਦੇ। ਛੋਟੂ ਰਾਮ ਦੀ ਮਿਹਨਤ ਸਦਕਾ ਯੂਨੀਅਨਿਸਟ ਪਾਰਟੀ 175 ਵਿਚੋਂ 95 ਸੀਟਾਂ ਨਾਲ ਜਿੱਤ ਗਈ। ਕਾਂਗਰਸ ਨੂੰ 18, ਅਕਾਲੀ ਦਲ ਨੂੰ 10 ਸੀਟਾਂ ਮਿਲੀਆਂ ਅਤੇ ਆਜ਼ਾਦ ਉਮੀਦਵਾਰ 51 ਸੀਟਾਂ ਤੋਂ ਜਿੱਤੇ। ਮੁਸਲਿਮ ਲੀਗ ਸਿਰਫ ਇੱਕ ਸੀਟ ਹਾਸਲ ਕਰ ਸਕੀ। ਪੰਜਾਬ ਦੇ ਪ੍ਰੀਮੀਅਰ (ਉਸ ਸਮੇਂ ਮੁੱਖ ਮੰਤਰੀ ਨੂੰ ਪ੍ਰੀਮੀਅਰ ਕਿਹਾ ਜਾਂਦਾ ਸੀ) ਸਿਕੰਦਰ ਹਯਾਤ ਖਾਨ ਬਣੇ ਅਤੇ ਚੌਧਰੀ ਛੋਟੂ ਰਾਮ ਨੂੰ ਮਾਲ ਮਹਿਕਮਾ ਮਿਲਿਆ। ਇਸੇ ਸਾਲ ਉਨ੍ਹਾਂ ਦੀਆਂ ਪਿਛਲੀਆਂ ਸੇਵਾਵਾਂ ਨੂੰ ਦੇਖਦੇ ਹੋਏ ਅੰਗਰੇਜ਼ ਸਰਕਾਰ ਨੇ ਉਨ੍ਹਾਂ ਨੂੰ ‘ਸਰ’ ਦੀ ਉਪਾਧੀ ਦਿੱਤੀ।

ਵੀਹਵੀਂ ਸਦੀ ਦੇ ਪਹਿਲੇ ਦੋ ਦਹਾਕਿਆਂ ਤੱਕ ਵੀ ਕਿਸਾਨਾਂ ਦੀ ਭਲਾਈ ਲਈ ਕੋਈ ਪੱਕਾ ਕਾਨੂੰਨ ਨਹੀਂ ਸੀ। ਸ਼ਾਹੂਕਾਰ ਵਰਗ ਕਿਸਾਨਾਂ ਨੂੰ ਮਨਮਰਜ਼ੀ ਦੇ ਵਿਆਜ ’ਤੇ ਕਰਜ਼ਾ ਦਿੰਦੇ ਸਨ। ਅਨਪੜ੍ਹ ਕਿਸਾਨ ਕੋਈ ਹਿਸਾਬ ਕਿਤਾਬ ਵੀ ਨਹੀਂ ਸਨ ਰੱਖਦੇ ਤੇ ਸ਼ਾਹੂਕਾਰ ਨਾ ਹੀ ਉਨ੍ਹਾਂ ਨੂੰ ਕਦੇ ਕੁਝ ਦੱਸਦੇ ਸਨ। ਜਦੋਂ ਮੌਕਾ ਮਿਲਦਾ, ਕਿਸਾਨ ਦਾ ਘਰ, ਜ਼ਮੀਨ, ਘਰੇਲੂ ਸਮਾਨ ਅਤੇ ਹੋਰ ਮਾਲ ਡੰਗਰ ਕੁਰਕੀ ਕਰਵਾ ਕੇ ਉਸ ’ਤੇ ਕਬਜ਼ਾ ਕਰ ਲੈਂਦੇ। ਇੱਥੋਂ ਤੱਕ ਕਿ ਹੋਰ ਕਿਰਤੀਆਂ ਤੋਂ ਵੀ ਰੋਜ਼ੀ-ਰੋਟੀ ਕਮਾਉਣ ਵਾਲੇ ਸਾਧਨ ਵੀ ਖੋਹ ਕੇ ਲੈ ਜਾਂਦੇ। ਇਸ ਵਿਚ ਭ੍ਰਿਸ਼ਟ ਅਫਸਰ ਸ਼ਾਹੂਕਾਰਾਂ ਦਾ ਪੂਰਾ ਸਾਥ ਦਿੰਦੇ। ਜਦੋਂ ਛੋਟੂ ਰਾਮ ਨੇ ਕਿਸਾਨਾਂ ਦੇ ਹੱਕਾਂ ਦੀ ਗੱਲ ਕਰਨੀ ਸ਼ੁਰੂ ਕੀਤੀ ਤਾਂ ਕਿਸਾਨਾਂ ਨੂੰ ਲੱਗਾ ਕਿ ਹੁਣ ਕੋਈ ਉਨ੍ਹਾਂ ਦੀ ਸਾਰ ਲੈਣ ਵਾਲਾ ਆ ਗਿਆ ਹੈ। ਛੋਟੂ ਰਾਮ ਦੀ ਅਗਵਾਈ ਵਿਚ ਉਹ ਯੂਨੀਅਨਿਸਟ ਪਾਰਟੀ/ਜਿ਼ਮੀਂਦਾਰਾ ਲੀਗ ਦੇ ਝੰਡੇ ਹੇਠ ਇਕੱਠੇ ਹੋਣ ਲੱਗੇ। ਛੋਟੂ ਰਾਮ ਨੇ 1930-1945 ਦੇ ਸਾਲਾਂ ਦੌਰਾਨ ਕਿਸਾਨ ਭਲਾਈ ਦੇ 22 ਐਕਟ ਅਤੇ ਹੋਰ ਬਿੱਲ ਅੰਗਰੇਜ਼ਾਂ ਕੋਲੋਂ ਪਾਸ ਕਰਵਾਏ ਅਤੇ ਇਨ੍ਹਾਂ ਨੂੰ ਲਾਗੂ ਕਰਵਾਉਣ ਲਈ ਆਪਣੇ ਅੰਤਲੇ ਸਮੇਂ ਤੱਕ ਦਿਨ ਰਾਤ ਇੱਕ ਕਰ ਦਿੱਤਾ।

1930 ਵਿਚ ਕਿਸਾਨਾਂ ਸਿਰ ਚੜ੍ਹੇ ਕਰਜ਼ੇ ਦੀ ਸਮੱਸਿਆ ਹੱਲ ਕਰਨ ਲਈ ‘ਦਿ ਪੰਜਾਬ ਰੈਗੂਲੇਸ਼ਨ ਆਫ ਅਕਾਊਂਟਸ ਐਕਟ-1930’ ਬਣਵਾਇਆ। ਇਸ ਵਿਚ ਹਰ ਕਿਸਾਨ ਦੇ ਖਾਤੇ ਬਾਰੇ ਪੂਰੀ ਜਾਣਕਾਰੀ ਦੇ ਕੇ ਛਿਮਾਹੀ ਸਰਕਾਰੀ ਨਿਰੀਖਣ ਕਰਵਾਉਣਾ ਜ਼ਰੂਰੀ ਕਰ ਦਿੱਤਾ। 1934 ਵਿਚ ‘ਦਿ ਪੰਜਾਬ ਰਿਲੀਫ ਆਫ ਇਨਡੈਬਟੈਡਨੈੱਸ ਐਕਟ-1934’ ਰਾਹੀਂ ਕਿਸਾਨਾਂ ਨੂੰ ਕਰਜ਼ੇ ਤੋਂ ਰਾਹਤ ਦਿਵਾਈ। ਇਸ ਵਿਚ ‘ਦਾਮ ਦੁੱਪੜ’ ਨੀਤੀ ਨਾਲ ਮੂਲ ਰਾਸ਼ੀ ਨਾਲੋਂ ਦੁੱਗਣਾ ਵਿਆਜ ਭਰ ਦੇਣ ’ਤੇ ਖਾਤਾ ਬੰਦ ਹੋ ਜਾਣਾ ਸੀ। ਮਾਲ ਡੰਗਰ ਤੇ ਖੇਤੀ ਸੰਦਾਂ ਦੀ ਕੁਰਕੀ ਅਤੇ ਕਿਸਾਨਾਂ ਦੀ ਗ੍ਰਿਫ਼ਤਾਰੀ ਉੱਤੇ ਰੋਕ ਲਗਾ ਦਿੱਤੀ। ਇਨ੍ਹਾਂ ਵਿਚੋਂ ਸਭ ਤੋਂ ਪਹਿਲੇ ਕਾਨੂੰਨ ਦੇ ਪਾਸ ਹੋਣ ਮਗਰੋਂ ਪੰਜਾਬ ਵਿਚ ਕਈ ਥਾਈਂ ਸ਼ਾਹੂਕਾਰਾਂ ਵੱਲੋਂ ਵਹੀਆਂ-ਖਾਤੇ ਸਾੜਨ ਦਾ ਜਿ਼ਕਰ ਵੀ ਮਿਲਦਾ ਹੈ। ਛੋਟੂ ਰਾਮ ਦੇ ਪਾਸ ਕਰਵਾਏ ਕਾਨੂੰਨਾਂ ਵਿਚੋ ਇੱਕ ਦਾ ਨਾਂ ‘ਦਿ ਪੰਜਾਬ ਰੈਸਟੀਟਿਊਸ਼ਨ ਆਫ ਮਾਰਗੇਜਡ ਲੈਂਡ ਐਕਟ-1938’ ਸੀ। ਇਸ ਐਕਟ ਦੇ ਪਾਸ ਹੁੰਦੇ ਹੀ 8 ਜੂਨ 1901 ਤੋਂ ਲੈ ਕੇ 1938 ਤੱਕ ਸ਼ਾਹੂਕਾਰ ਕੋਲ ਗਹਿਣੇ ਪਈ ਜ਼ਮੀਨ ਅਸਲ ਮਾਲਕ ਦੀ ਹੋ ਜਾਣੀ ਸੀ। ਇਸ ਜ਼ਮੀਨ ਨੂੰ ਜੇ ਗਹਿਣੇ ਪਏ 20 ਸਾਲ ਹੋ ਗਏ ਹੋਣ ਅਤੇ ਸ਼ਾਹੂਕਾਰ ਦੋ ਦਹਾਕੇ ਜਾਂ ਇਸ ਤੋਂ ਵੀ ਵੱਧ ਸਮਾਂ ਇਸ ਜ਼ਮੀਨ ਦੀ ਆਮਦਨ ਖਾ ਚੁੱਕਿਆ ਹੈ ਤਾਂ ਉਸ ਨੂੰ ਇਸ ਜ਼ਮੀਨ ’ਤੇ ਕਬਜ਼ਾ ਰੱਖਣ ਦਾ ਹੱਕ ਨਹੀਂ ਸੀ। ਅਸਲ ਮਾਲਕ ਨੇ ਆਪਣੀ ਜ਼ਮੀਨ ਦਾ ਵੇਰਵਾ ਸਾਦੇ ਕਾਗਜ਼ ’ਤੇ ਲਿਖ ਕੇ ਡਿਪਟੀ ਕਮਿਸ਼ਨਰ ਨੂੰ ਅਰਜ਼ੀ ਦੇਣੀ ਹੁੰਦੀ ਸੀ। ਨਿਸ਼ਚਿਤ ਸਮੇਂ ਵਿਚ ਇਸ ਦੀ ਪੜਤਾਲ ਪਿੱਛੋਂ ਇਹ ਜ਼ਮੀਨ ਅਸਲ ਮਾਲਕ ਦੀ ਹੋ ਜਾਣੀ ਸੀ। ਕਿਸਾਨ ਨੂੰ ਪੱਲਿਓਂ ਕੋਈ ਖਰਚ ਨਹੀਂ ਕਰਨਾ ਪੈਂਦਾ ਸੀ। ਨਤੀਜਾ ਇਹ ਹੋਇਆ ਕਿ 8 ਲੱਖ 35 ਹਜ਼ਾਰ ਏਕੜ/ਕਿੱਲੇ/ਵਿੱਘੇ ਤੇ ਕੱਚੇ ਵਿੱਘੇ ਜਿਸ ਦੀ ਆਮਦਨੀ ਵੀਹ ਸਾਲ ਜਾਂ ਉਸ ਤੋਂ ਵੀ ਵੱਧ ਸਮੇਂ ਤੋਂ ਸ਼ਾਹੂਕਾਰ ਕੇਵਲ 4 ਲੱਖ 13 ਹਜ਼ਾਰ ਰੁਪਏ ਕਰਜ਼ਾ ਦੇ ਕੇ ਖਾਂਦੇ ਰਹੇ ਸਨ, ਇਹੀ ਜ਼ਮੀਨ 3 ਲੱਖ 65 ਹਜ਼ਾਰ ਕਿਸਾਨਾਂ ਨੂੰ ਮੁਫ਼ਤ ਵਿਚ ਵਾਪਸ ਮਿਲ ਗਈ। ਪਾਕਿਸਤਾਨੀ ਪੰਜਾਬ ਦੇ ‘ਦਿ ਲੈਂਡ ਅਲਾਈਨੇਸ਼ਨ ਆਫ ਲੈਂਡ ਐਕਟ-1900’ ਅਤੇ ਇਸ ਵਿਚ ਚੌਧਰੀ ਛੋਟੂ ਰਾਮ ਦੀਆਂ ਕਰਵਾਈਆਂ ਤਰਮੀਮਾਂ ਹੁਣ ਵੀ ਸ਼ਾਮਲ ਹਨ।

ਸਰ ਛੋਟੂ ਰਾਮ ਨੇ ਕਿਸਾਨ ਭਲਾਈ ਫੰਡ ਵੀ ਬਣਾਇਆ। ਇਸ ਵਿਚੋਂ ਹੜ੍ਹਾਂ, ਸੋਕਿਆਂ ਅਤੇ ਹੋਰ ਕਿਸੇ ਨੁਕਸਾਨ ਨਾਲ ਖ਼ਰਾਬ ਹੋਈ ਫਸਲ ਦੇ ਮਾਲਕ ਕਿਸਾਨਾਂ ਨੂੰ ਕੁਝ ਰਾਹਤ ਮਿਲਣ ਲੱਗੀ। ਇਸ ਫੰਡ ਵਿਚੋਂ ਹੀ ਪੇਂਡੂ ਵਰਗ ਦੇ ਕਿਸਾਨ ਅਤੇ ਹੋਰ ਵਰਗਾਂ ਦੇ ਬੱਚਿਆਂ ਲਈ ਵਜ਼ੀਫਾ ਵੀ ਸ਼ੁਰੂ ਹੋਇਆ। ਭੌਤਿਕ ਵਿਗਿਆਨ ਵਿਚ ਨੋਬੇਲ ਪੁਰਸਕਾਰ ਹਾਸਲ ਕਰਨ ਵਾਲੇ ਪਾਕਿਸਤਾਨੀ ਡਾ. ਅਬਦੁਸ ਸਲਾਮ ਇਸੇ ਵਜ਼ੀਫ਼ੇ ਨਾਲ ਵਿਦੇਸ਼ ਵਿਚ ਉੱਚ ਵਿੱਦਿਆ ਹਾਸਲ ਕਰ ਸਕੇ। ਅਗਸਤ 1995 ਵਿਚ ਸਰ ਛੋਟੂ ਰਾਮ ਦੀ 50ਵੀਂ ਬਰਸੀ ਮੌਕੇ ਡਾ. ਅਬਦੁਸ ਸਲਾਮ ਨੇ ਪਾਕਿਸਤਾਨ ਦੇ ਅੰਗਰੇਜ਼ੀ ਅਖਬਾਰ ‘ਡਾਅਨ’ ਵਿਚ ਉਨ੍ਹਾਂ ਨੂੰ ਸ਼ਰਧਾਂਜਲੀ ਵੀ ਦਿੱਤੀ।

1925 ਵਿਚ ਜਦੋਂ ਉਹ ਸਿੱਖਿਆ ਮੰਤਰੀ ਸਨ ਤਾਂ ਲੜਕੀਆਂ ਦੀ ਸਿੱਖਿਆ ਲਈ ਉਨ੍ਹਾਂ ਨੇ ਕਈ ‘ਗੁਰੂਕੁਲ’ ਖੁੱਲ੍ਹਵਾਏ। ਉਸ ਸਮੇਂ ਕਿਸਾਨ ਪਰਿਵਾਰਾਂ ਦੀਆਂ ਔਰਤਾਂ ਨੂੰ ਕਾਨੂੰਨ ਮੁਤਾਬਕ ਕਾਸ਼ਤਕਾਰ ਦਾ ਦਰਜਾ ਨਹੀਂ ਮਿਲਦਾ ਸੀ। ਜੇ ਕਿਸੇ ਕਿਸਾਨ ਦੀ ਮੌਤ ਹੋ ਜਾਣੀ ਤਾਂ ਉਸ ਦੀ ਘਰਵਾਲੀ ਦਾ ਘਰ ’ਤੇ ਵੀ ਕੋਈ ਹੱਕ ਨਹੀਂ ਸੀ ਰਹਿ ਜਾਂਦਾ ਸੀ। ਉਨ੍ਹਾਂ ਨੇ ਔਰਤਾਂ ਨੂੰ ਕਾਸ਼ਤਕਾਰ ਦਾ ਕਾਨੂੰਨੀ ਦਰਜਾ ਦਿਵਾ ਕੇ ਹਜ਼ਾਰਾਂ ਪਰਿਵਾਰਾਂ ਨੂੰ ਸੜਕ ’ਤੇ ਆਉਣ ਤੋਂ ਬਚਾਇਆ।

ਪਹਿਲਾਂ ਕਿਸਾਨਾਂ ਦੀ ਫਸਲ ਨੂੰ ਮੰਡੀਆਂ ਵਿਚ ਆੜ੍ਹਤੀਏ ਅਤੇ ਵਪਾਰੀ ਜਾਣ-ਬੁੱਝ ਕੇ ਅਤੇ ਮਨਮਰਜ਼ੀ ਦੇ ਮੁੱਲ ‘ਤੇ ਖਰੀਦ ਲੈਂਦੇ ਸਨ। ਕਿਸਾਨਾਂ ਦੀ ਇਹ ਲੁੱਟ ਰੋਕਣ ਲਈ ਉਨ੍ਹਾਂ 1939 ਵਿਚ ‘ਦਿ ਪੰਜਾਬ ਐਗਰੀਕਲਚਰਲ ਪ੍ਰੋਡਿਊਸ ਮਾਰਕਿਟਿੰਗ ਐਕਟ’ ਪਾਸ ਕਰਾਇਆ। ਇਸ ਰਾਹੀਂ ਜਿਣਸ ਦਾ ਪੂਰਾ ਬਣਦਾ ਮੁੱਲ ਦਿਵਾਉਣ ਲਈ ਮਾਰਕੀਟ ਕਮੇਟੀਆਂ ਬਣਾਈਆਂ ਗਈਆਂ। ਅਨਾਜ ਦੀ ਖੁੱਲ੍ਹੀ ਬੋਲੀ ਲਾਉਣਾ ਅਤੇ ਕਿਸਾਨਾਂ ਨੂੰ ਸਹੂਲਤਾਂ ਦੇਣਾ ਇਸ ਦੇ ਮੁੱਖ ਕਾਰਜ ਸਨ। ਕਿਸਾਨਾਂ ਨੂੰ ਉਨ੍ਹਾਂ ਦੀ ਜਿਣਸ ਦੇ ਮਿਲਦੇ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਦੀ ਸ਼ੁਰੂਆਤ ਕਰਨ ਵਾਲੇ ਵੀ ਸਰ ਛੋਟੂ ਰਾਮ ਹੀ ਸਨ। ਜਦੋਂ ਦੂਜੀ ਸੰਸਾਰ ਜੰਗ ਸਮੇਂ ਵਾਇਸਰਾਇ ਲਾਰਡ ਵੇਵਲ ਨੇ ਭਾਰਤ ਦੇ ਸਾਰੇ ਸੂਬਿਆਂ ਦੇ ਖੇਤੀਬਾੜੀ ਮੰਤਰੀਆਂ ਦੀ ਮੀਟਿੰਗ ਬੁਲਾਈ ਤਾਂ ਉਸ ਨੇ ਭਾਰਤ ਤੋਂ ਵਿਦੇਸ਼ ਭੇਜੀ ਜਾਣ ਵਾਲੀ ਕਣਕ ਦਾ ਮੁੱਲ ਛੇ ਰੁਪਏ ਮਣ ਰੱਖਣਾ ਚਾਹਿਆ ਪਰ ਮੰਡੀ ਵਿਚ ਕਣਕ ਦਸ ਰੁਪਏ ਮਣ ਵਿਕ ਰਹੀ ਸੀ। ਇਸ ਤੋਂ ਪਹਿਲਾਂ ਸਰਕਾਰ ਬੰਗਾਲ ਦੇ ਕਿਸਾਨਾਂ ਕੋਲੋਂ ਚੌਲ ਬਹੁਤ ਸਸਤੇ ਭਾਅ ਖਰੀਦ ਚੁੱਕੀ ਸੀ ਅਤੇ 30 ਲੱਖ ਬੰਗਾਲੀ ਭੁੱਖਮਰੀ ਦਾ ਸਿ਼ਕਾਰ ਹੋ ਗਏ ਸਨ। ਛੋਟੂ ਰਾਮ ਇਸ ਤੋਂ ਚੰਗੀ ਤਰ੍ਹਾਂ ਜਾਣੂ ਸੀ। ਉਹ ਪੰਜਾਬ ਨੂੰ ਬੰਗਾਲ ਵਾਲੇ ਹਾਲਾਤ ਵਿਚ ਕਿਸੇ ਵੀ ਕੀਮਤ ’ਤੇ ਧੱਕਣਾ ਨਹੀਂ ਚਾਹੁੰਦੇ ਸਨ। ਉਨ੍ਹਾਂ ਵਾਇਸਰਾਇ ਨੂੰ ਕਿਹਾ ਕਿ ਪੰਜਾਬ ਤੋਂ ਕਣਕ ਦਾ ਦਾਣਾ ਵੀ 10 ਰੁਪਏ ਮਣ ਤੋਂ ਘੱਟ ਕੀਮਤ ਮਿਲੇ ਬਗੈਰ ਬਾਹਰ ਨਹੀਂ ਜਾਵੇਗਾ ਅਤੇ ਜੇ ਧੱਕਾ ਕੀਤਾ ਗਿਆ ਤਾਂ ਪੰਜਾਬੀ ਆਪਣੀ ਖੜ੍ਹੀ ਫ਼ਸਲ ਨੂੰ ਅੱਗ ਲਾ ਦੇਣਗੇ। ਵਾਇਸਰਾਇ ਅੱਗ ਬਬੂਲਾ ਹੋ ਕੇ ਉੱਠ ਕੇ ਚਲਾ ਗਿਆ ਅਤੇ ਪੰਜਾਬ ਦੇ ਗਵਰਨਰ ਨੂੰ ਹੁਕਮ ਦਿੱਤਾ ਕਿ ਛੋਟੂ ਰਾਮ ਤੋਂ ਮੰਤਰੀ ਦਾ ਪਦ ਵਾਪਸ ਲੈ ਲਿਆ ਜਾਵੇ ਪਰ ਗਵਰਨਰ ਨੇ ਵਾਇਸਰਾਇ ਨੂੰ ਸਲਾਹ ਦਿੱਤੀ ਕਿ ਜੇ ਅਜਿਹਾ ਹੋਇਆ ਤਾਂ ਪੰਜਾਬ ਹੀ ਨਹੀਂ ਬਲਕਿ ਬਾਹਰ ਵੀ ਗੜਬੜ ਹੋ ਜਾਵੇਗੀ। ਅੰਗਰੇਜ਼ ਸਰਕਾਰ ਨੂੰ ਕਣਕ 10 ਰੁਪਏ ਮਣ ਹੀ ਖਰੀਦਣੀ ਪਈ।

ਮੁਸਲਮਾਨਾਂ ਲਈ ਵੱਖਰੇ ਮੁਲਕ ਦੀ ਮੰਗ ਕਰਨ ਵਾਲੀ ਮੁਸਲਿਮ ਲੀਗ ਅਤੇ ਇਸ ਦੇ ਨੇਤਾ ਮੁਹੰਮਦ ਅਲੀ ਜਿਨਾਹ ਨੂੰ ਮੁਸਲਿਮ ਬਹੁਗਿਣਤੀ ਸੂਬੇ ਪੰਜਾਬ ਵਿਚ ਧਰਮ ਨਿਰਪੱਖ ਪਾਰਟੀ ‘ਯੂਨੀਅਨਿਸਟ ਪਾਰਟੀ/ਜਿਮੀਂਦਾਰਾ ਲੀਗ’ ਦੇ ਸੱਤਾ ਵਿਚ ਆਉਣਾ ਹਜ਼ਮ ਨਹੀਂ ਹੋ ਰਿਹਾ ਸੀ। ਉਹ ਵੱਖਰੇ ਮੁਲਕ ਦੀ ਮੰਗ ਦੇ ਰਾਹ ਵਿਚ ਸਰ ਛੋਟੂ ਰਾਮ ਨੂੰ ਵੱਡਾ ਰੋੜਾ ਸਮਝਦਾ ਸੀ। ਫ਼ਜ਼ਲ ਹੁਸੈਨ ਅਤੇ ਸਿਕੰਦਰ ਹਿਆਤ ਖਾਨ ਨੂੰ ਵਰਗਲਾਉਣ ਵਿਚ ਉਹ ਪੂਰੀ ਤਰ੍ਹਾਂ ਅਸਫ਼ਲ ਹੋ ਗਿਆ ਸੀ। ਨਤੀਜੇ ਵਜੋਂ ਉਸ ਨੇ ਸਰ ਛੋਟੂ ਰਾਮ ਨੂੰ ਵਰਗਲਾਉਣਾ ਚਾਹਿਆ। ‘ਮਮਦੋਟ ਵਿਲਾ’ ਵਿਚ ਦੋਹਾਂ ਲੀਡਰਾਂ ਦਰਮਿਆਨ ਮੀਟਿੰਗ ਰੱਖੀ ਗਈ। ਜਿਨਾਹ ਨੇ ਸਰ ਛੋਟੂ ਰਾਮ ਨੂੰ ਪੰਜਾਬ ਦੀ ਵਜ਼ਾਰਤ ਵਿਚ ਬਹੁਗਿਣਤੀ ਮੁਸਲਮਾਨ ਮੈਂਬਰਾਂ ਦੇ ਹਵਾਲੇ ਤੋਂ ਉਨ੍ਹਾਂ ਨੂੰ ਮੁਸਲਿਮ ਲੀਗ ਨਾਲ ਮਿਲ ਕੇ ਚੱਲਣ ਦੀ ਸਲਾਹ ਦਿੱਤੀ। ਇਹ ਲਾਲਚ ਵੀ ਦਿੱਤਾ ਕਿ ਮੁਸਲਿਮ ਲੀਗ ਦੀ ਸਰਕਾਰ ਵਿਚ ਉਨ੍ਹਾਂ ਦੇ ਮੰਤਰੀ ਪਦ ਦਾ ਅਹੁਦਾ ਬਰਕਰਾਰ ਰਹੇਗਾ ਪਰ ਛੋਟੂ ਰਾਮ ਨੇ ਸਾਫ਼ ਇਨਕਾਰ ਕਰਦੇ ਹੋਏ ਕਿਹਾ ਕਿ ਪੰਜਾਬ ਵਿਚ ਯੂਨੀਅਨਿਸਟ ਸਰਕਾਰ ਹਿੰਦੂ, ਮੁਸਲਮਾਨ ਅਤੇ ਸਿੱਖਾਂ ਦੀ ਸਾਂਝੀ ਸਰਕਾਰ ਹੈ। ਜੇ ਕੁਝ ਮੁਸਲਮਾਨ ਮੈਂਬਰ ਸਾਡੇ ਵਿਰੋਧ ਵਿਚ ਚਲੇ ਵੀ ਜਾਣ ਤਾਂ ਓਨੇ ਹੀ ਹੋਰ ਵਿਰੋਧੀ ਮੈਂਬਰ ਸਾਡੇ ਨਾਲ ਆ ਜਾਣਗੇ। ਸਾਡੀ ਸਰਕਾਰ ਟੁੱਟਣ ਦੀ ਬਜਾਇ ਹੋਰ ਮਜ਼ਬੂਤ ਹੋਵੇਗੀ। ਜਿਨਾਹ ਨੇ ਦੋ ਵਾਰ ਸਰ ਛੋਟੂ ਰਾਮ ਨਾਲ ਮੁਲਾਕਾਤ ਕੀਤੀ। ਦੂਜੀ ਵਾਰ ਜਿਨਾਹ ਨੇ ਹਾਂ ਜਾਂ ਨਾਂਹ ਵਿਚ ਜਵਾਬ ਮੰਗਿਆ ਤਾਂ ਛੋਟੂ ਰਾਮ ਨੇ ਮੇਜ਼ ’ਤੇ ਮੁੱਕਾ ਮਾਰ ਕੇ ਠੋਕਵਾਂ ਜਵਾਬ ਦਿੱਤਾ। ਜਿਨਾਹ ਨੂੰ ਇੰਨੇ ਕੋਰੇ ਜਵਾਬ ਦੀ ਆਸ ਨਹੀਂ ਸੀ। ਉਸ ਤੋਂ ਬਾਅਦ ਉਹ ਹਰ ਜਗ੍ਹਾ ਸਰ ਛੋਟੂ ਰਾਮ ਬਾਰੇ ਜ਼ਹਿਰ ਉਗਲਣ ਲੱਗਾ। ਸਰ ਛੋਟੂ ਰਾਮ ਨੇ ਉਸ ਨੂੰ ਚੌਵੀ ਘੰਟੇ ਦੇ ਵਿਚ ਵਿਚ ਪੰਜਾਬ ਤੋਂ ਬਾਹਰ ਜਾਣ ਦਾ ਹੁਕਮ ਦੇ ਦਿੱਤਾ ਅਤੇ ਜਿਨਾਹ ਅਗਲੇ ਹੀ ਦਿਨ ਕਸ਼ਮੀਰ ਪਹੁੰਚ ਗਿਆ। ਫ਼ਜ਼ਲ-ਏ-ਹੁਸੈਨ ਅਤੇ ਸਿਕੰਦਰ ਹਯਾਤ ਖਾਨ ਦੀ ਮੌਤ ਤੋਂ ਬਾਅਦ ਯੂਨੀਅਨਿਸਟ ਪਾਰਟੀ ਦੀ ਸਾਰੀ ਜਿ਼ੰਮੇਵਾਰੀ ਹੁਣ ਸਰ ਛੋਟੂ ਰਾਮ ਦੇ ਸਿਰ ਸੀ। ਪੰਜਾਬ ਵਿਚ ਫਿਰਕੂ ਤਾਕਤਾਂ ਭਾਰੀ ਹੋ ਰਹੀਆਂ ਸਨ। ਅਜਿਹੇ ਨਾਜ਼ੁਕ ਦੌਰ ਵਿਚ ਸਰ ਛੋਟੂ ਰਾਮ ਨੇ ਖਿ਼ਜ਼ਰ ਹਯਾਤ ਖਾਨ ਟਿਵਾਣਾ ਨੂੰ ਪੰਜਾਬ ਦਾ ਪ੍ਰੀਮੀਅਰ ਬਣਾਇਆ। ਪਾਰਟੀ ਦੇ ਕਈ ਲੀਡਰਾਂ ਦੇ ਮੁੰਡੇ ਮੁਸਲਿਮ ਲੀਗ ਵੱਲ ਹੋ ਗਏ। ਸਿਕੰਦਰ ਹਯਾਤ ਖਾਨ ਦਾ ਲੜਕਾ ਸ਼ੌਕਤ ਹਯਾਤ ਖਾਨ ਵੀ ਮੁਸਲਿਮ ਲੀਗ ਦੀ ਹਮਾਇਤ ਕਰਨ ਲੱਗਾ ਪਰ ਖਿ਼ਜ਼ਰ ਨੇ ਉਸ ਨੂੰ ਆਪਣੀ ਵਜ਼ਾਰਤ ਵਿਚ ਮੰਤਰੀ ਬਣਾ ਲਿਆ ਤਾਂ ਜੋ ਉਹ ਇਸ ਪਾਸੇ ਹੀ ਰਹੇ। ਉਹ ਵਜ਼ਾਰਤ ਦੇ ਸਾਰੇ ਭੇਤ ਜਿਨਾਹ ਨੂੰ ਦੇਣ ਲੱਗ ਪਿਆ। ਆਖਿ਼ਰ ਸਰ ਛੋਟੂ ਰਾਮ ਅਤੇ ਖਿ਼ਜ਼ਰ ਨੇ ਉਸ ਨੂੰ ਬਾਹਰ ਦਾ ਰਾਹ ਦਿਖਾ ਦਿੱਤਾ। ਜੋ ਹਿੰਦੂ ਤੇ ਸਿੱਖ ਨੇਤਾ ਪਹਿਲਾਂ ਛੋਟੂ ਰਾਮ ਦੇ ਖਿਲਾਫ ਸਨ, ਉਹ ਸਰ ਛੋਟੂ ਰਾਮ ਦੀ ਸ਼ਰਨ ਵਿਚ ਆ ਗਏ। ਫਿਰਕੂ ਆਧਾਰ ’ਤੇ ਪੰਜਾਬ ਵੰਡ ਦੀ ਵਿਰੋਧੀ ਬੱਸ ਹੁਣ ਯੂਨੀਅਨਿਸਟ ਪਾਰਟੀ ਹੀ ਸੀ। ਇਨ੍ਹੀਂ ਦਿਨੀਂ ਸਰ ਛੋਟੂ ਰਾਮ ਦੀ ਸਿਹਤ ਖ਼ਰਾਬ ਰਹਿਣ ਲੱਗ ਪਈ। ਡਾਕਟਰਾਂ ਨੇ ਆਰਾਮ ਦੀ ਸਲਾਹ ਦਿੱਤੀ ਪਰ ਉਹ ਪੰਜਾਬ ਦੇ ਕੋਨੇ ਕੋਨੇ ਵਿਚ ਜਾ ਕੇ ਤਕਰੀਰਾਂ ਕਰਦੇ ਅਤੇ ਲੋਕਾਂ ਨੂੰ ਸਮਝਾਉਂਦੇ ਕਿ ਇਕੱਠੇ ਰਹਿਣ ਵਿਚ ਹੀ ਸਭ ਦਾ ਭਲਾ ਹੈ।

ਉੱਤਰੀ ਭਾਰਤ ਨੂੰ ਰੌਸ਼ਨ ਕਰਨ ਵਾਲਾ ਭਾਖੜਾ ਡੈਮ ਅਸਲ ਵਿਚ ਸਰ ਛੋਟੂ ਰਾਮ ਦੀ ਹੀ ਦੇਣ ਹੈ। ਆਜ਼ਾਦੀ ਤੋਂ ਬਾਅਦ ਨਵੀਆਂ ਬਣੀਆਂ ਸਰਕਾਰਾਂ ਨੇ ਇਸ ਦਾ ਸਿਹਰਾ ਵੀ ਆਪਣੇ ਸਿਰ ਸਜਾ ਲਿਆ। ਭਾਖੜਾ ਡੈਮ ਯੋਜਨਾ ਨੂੰ ਲੈ ਕੇ 1944 ਵਿਚ ਪੰਜਾਬ ਸਰਕਾਰ ਅਤੇ ਰਿਆਸਤ ਬਿਲਾਸਪੁਰ ਵਿਚ ਲਿਖਤੀ ਸਮਝੌਤਾ ਸਰ ਛੋਟੂ ਰਾਮ ਦੇ ਯਤਨਾਂ ਨਾਲ ਹੀ ਸਿਰੇ ਚੜ੍ਹਿਆ ਸੀ। ਸਮਝੌਤੇ ਦੀ ਹਰ ਸ਼ਰਤ ਕਲਮਬੱਧ ਕਰ ਕੇ ਅੰਤਿਮ ਰੂਪ ਵਿਚ 8 ਜਨਵਰੀ, 1945 ਨੂੰ ਸਰ ਛੋਟੂ ਰਾਮ ਨੇ ਇਸ ਉੱਤੇ ਦਸਤਖ਼ਤ ਕੀਤੇ ਪਰ ਇਸ ਯੋਜਨਾ ਦੇ ਕਰਤਾ-ਧਰਤਾ ਸਰ ਛੋਟੂ ਰਾਮ ਦੀ ਅਗਲੇ ਹੀ ਦਿਨ 9 ਜਨਵਰੀ ਦੀ ਸਵੇਰ ਨੂੰ ਲਾਹੌਰ ਵਿਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਉਨ੍ਹਾਂ ਦੀ ਮੌਤ ਤੋਂ ਬਾਅਦ ਯੂਨੀਅਨਿਸਟ ਪਾਰਟੀ ਦਾ ਪਤਨ ਸ਼ੁਰੂ ਹੋ ਗਿਆ। ਫਿਰਕੂ ਤਾਕਤਾਂ ਦਿਨੋ-ਦਿਨ ਭਾਰੂ ਪੈਂਦੀਆਂ ਗਈਆਂ। ਸਰ ਛੋਟੂ ਰਾਮ ਦਾ ਦਿੱਲੀ ਤੋਂ ਰਾਵਲਪਿੰਡੀ ਤੱਕ ਪੰਜਾਬ ਨੂੰ ਇੱਕ ਰੱਖਣ ਦਾ ਸੁਪਨਾ ਚੂਰ ਚੂਰ ਹੋ ਗਿਆ। ਮੁਸਲਿਮ ਲੀਗ ਨੇ ਖਿ਼ਜ਼ਰ ਦੀ ਸਰਕਾਰ ਦੇ ਪੈਰ ਨਾ ਲੱਗਣ ਦਿੱਤੇ ਅਤੇ ਪੰਜਾਬ ਦੀ ਵੰਡ ਦਾ ਰਾਹ ਪੱਧਰ ਹੋ ਗਿਆ। ਵਰਤਮਾਨ ਚੜ੍ਹਦੇ ਲਹਿੰਦੇ ਪੰਜਾਬ, ਹਰਿਆਣਾ ਅਤੇ ਹਿਮਾਚਲ ਵਿਚ ਅੱਜ ਵੀ ਕਈ ਪੁਰਾਣੇ ਬਜ਼ੁਰਗਾਂ ਨੂੰ ਛੋਟੂ ਰਾਮ ਦੀਆਂ ਬਹੁਤੀਆਂ ਗੱਲਾਂ, ਕਿੱਸੇ ਕਹਾਣੀਆਂ ਵਾਂਗ ਯਾਦ ਹਨ। ਲੋਕ ਅੱਜ ਵੀ ਉਨ੍ਹਾਂ ਨੂੰ ਦੀਨਬੰਧੂ, ਰਹਿਬਰ-ਏ-ਆਜ਼ਮ ਅਤੇ ਕਿਸਾਨਾਂ ਦੇ ਮਸੀਹਾ ਵਜੋਂ ਯਾਦ ਕਰਦੇ ਹਨ।

Tags: chhoto Rampro punjab tvpunjabi news
Share220Tweet138Share55

Related Posts

ਅਹਿਮਦਾਬਾਦ Plane Crash ਤੋਂ 4 ਹਫਤੇ ਪਹਿਲਾਂ ਇੰਗਲੈਂਡ ਨੇ ਬੋਇੰਗ ਜਹਾਜ਼ ਨੂੰ ਲੈ ਕੇ ਜਾਰੀ ਕੀਤੀ ਸੀ ਇਹ ਚਿਤਾਵਨੀ

ਜੁਲਾਈ 15, 2025

Ahemdabad Plane Crash: ਅਹਿਮਦਾਬਾਦ ਜਹਾਜ਼ ਹਾਦਸੇ ਦਾ ਕਾਰਨ ਆਇਆ ਸਾਹਮਣੇ, ਜਾਣੋ ਕਿਸ ਕਾਰਨ ਵਾਪਰਿਆ ਹਾਦਸਾ

ਜੁਲਾਈ 12, 2025

ਰੀਲ ‘ਤੇ ਸਟੰਟ ਕਰਨਾ ਨੌਜਵਾਨ ਨੂੰ ਪਿਆ ਭਾਰੀ, ਵਾਪਰਿਆ ਅਜਿਹਾ ਹਾਦਸਾ

ਜੁਲਾਈ 11, 2025
earthquake

Earthquake: ਇਸ ਵੱਡੇ ਸ਼ਹਿਰ ਆਇਆ ਭੁਚਾਲ, 10 ਸੈਕੰਡ ਤੱਕ ਮਹਿਸੂਸ ਕੀਤੇ ਗਏ ਝਟਕੇ

ਜੁਲਾਈ 10, 2025

ਸਰਕਾਰੀ ਸਕੂਲਾਂ ਲਈ ਜਾਰੀ ਹੋਇਆ ਨਵਾਂ ਹੁਕਮ! ਅਧਿਆਪਕਾਂ ਲਈ ਜਰੂਰੀ ਹੋਵੇਗਾ ਇਹ ਕੰਮ

ਜੁਲਾਈ 9, 2025

ਰਾਜਸਥਾਨ ਦੇ ਚੁਰੂ ‘ਚ ਫਿਰ ਹੋਇਆ ਪਲੇਨ ਕਰੈਸ਼, ਲੋਕਾਂ ‘ਚ ਮਚਿਆ ਹੜਕੰਪ

ਜੁਲਾਈ 9, 2025
Load More

Recent News

Hair Care Tips: ਵਾਲਾਂ ਨੂੰ ਲੰਬੇ ਤੇ ਸੰਘਣੇ ਕਰਨ ਲਈ ਅਪਣਾਓ ਇਹ ਘਰੇਲੂ ਨੁਸਖੇ

ਜੁਲਾਈ 15, 2025

IND vs ENG Test Series: ਜਸਪ੍ਰੀਤ ਬੁਮਰਾਹ ਨੇ ਰਚਿਆ ਨਵਾਂ ਇਤਿਹਾਸ, ਦੁਨੀਆ ਦੇ ਕ੍ਰਿਕਟ ਜਗਤ ‘ਚ ਮਚਾਈ ਹਲਚਲ

ਜੁਲਾਈ 15, 2025

ਅਹਿਮਦਾਬਾਦ Plane Crash ਤੋਂ 4 ਹਫਤੇ ਪਹਿਲਾਂ ਇੰਗਲੈਂਡ ਨੇ ਬੋਇੰਗ ਜਹਾਜ਼ ਨੂੰ ਲੈ ਕੇ ਜਾਰੀ ਕੀਤੀ ਸੀ ਇਹ ਚਿਤਾਵਨੀ

ਜੁਲਾਈ 15, 2025

ਪੋਸਟ ਆਫਿਸ ਦੀ ਇਹ ਨਿਵੇਸ਼ ਸਕੀਮ ‘ਚ Invest ਕਰਨ ਨਾਲ ਹੋ ਸਕਦਾ ਹੈ ਵੱਡਾ ਫਾਇਦਾ!

ਜੁਲਾਈ 15, 2025

ਐਲੋਨ ਮਸਕ ਦੀ EV ਕੰਪਨੀ ਭਾਰਤ ‘ਚ ਲਾਂਚ ਕਰਨ ਜਾ ਰਹੀ ਆਪਣੀਆਂ ਖ਼ਾਸ ਫ਼ੀਚਰ ਵਾਲੀਆਂ ਗੱਡੀਆਂ, ਕੀਮਤ ਜਾਣ ਹੋ ਜਾਓਗੇ ਹੈਰਾਨ

ਜੁਲਾਈ 15, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.