ਦੀਪਕ ਟੀਨੂੰ ਫਰਾਰ ਮਾਮਲੇ ‘ਚ ਮਾਨਸਾ ਪੁਲਿਸ ਦੇ ਹੱਥ ਵੱਡ ਸਫਲਤਾ ਲੱਗੀ ਹੈ। ਪੁਲਿਸ ਨੇ ਗੈਂਗਸਟਰ ਦੀਪਕ ਟੀਨੂੰ ਦੀ ਗਰਲਫ੍ਰੈਂਡ ਜੋ ਕਿ ਦੀਪਕ ਨੂੰ ਭਜਾਉਣ ‘ਚ ਉਸਦੇ ਨਾਲ ਸੀ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਮੁਤਾਬਕ ਏ.ਜੀ.ਟੀ.ਐਫ. ਦੀ ਸਿੱਟ ਵੱਲੋਂ ਦੀਪਕ ਦੀ 27 ਸਾਲਾਂ ਗਰਲਫ੍ਰੈਂਡ ਨੂੰ ਗ੍ਰਿਫਤਾਰ ਕੀਤਾ ਹੈ। ਸੂਤਰਾਂ ਤੋਂ ਮਿਲੀ ਜਾਣਕਰੀ ਮੁਤਾਬਕ ਟੀਨੂੰ ਦੀ ਗਰਲਫ੍ਰੈਂਡ ਪੁਲਿਸ ਮੁਲਾਜ਼ਮ ਦੱਸੀ ਜਾ ਰਹੀ ਹੈ। ਇਹ ਲੁਧਿਆਣਾ ਦੀ ਰਹਿਣ ਵਾਲੀ ਹੈ। ਜੋ ਕਿ ਇਸ ਸਮੇਂ ਜੀਕਰਪੁਰ ਦੀ ਪੋਰਸ਼ ਕਲੋਨੀ ‘ਚ ਰਹਿ ਰਹੀ ਸੀ। ਇਸ ਦਾ ਨਾਂ ਜਸਪ੍ਰੀਤ ਕੌਰ ਉਰਫ (ਜੋਤੀ) ਦੱਸਿਆ ਜਾ ਰਿਹਾ ਹੈ। ਗੈਂਗਸਟਰ ਵੱਲੋਂ ਇਸਨੂੰ ਇੰਡੈਵਰ ਗੱਡੀ ਵੀ ਗਿਫਟ ਕੀਤੀ ਗਈ ਸੀ। ਇਹ ਲਗਾਤਾਰ ਦੀਪਕ ਟੀਨੂੰ ਦੇ ਸੰਪਰਕ ‘ਚ ਸੀ ਤੇ ਹਰ ਵਾਰ ਰਮਾਂਡ ਸਮੇਂ ਇਸ ਵੱਲੋਂ ਦੀਪਕ ਟੀਨੂੰ ਨਾਲ ਮੁਲਾਕਾਤ ਵੀ ਕੀਤੀ ਜਾਂਦੀ ਰਹੀ ਸੀ। ਜਿਸਨੂੰ ਹੁਣ ਗ੍ਰਿਫਤਾਰ ਕਰ ਮਾਨਸਾ ਲਿਆਂਦਾ ਗਿਆ ਹੈ। ਇਸ ਦੀ ਗ੍ਰਿਫਤਾਰੀ ਤੋਂ ਬਾਅਦ ਇਸ ਵੱਲੋਂ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਦੱਸ ਦੇਈਏ ਕਿ ਦੀਪਕ ਟੀਨੂੰ ਹਾਲੇ ਵੀ ਪੁਲਿਸ ਦੀ ਪਕੜ ਤੋਂ ਫਰਾਰ ਹੈ।
ਦੱਸ ਦੇਈਏ ਕਿ ਬੀਤੇ ਦਿਨੀਂ ਹੀ ਸਿੱਧੂ ਮੂਸੇਵਾਲਾ ਕਤਲ ਮਾਮਲੇ ’ਚ ਸ਼ਾਮਿਲ ਸ਼ੂਟਰ ਗੈਂਗਸਟਰ ਦੀਪਕ ਟੀਨੂੰ ਨੂੰ ਭਜਾਉਣ ਵਾਲੇ ਸੀ. ਆਈ. ਏ. ਸਟਾਫ ਮਾਨਸਾ ਦੇ ਸਬ-ਇੰਸਪੈਕਟਰ ਪ੍ਰਿਤਪਾਲ ਸਿੰਘ ਨੂੰ ਅਦਾਲਤ ’ਚ ਪੇਸ਼ ਕਰਕੇ 12 ਅਕਤੂਬਰ ਤੱਕ ਪੁਲਸ ਰਿਮਾਂਡ ਲਿਆ ਗਿਆ ਹੈ। ਇਸ ਤੋਂ ਪਹਿਲਾਂ ਉਸ ਦਾ 4 ਦਿਨ ਦਾ ਪੁਲਸ ਰਿਮਾਂਡ ਲਿਆ ਗਿਆ ਸੀ। ਜਿਸ ਦੌਰਾਨ ਪੁਲਸ ਨੂੰ ਉਸ ਤੋਂ ਪੁੱਛਗਿੱਛ ਦੌਰਾਨ ਕਈ ਅਹਿਮ ਸੁਰਾਗ ਮਿਲੇ ਹਨ ਪਰ ਪੁਲਸ ਨੇ ਅਜੇ ਤੱਕ ਕਿਸੇ ਵੀ ਤਰ੍ਹਾਂ ਦਾ ਕੋਈ ਖੁਲਾਸਾ ਨਹੀਂ ਕੀਤਾ ਹੈ। ਸੂਤਰਾਂ ਅਨੁਸਾਰ ਪ੍ਰਿਤਪਾਲ ਕੋਲੋਂ ਸਿੱਟ ਵੱਲੋਂ ਕੀਤੀ ਗਈ ਪੁੱਛਗਿੱਛ ਦੌਰਾਨ ਉਸ ਨੇ ਮੰਨਿਆ ਕਿ ਉਹ ਗੈਂਗਸਟਰ ਦੀਪਕ ਟੀਨੂੰ ਨੂੰ ਇਕੱਲਾ ਹੀ ਆਪਣੀ ਪ੍ਰਾਈਵੇਟ ਕਾਰ ਵਿਚ ਬਿਠਾ ਕੇ ਆਪਣੀ ਸਰਕਾਰੀ ਰਿਹਾਇਸ਼ ’ਚ ਲੈ ਕੇ ਗਿਆ ਸੀ, ਜਿਥੋਂ ਉਹ ਭੱਜਣ ’ਚ ਸਫਲ ਹੋ ਗਿਆ।
ਦੂਜੇ ਪਾਸੇ ਪੁਲਸ ਨੂੰ ਇਹ ਸੁਰਾਗ ਮਿਲੇ ਸਨ ਕਿ ਦੀਪਕ ਟੀਨੂੰ ਇਕ ਲੜਕੀ ਦੀ ਮਦਦ ਨਾਲ ਫਰਾਰ ਹੋਇਆ ਹੈ। ਪੁਲਸ ਦੀ ਪੁੱਛਗਿੱਛ ਦੌਰਾਨ ਦੀਪਕ ਟੀਨੂੰ ਨੂੰ ਭਜਾਉਣ ’ਚ 2 ਹੌਲਦਾਰਾਂ, ਇਕ ਹੋਰ ਪੁਲਸ ਮੁਲਾਜ਼ਮ ਦਾ ਵੀ ਹੱਥ ਦੱਸਿਆ ਗਿਆ ਸੀ।