5 ਸਿੰਘ ਸਹਿਬਾਨਾਂ ਨੇ ਅਕਾਲ ਤਖ਼ਤ ਸਾਹਿਬ ਤੋਂ ਸੁਣਾਏ ਫੈਸਲੇ
ਤਨਖਾਹੀਆ ਕਰਾਰ ਦਿੱਤੇ ਗਏ ਸੁਖਬੀਰ ਸਿੰਘ ਬਾਦਲ ਦੇ ਮਾਮਲੇ ਨੂੰ ਲੈ ਕੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਸ੍ਰੀ ਅਕਾਲ ਤਖ਼ਤ ਵਿਖੇ ਹੋਈ ਹੈ, ਜਿਸ ਵਿੱਚ ਸੁਖਬੀਰ ਬਾਦਲ ਸਣੇ ਸ਼੍ਰੋਮਣੀ ਅਕਾਲੀ ਦਲ ਦੇ ਹੋਰ ਆਗੂਆਂ ਖ਼ਿਲਾਫ਼ ਸ੍ਰੀ ਅਕਾਲ ਤਖਤ ਤੋਂ ਕੋਈ ਸਿਆਸੀ ਤਨਖਾਹ ਜਾਂ ਧਾਰਮਿਕ ਤਨਖਾਹ ਲਾਉਣ ਬਾਰੇ ਫ਼ੈਸਲਾ ਲਏ ਜਾਣ ਦੀ ਸੰਭਾਵਨਾ ਹੈ। ਇਸ ਮਾਮਲੇ ਨੂੰ ਲੈ ਕੇ ਸਮੁੱਚੇ ਸਿੱਖ ਜਗਤ ਦੀਆਂ ਨਜ਼ਰਾਂ ਸਿੰਘ ਸਾਹਿਬਾਨ ਦੀ ਮੀਟਿੰਗ ’ਤੇ ਲੱਗੀਆਂ ਹੋਈਆਂ ਹਨ।
ਸ੍ਰੀ ਅਕਾਲ ਤਖ਼ਤ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ’ਚ ਸੁਖਬੀਰ ਸਿੰਘ ਬਾਦਲ ਅਤੇ ਹੋਰ ਅਕਾਲੀ ਆਗੂਆਂ ਦੇ ਮਾਮਲੇ ਨੂੰ ਵਿਚਾਰਦੇ ਹੋਏ ਉਨ੍ਹਾਂ ਖ਼ਿਲਾਫ਼ ਅਗਲੇਰੀ ਕਾਰਵਾਈ ਕੀਤੀ ਜਾ ਸਕਦੀ ਹੈ। ਇਸ ਸਬੰਧ ’ਚ ਸੁਖਬੀਰ ਸਿੰਘ ਬਾਦਲ ਸਣੇ 2007 ਤੋਂ ਲੈ ਕੇ 2017 ਤੱਕ ਅਕਾਲੀ ਸਰਕਾਰ ਵੇਲੇ ਕੈਬਨਿਟ ਮੰਤਰੀ ਰਹੇ 17 ਅਕਾਲੀ ਆਗੂਆਂ, ਸ਼੍ਰੋਮਣੀ ਅਕਾਲੀ ਦਲ ਦੀ ਤਤਕਾਲੀ ਕੋਰ ਕਮੇਟੀ ਤੇ ਅੰਤਰਿੰਗ ਕਮੇਟੀ ਦੇ ਮੈਂਬਰਾਂ ਆਦਿ ਨੂੰ ਅਕਾਲ ਤਖਤ ਵਿਖੇ ਤਲਬ ਕੀਤਾ ਗਿਆ ਹੈ।
ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੂੰ ਵੀ ਇਸੇ ਸੰਦਰਭ ਵਿੱਚ ਸੱਦਿਆ ਗਿਆ ਹੈ। ਮਿਲੇ ਵੇਰਵਿਆਂ ਮੁਤਾਬਕ ਲਗਭਗ 50 ਅਕਾਲੀ ਆਗੂਆਂ ਨੂੰ ਸਵੇਰੇ ਸ੍ਰੀ ਅਕਾਲ ਤਖਤ ਵਿਖੇ ਤਲਬ ਕੀਤਾ ਹੋਇਆ ਹੈ, ਜਿਨ੍ਹਾਂ ਖ਼ਿਲਾਫ਼ ਅਗਲੇਰੀ ਕਾਰਵਾਈ ਹੋਣ ਦੀ ਸੰਭਾਵਨਾ ਹੈ।