ਮਾਮੂਲੀ ਝਗੜੇ ਕਾਰਨ 17 ਸਾਲਾ ਦਮਨ ਦਾ ਚਾਕੂ ਮਾਰ ਕੇ ਕਤਲ ਕਰਨ ਦੇ ਮਾਮਲੇ ਵਿੱਚ ਥਾਣਾ ਫ਼ੇਜ਼-8 ਦੀ ਪੁਲਿਸ ਨੇ ਇਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਸ ਦਾ ਨਾਮ ਸੋਹਾਣਾ ਵਾਸੀ ਗੌਰਵ ਦਸਿਆ ਜਾ ਰਿਹਾ ਹੈ। ਗੌਰਵ ਮੂਲ ਰੂਪ ਤੋਂ ਉਤਰ ਪ੍ਰਦੇਸ਼ ਦੇ ਪਟਵਈ ਥਾਣਾ ਖੇਤਰ ਦਾ ਰਹਿਣ ਵਾਲਾ ਦਸਿਆ ਜਾਂਦਾ ਹੈ।
ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਗੌਰਵ ਨੇ ਇਸ ਮਾਮਲੇ ’ਚ ਮੁੱਖ ਮੁਲਜ਼ਮ ਆਕਾਸ਼ ਅਤੇ ਹੋਰ ਨੌਜਵਾਨਾਂ ਦੀ ਮਦਦ ਕੀਤੀ ਸੀ। ਕਤਲ ਕਰਨ ਤੋਂ ਬਾਅਦ ਸਾਰੇ ਮੁਲਜ਼ਮ ਗੌਰਵ ਦੇ ਘਰ ਆਏ ਸਨ ਅਤੇ ਗੌਰਵ ਨੇ ਹੀ ਉਨ੍ਹਾਂ ਨੂੰ ਨਵੇਂ ਸਿਮ ਕਾਰਡ ਬਣਾ ਕੇ ਚੰਡੀਗੜ੍ਹ ਸੈਕਟਰ-17 ਦੇ ਬੱਸ ਅੱਡੇ ’ਤੇ ਸੁੱਟ ਦਿਤੇ ਸਨ। ਦਸਿਆ ਜਾ ਰਿਹਾ ਹੈ ਕਿ ਗੌਰਵ ਅਤੇ ਆਕਾਸ਼ ਬਚਪਨ ਦੇ ਦੋਸਤ ਹਨ ਅਤੇ 12ਵੀਂ ਜਮਾਤ ਤਕ ਇਕੱਠੇ ਪੜ੍ਹੇ ਹਨ ਅਤੇ ਕੁੱਝ ਦਿਨ ਪਹਿਲਾਂ ਦੋਵੇਂ ਰਾਜਸਥਾਨ ਦੇ ਖਾਟੂ ਸ਼ਿਆਮ ਮੰਦਰ ਵੀ ਗਏ ਸਨ।
ਫਿਲਹਾਲ ਪੁਲਿਸ ਨੇ ਗੌਰਵ ਨੂੰ ਅਦਾਲਤ ’ਚ ਪੇਸ਼ ਕਰ ਕੇ ਤਿੰਨ ਦਿਨ ਦਾ ਰਿਮਾਂਡ ਹਾਸਲ ਕਰ ਲਿਆ ਹੈ। ਥਾਣਾ ਫ਼ੇਜ਼ 8 ਦੇ ਇੰਚਾਰਜ ਰੁਪਿੰਦਰ ਸਿੰਘ ਨੇ ਦਸਿਆ ਕਿ ਗੌਰਵ ਵਲੋਂ ਇਸ ਮਾਮਲੇ ਵਿਚ ਕਈ ਅਹਿਮ ਪ੍ਰਗਟਾਵੇ ਹੋਣ ਦੀ ਉਮੀਦ ਹੈ। ਦੂਜੇ ਪਾਸੇ ਮ੍ਰਿਤਕ ਦਾਮਨ ਅਤੇ ਇਲਾਜ ਅਧੀਨ ਦਿਲਪ੍ਰੀਤ ਦੇ ਪਰਵਾਰ ਵਲੋਂ ਅਪਣੀਆਂ ਮੰਗਾਂ ਨੂੰ ਲੈ ਕੇ ਏਅਰਪੋਰਟ ਰੋਡ ’ਤੇ ਧਰਨਾ ਜਾਰੀ ਹੈ।
ਪਰਵਾਰ ਤੇ ਸਥਾਨਕ ਲੋਕ ਲਾਸ਼ ਨੂੰ ਸੜਕ ’ਤੇ ਰੱਖ ਕੇ ਧਰਨੇ ’ਤੇ ਬੈਠੇ ਹਨ: ਘਟਨਾ ’ਚ ਜਾਨ ਗਵਾਉਣ ਵਾਲੇ ਦਮਨ ਕੁਮਾਰ ਦਾ ਪਰਵਾਰ ਉਸ ਦੀ ਲਾਸ਼ ਸੜਕ ’ਤੇ ਰੱਖ ਕੇ ਧਰਨੇ ’ਤੇ ਬੈਠਾ ਹੈ। ਉਸ ਦਾ ਕਹਿਣਾ ਹੈ ਕਿ ਜਦੋਂ ਤਕ ਪੁਲਿਸ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕਰਦੀ ਉਹ ਦਮਨ ਦੀ ਲਾਸ਼ ਦਾ ਸਸਕਾਰ ਨਹੀਂ ਕਰਨਗੇ। ਇਸ ਦੇ ਨਾਲ ਹੀ ਪਰਵਾਰ ਨੇ ਪ੍ਰਸ਼ਾਸਨ ਤੋਂ ਉਚਿਤ ਮੁਆਵਜ਼ੇ ਦੀ ਮੰਗ ਵੀ ਕੀਤੀ ਹੈ।
ਮੋਹਾਲੀ ’ਚ ਗੈਰ-ਕਾਨੂੰਨੀ ਪੀ.ਜੀ ਤੇ ਕਿਰਾਏ ਦੇ ਮਕਾਨਾਂ ਦੀ ਜਾਂਚ ਸ਼ੁਰੂ : ਇਸ ਘਟਨਾ ਤੋਂ ਬਾਅਦ ਮੋਹਾਲੀ ’ਚ ਗ਼ੈਰ-ਕਾਨੂੰਨੀ ਪੀਜੀ ਅਤੇ ਕਿਰਾਏ ਦੇ ਮਕਾਨਾਂ ਦੀ ਜਾਂਚ ਸ਼ੁਰੂ ਕਰ ਦਿਤੀ ਗਈ ਹੈ। ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਜਿਨ੍ਹਾਂ ਮਕਾਨ ਮਾਲਕਾਂ ਨੇ ਅਪਣੇ ਘਰਾਂ ਵਿਚ ਗ਼ੈਰ-ਕਾਨੂੰਨੀ ਪੀਜੀ ਬਣਾਏ ਹੋਏ ਹਨ ਜਾਂ ਅਪਣੇ ਘਰਾਂ ਵਿਚ ਕਿਰਾਏਦਾਰ ਰੱਖੇ ਹੋਏ ਹਨ, ਉਨ੍ਹਾਂ ਦੀ ਪੁਲਿਸ ਵੈਰੀਫ਼ਿਕੇਸ਼ਨ ਨਹੀਂ ਹੋਈ ਹੈ। ਪ੍ਰਸ਼ਾਸਨ ਇਨ੍ਹਾਂ ਵਿਰੁਧ ਸਖ਼ਤ ਕਾਰਵਾਈ ਕਰੇਗਾ