ਪੰਜਾਬ ਦੀ ਮੌਜੂਦਾ ਸਰਕਾਰ ਵੱਲੋਂ ਸ਼ੁਰੂ ਕੀਤੀ ਜਾਣ ਵਾਲੀ ‘ਮੁੱਖ ਮੰਤਰੀ ਸਿਹਤ ਬੀਮਾ ਯੋਜਨਾ’ ਨੂੰ ਲਾਂਚ ਕਰਨ ਤਾਰੀਕ ਬਦਲ ਦਿੱਤੀ ਗਈ ਹੈ। ਹੁਣ ਇਹ ਯੋਜਨਾ 22 ਜਨਵਰੀ ਨੂੰ ਸ਼ੁਰੂ ਕੀਤੀ ਜਾਵੇਗੀ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ। ਪਹਿਲਾਂ ਇਹ ਯੋਜਨਾ 15 ਜਨਵਰੀ ਨੂੰ ਸ਼ੁਰੂ ਹੋਣੀ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਯੋਜਨਾ ਰਾਹੀਂ ਸੂਬੇ ਦੇ ਤਿੰਨ ਕਰੋੜ ਨਾਗਰਿਕਾਂ ਨੂੰ 10 ਲੱਖ ਰੁਪਏ ਤੱਕ ਦਾ ਮੁਫ਼ਤ ਅਤੇ ਕੈਸ਼ਲੈੱਸ ਇਲਾਜ ਮੁਹੱਈਆ ਕਰਨ ਦਾ ਵਾਅਦਾ ਕੀਤਾ ਹੈ। ਇਸ ਯੋਜਨਾ ਨਾਲ ਪੰਜਾਬ ਵਿੱਚ ਸਰਵ-ਵਿਆਪੀ ਸਿਹਤ ਕਵਰੇਜ ਮਜ਼ਬੂਤ ਹੋਵੇਗੀ।
ਪਹਿਲਾਂ ਇੱਕ ਪਰਿਵਾਰ ਨੂੰ 5 ਲੱਖ ਰੁਪਏ ਤੱਕ ਦੀ ਸਹੂਲਤ ਮਿਲਦੀ ਸੀ, ਜੋ ਹੁਣ 10 ਲੱਖ ਰੁਪਏ ਤੱਕ ਵਧਾ ਦਿੱਤੀ ਗਈ ਹੈ। ਯੋਜਨਾ ਦਾ ਲਾਭ ਸਰਕਾਰੀ ਕਰਮਚਾਰੀ, ਪੈਨਸ਼ਨਰ ਅਤੇ ਆਮ ਨਾਗਰਿਕ ਬਿਨਾਂ ਕਿਸੇ ਆਮਦਨ ਸੀਮਾ ਦੇ ਲੈ ਸਕਣਗੇ। ਇਸ ਨਾਲ ਹਰ ਪੰਜਾਬੀ ਲਈ ਸਿਹਤ ਸੇਵਾਵਾਂ ਦੀ ਪਹੁੰਚ ਸੁਨਿਸ਼ਚਿਤ ਹੋਵੇਗੀ।







