ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰਾਜਧਾਨੀ ਦਿੱਲੀ ਦੇ ਨਵੇਂ ਅਸ਼ੋਕ ਨਗਰ ਸਟੇਸ਼ਨ ਦੇ ਵਿੱਚ ਨਮੋ ਭਾਰਤ ਕੋਰੀਡੋਰ ਟ੍ਰੇਨ ਦਾ ਉਦਘਾਟਨ ਕੀਤਾ ਹੈ। ਦੱਸ ਦੇਈਏ ਕਿ ਇਸ ਟ੍ਰੇਨ ਨਾਲ ਦਿੱਲੀ ਤੋਂ ਮੇਰਠ ਤੱਕ ਦਾ ਸਫ਼ਰ ਹੁਣ ਹੋਰ ਵੀ ਸੌਖਾ ਹੋ ਜਾਏਗਾ।
ਇਸ ਉਦਘਾਟਨ ਦੇ ਨਾਲ, ਨਮੋ ਭਾਰਤ ਕਾਰੀਡੋਰ ਦਾ ਸੰਚਾਲਨ ਭਾਗ 55 ਕਿਲੋਮੀਟਰ ਤੱਕ ਫੈਲ ਜਾਵੇਗਾ, ਜਿਸ ਵਿੱਚ ਕੁੱਲ 11 ਸਟੇਸ਼ਨ ਹੋਣਗੇ। ਖੇਤਰੀ ਰੈਪਿਡ ਟਰਾਂਜ਼ਿਟ ਸਿਸਟਮ (RRTS) ਰਾਸ਼ਟਰੀ ਰਾਜਧਾਨੀ ਦਿੱਲੀ ਨੂੰ ਐਨਸੀਆਰ ਦੇ ਵੱਡੇ ਸ਼ਹਿਰਾਂ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਏਗਾ।
ਅਜਿਹੇ ‘ਚ RRTS ਨੂੰ ਦਿੱਲੀ ਦੇ ਆਲੇ-ਦੁਆਲੇ ਦੇ ਸ਼ਹਿਰਾਂ ਨਾਲ ਜੋੜਿਆ ਜਾਵੇਗਾ। ਇਸ ਨਾਲ ਨਾ ਸਿਰਫ਼ ਲੋਕਾਂ ਦਾ ਸਮਾਂ ਬਚੇਗਾ ਸਗੋਂ ਦਿੱਲੀ-ਐਨਸੀਆਰ ਵਿੱਚ ਹਵਾ ਪ੍ਰਦੂਸ਼ਣ ਤੋਂ ਵੀ ਰਾਹਤ ਮਿਲੇਗੀ। ਐਨਸੀਆਰ ਤੋਂ ਦਿੱਲੀ ਰੋਜ਼ਾਨਾ ਆਉਣ-ਜਾਣ ਵਾਲੇ ਲੋਕਾਂ ਲਈ ਇਹ ਕਿਸੇ ਵਰਦਾਨ ਤੋਂ ਘੱਟ ਨਹੀਂ ਹੋਵੇਗਾ।
ਵਰਤਮਾਨ ਵਿੱਚ, RRTS ਦੇ ਫੇਜ਼-1 ਵਿੱਚ ਤਿੰਨ ਕੋਰੀਡੋਰ ਪ੍ਰਸਤਾਵਿਤ ਹਨ। ਜਿਸ ਵਿੱਚੋਂ ਦਿੱਲੀ-ਮਰੇਠ ਕੋਰੀਡੋਰ ਦੀ ਉਸਾਰੀ ਦਾ ਕੰਮ ਅੰਤਿਮ ਪੜਾਅ ਵਿੱਚ ਹੈ। ਬਾਕੀ ਦੇ ਦੋ ਦਿੱਲੀ-ਅਲਵਰ ਅਤੇ ਦਿੱਲੀ ਪਾਣੀਪਤ ਗਲਿਆਰੇ ‘ਤੇ ਵੀ ਜਲਦੀ ਹੀ ਕੰਮ ਸ਼ੁਰੂ ਹੋ ਜਾਵੇਗਾ। ਫੇਜ਼-2 ਵਿੱਚ ਪੰਜ ਕੋਰੀਡੋਰ ਪ੍ਰਸਤਾਵਿਤ ਹਨ। ਇਸ ਤਰ੍ਹਾਂ, ਆਰ.ਆਰ.ਟੀ.ਐਸ. ਦੇ ਅੱਠ ਗਲਿਆਰਿਆਂ ਦੇ ਮੁਕੰਮਲ ਹੋਣ ਨਾਲ, ਦਿੱਲੀ-ਐਨਸੀਆਰ ਵਿੱਚ ਮਾਸ ਟਰਾਂਜ਼ਿਟ ਸਿਸਟਮ ਦੁਨੀਆ ਦੇ ਹੋਰ ਸ਼ਹਿਰਾਂ ਨਾਲੋਂ ਵੀ ਵੱਡਾ ਹੋ ਜਾਵੇਗਾ। ਦਿੱਲੀ ਦੇ ਆਲੇ-ਦੁਆਲੇ 100 ਕਿਲੋਮੀਟਰ ਦੇ ਦਾਇਰੇ ਵਿੱਚ ਸਾਰੇ ਵੱਡੇ ਸ਼ਹਿਰਾਂ ਨੂੰ RRTS ਨਾਲ ਜੋੜਿਆ ਜਾਵੇਗਾ।
ਨਵੇਂ ਸੈਕਸ਼ਨ ਦੇ ਸ਼ੁਰੂ ਹੋਣ ਤੋਂ ਬਾਅਦ, ਨਮੋ ਭਾਰਤ ਟਰੇਨ ਸ਼ਾਮ 5 ਵਜੇ ਤੋਂ 15 ਮਿੰਟ ਦੇ ਅੰਤਰਾਲ ‘ਤੇ ਜਨਤਾ ਲਈ ਉਪਲਬਧ ਹੋ ਜਾਵੇਗੀ। ਇਹ ਟ੍ਰੇਨ ਰਾਹੀਂ ਆਨੰਦ ਵਿਹਾਰ ਤੋਂ ਮੇਰਠ ਤੱਕ 35 ਮਿੰਟ ਵਿੱਚ ਅਤੇ ਨਿਊ ਅਸ਼ੋਕ ਨਗਰ ਤੋਂ ਮੇਰਠ ਤੱਕ 40 ਮਿੰਟ ਵਿੱਚ ਪਹੁੰਚਿਆ ਜਾ ਸਕਦਾ ਹੈ। ਦਿੱਲੀ ਤੋਂ ਮੇਰਠ ਦੀ ਦਿਸ਼ਾ ਵਿੱਚ, ਨਿਊ ਅਸ਼ੋਕ ਨਗਰ ਸਟੇਸ਼ਨ ਤੋਂ ਮੇਰਠ ਦੱਖਣੀ ਤੱਕ ਦਾ ਕਿਰਾਇਆ ਸਟੈਂਡਰਡ ਕੋਚ ਲਈ 150 ਰੁਪਏ ਅਤੇ ਪ੍ਰੀਮੀਅਮ ਕੋਚ ਲਈ 225 ਰੁਪਏ ਹੈ।