Ludhiana Bijli Rishwat Case: ਪੰਜਾਬ ਦੇ ਲੁਧਿਆਣਾ ਤੋਂ ਵੱਡੀ ਖ਼ਬਰ ਆਈ ਹੈ। ਥਾਣਾ ਸਲੇਮ ਟਾਬਰੀ ਪੁਲਿਸ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟੇਡ (PSPCL) ਦੇ ਤਿੰਨ ਆਊਟਸੋਰਸ ਕਰਮਚਾਰੀਆਂ ਨੂੰ ਰਿਸ਼ਵਤ ਲੈਣ ਦੇ ਦੋਸ਼ਾਂ ‘ਚ ਗ੍ਰਿਫ਼ਤਾਰ ਕੀਤਾ ਹੈ। ਇਹ ਤਿੰਨੇ ਕਰਮਚਾਰੀ 60 ਹਜ਼ਾਰ ਰੁਪਏ ਲੈ ਕੇ ਗੈਰਕਾਨੂੰਨੀ ਬਿਜਲੀ ਕਨੈਕਸ਼ਨ ਦੇਣ ਦੇ ਦੋਸ਼ੀ ਪਾਏ ਗਏ ਹਨ। ਗ੍ਰਿਫ਼ਤਾਰ ਕੀਤੇ ਗਏ ਲੋਕਾਂ ਵਿੱਚ ਦੋ ਪ੍ਰਾਈਵੇਟ ਲਾਈਨਮੈਨ ਸੰਦੀਪ ਕੁਮਾਰ ਤੇ ਗੁਰਵਿੰਦਰ ਸਿੰਘ ਅਤੇ ਇੱਕ ਨੋਡਲ ਕਰਮਚਾਰੀ ਸੰਜੀਵ ਬੱਸਸੀ ਸ਼ਾਮਲ ਹਨ।

ਪੁਲਿਸ ਮੁਤਾਬਕ, ਇਨ੍ਹਾਂ ਨੇ ਗੁਰਨਾਮ ਨਗਰ ‘ਚ ਇਕ ਵਰਕਸ਼ਾਪ ਦੇ ਨੇੜੇ 11 ਕੇਵੀ ਦੀ ਹਾਈ ਟੈਂਸ਼ਨ ਲਾਈਨ ਬਿਨਾਂ ਮਨਜ਼ੂਰੀ ਸ਼ਿਫਟ ਕਰ ਦਿੱਤੀ, ਤਾਂ ਜੋ ਇਕ ਕਾਰਪੈਂਟਰ ਨੂੰ ਬਿਜਲੀ ਕਨੈਕਸ਼ਨ ਮਿਲ ਸਕੇ। ਇਸ ਕਾਰਪੈਂਟਰ ਦਾ ਨਾਂ ਭਰਤ ਹੈ, ਜਿਸਨੇ ਪਹਿਲਾਂ ਵਿਭਾਗ ਤੋਂ ਇੰਡਸਟਰੀਅਲ ਕਨੈਕਸ਼ਨ ਲਈ ਅਰਜ਼ੀ ਦਿੱਤੀ ਸੀ ਪਰ ਲਾਈਨ ਉਸਦੀ ਦੁਕਾਨ ਦੇ ਉੱਤੇ ਹੋਣ ਕਰਕੇ ਇਨਕਾਰ ਹੋ ਗਿਆ ਸੀ।
ਬਾਅਦ ‘ਚ ਦੋਸ਼ੀਆਂ ਨੇ ਭਰਤ ਨਾਲ ਸੰਪਰਕ ਕੀਤਾ ਤੇ 60 ਹਜ਼ਾਰ ਰੁਪਏ ‘ਚ “ਸੈਟਿੰਗ” ਕਰਕੇ ਕਨੈਕਸ਼ਨ ਦੇਣ ਦੀ ਪੇਸ਼ਕਸ਼ ਕੀਤੀ। ਪੈਸੇ ਲੈਣ ਤੋਂ ਬਾਅਦ ਇਨ੍ਹਾਂ ਨੇ ਵਿਭਾਗ ਦੇ ਸਾਮਾਨ ਦੀ ਵਰਤੋਂ ਕਰਕੇ ਖੰਭੇ ਤੇ ਵਾਇਰ ਬਦਲੇ ਤੇ ਗੈਰਕਾਨੂੰਨੀ ਕਨੈਕਸ਼ਨ ਚਲਾਇਆ। ਤਫ਼ਤੀਸ਼ੀ ਅਫਸਰ ਮਨੋਜ ਕੁਮਾਰ ਨੇ ਦੱਸਿਆ ਕਿ ਐਸਡੀਓ ਸ਼ਿਵ ਕੁਮਾਰ ਦੀ ਸ਼ਿਕਾਇਤ ‘ਤੇ ਭਾਰਤੀ ਨਿਆਂ ਸੰਹਿਤਾ (BNS) ਦੀ ਧਾਰਾ 316(5), 318(2) ਅਤੇ 61(2) ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਹੁਣ ਇਹ ਵੀ ਪਤਾ ਲਾ ਰਹੀ ਹੈ ਕਿ ਹੋਰ ਕਿੰਨੇ ਲੋਕਾਂ ਤੋਂ ਇਨ੍ਹਾਂ ਨੇ ਰਿਸ਼ਵਤ ਲਈ ਹੈ।







