ਸਿਵਲ ਹਸਪਤਾਲ ਗੁਰਦਾਸਪੁਰ ਅਤੇ ਬਲੱਡ ਡੋਨਰ ਸੁਸਾਇਟੀ ਵਿਚਾਲੇ ਵਿਵਾਦ ਲਗਾਤਾਰ ਵਧਦਾ ਜਾ ਰਿਹਾ ਹੈ। ਕੁਝ ਦਿਨ ਪਹਿਲਾਂ ਬਲੱਡ ਡੋਨਰ ਸੁਸਾਇਟੀ ਨੇ ਮੀਟਿੰਗ ਕਰਕੇ ਸਿਵਲ ਹਸਪਤਾਲ ਸਥਿਤ ਬਲੱਡ ਬੈਂਕ ਦੇ ਮੁਲਾਜ਼ਮਾਂ ’ਤੇ ਉਨ੍ਹਾਂ ਨਾਲ ਦੁਰਵਿਵਹਾ9ਰ ਕਰਨ ਦੇ ਦੋਸ਼ ਲਾਏ ਸਨ ਅਤੇ ਸਿਵਲ ਹਸਪਤਾਲ ਦਾ ਬਾਈਕਾਟ ਕੀਤਾ ਸੀ। ਇਸ ਉਪਰੰਤ ਬਲੱਡ ਬੈਂਕ ਇੰਚਾਰਜ ਡਾ: ਪੂਜਾ ਖੋਸਲਾ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਚੇਤਨਾ ਦੀ ਤਰਫੋਂ ਅਪੀਲ ਕੀਤੀ ਗਈ ਕਿ ਸੁਸਾਇਟੀ ਦੇ ਮੈਂਬਰ ਇਸ ਤਰ੍ਹਾਂ ਬਾਈਕਾਟ ਨਾ ਕਰਨ ਕਿਉਂਕਿ ਇਸ ਨਾਲ ਆਮ ਜਨਤਾ ਪ੍ਰਭਾਵਿਤ ਹੋਵੇਗੀ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਹੋਰ ਸੁਸਾਇਟੀਆਂ ਮਿਲ ਕੇ ਕੰਮ ਕਰ ਰਹੀਆਂ ਹਨ, ਉਸੇ ਤਰ੍ਹਾਂ ਬਲੱਡ ਡੋਨਰ ਸੁਸਾਇਟੀ ਨੂੰ ਵੀ ਉਨ੍ਹਾਂ ਨਾਲ ਮਿਲ ਕੇ ਕੰਮ ਕਰਨਾ ਚਾਹੀਦਾ ਹੈ।
ਇਸ ਤੋਂ ਬਾਅਦ ਵੀਰਵਾਰ ਦੇਰ ਸ਼ਾਮ ਫਿਰ ਬਲੱਡ ਡੋਨਰ ਸੋਸਾਇਟੀ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਬਾਈਕਾਟ ਜਾਰੀ ਰੱਖਿਆ ਜਾਵੇਗਾ। ਇਸ ਦੌਰਾਨ ਸੋਸਾਇਟੀ ਦੇ ਨਾਲ ਖੂਨਦਾਨ ਕੈਂਪ ਲਗਾਉਣ ਵਾਲੀਆਂ ਹੋਰ ਕਈ ਸੰਸਥਾਵਾਂ ਦੇ ਆਗੂ ਵੀ ਹਾਜ਼ਰ ਸਨ ਜਿਹਨਾਂ ਨੇ ਬਲੱਡੋਨਰ ਸੁਸਾਇਟੀ ਦੇ ਇਸ ਬਾਈਕਾਟ ਦਾ ਸਮਰਥਨ ਕੀਤਾ ਅਤੇ ਇਸ ਬਾਈਕਾਟ ਵਿੱਚ ਸ਼ਰੀਕ ਹੋਣ ਦੀ ਘੋਸ਼ਣਾ ਵੀ ਕੀਤੀ। ਇਨ੍ਹਾਂ ਸੰਸਥਾਵਾਂ ਦੀ ਸਾਂਝੀ ਮੰਗ ਸੀ ਹਸਪਤਾਲ ਦੇ ਅਧਿਕਾਰੀਆਂ ਨੂੰ ਉਨ੍ਹਾਂ ਨਾਲ ਟੇਬਲ ਟਾਕ ਲਈ ਬੈਠਣਾ ਚਾਹੀਦਾ ਹੈ ਅਤੇ ਖੂਨਦਾਨੀਆਂ ਨਾਲ ਦੁਰਵਿਵਹਾਰ ਕਰਨ ਵਾਲੇ ਬਲੱਡ ਬੈਂਕ ਦੇ ਕਰਮਚਾਰੀਆਂ ਵਿਰੁੱਧ ਕਾਰਵਾਈ ਹੋਣ ਤੱਕ ਬਾਈਕਾਟ ਜਾਰੀ ਰਹੇਗਾ। ਸੰਸਥਾਵਾਂ ਦੇ ਆਗੂਆਂ ਨੇ ਸਿਵਲ ਹਸਪਤਾਲ ਪ੍ਰਸ਼ਾਸਨ ਅੱਗੇ ਮੀਡੀਆ ਦੇ ਜਰੀਏ ਇਹ ਮੰਗ ਵੀ ਰੱਖੀ ਹੈ ਕਿ ਕਿ ਖੂਨਦਾਨ ਸਭਾਵਾਂ ਦੇ ਮਸਲਿਆਂ ਦੇ ਨਿਪਟਾਰੇ ਲਈ ਵੱਖਰੀ ਕਮੇਟੀ ਬਣਾਈ ਜਾਵੇ ਤਾਂ ਜੋ ਭਵਿੱਖ ਵਿੱਚ ਕਿਸੇ ਖੂਨਦਾਨੀ ਜਾਂ ਸੁਸਾਇਟੀ ਦੇ ਮੈਂਬਰ ਨਾਲ ਕੋਈ ਮਾੜਾ ਵਿਵਹਾਰ ਨਾ ਹੋਵੇ। ਉਨ੍ਹਾਂ ਕਿਹਾ ਕਿ ਇਹ ਬਾਈਕਾਟ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ। ਆਉਣ ਵਾਲੇ ਸਮੇਂ ਵਿੱਚ ਬਲੱਡ ਡੋਨਰ ਸੁਸਾਇਟੀ ਹੋਰ ਵੀ ਸੁਸਾਇਟੀਆਂ ਨੂੰ ਆਪਣੇ ਨਾਲ ਜੋੜ ਲਵੇਗੀ। ਇਸ ਮੌਕੇ ਆਦਰਸ਼ ਕੁਮਾਰ, ਕੇਪੀਐਸ ਬਾਜਵਾ, ਮਨੂੰ ਸ਼ਰਮਾ, ਕਰਮਬੀਰ ਸਿੰਘ, ਹਰਦੀਪ ਕਾਹਲੋਂ, ਮਾਹਲ ਸਰਪੰਚ, ਸੁਖਵਿੰਦਰ ਮੱਲੀ, ਦੀਪਕ ਅੱਤਰੀ, ਰਾਜੇਸ਼ ਬੱਬੀ ਆਦਿ ਹਾਜ਼ਰ ਸਨ।
ਦੱਸਣਯੋਗ ਹੈ ਕਿ ਸਿਵਲ ਹਸਪਤਾਲ ਨੂੰ ਖੂਨ ਮੁਹੱਈਆ ਕਰਵਾਉਣ ਵਾਲੀ ਬਲੱਡ ਡੋਨਰ ਸੁਸਾਇਟੀ ਨੇ ਸਿਵਲ ਹਸਪਤਾਲ ਗੁਰਦਾਸਪੁਰ ਨੂੰ ਖੂਨ ਨਾ ਦੇਣ ਦਾ ਫੈਸਲਾ ਕੀਤਾ ਹੈ। ਸੁਸਾਇਟੀ ਦਾ ਦੋਸ਼ ਹੈ ਕਿ ਹਸਪਤਾਲ ਵਿੱਚ ਉਨ੍ਹਾਂ ਦੇ ਵਲੰਟੀਅਰਾਂ ਨਾਲ ਦੁਰਵਿਵਹਾਰ ਕੀਤਾ ਜਾਂਦਾ ਹੈ। ਸੁਸਾਇਟੀ ਦੇ ਮੁਖੀ ਆਦਰਸ਼ ਕੁਮਾਰ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੇ ਵਲੰਟੀਅਰ ਖੂਨ ਲੈਣ ਲਈ ਸਿਵਲ ਹਸਪਤਾਲ ਪਹੁੰਚਦੇ ਹਨ ਤਾਂ ਉੱਥੇ ਉਨ੍ਹਾਂ ਨੂੰ ਦੋ ਘੰਟੇ ਤਕ ਪ੍ਰੇਸ਼ਾਨ ਕੀਤਾ ਜਾਂਦਾ ਹੈ। ਖੂਨ ਦੀ ਜਾਂਚ ਦੀ ਪ੍ਰਕਿਰਿਆ ਸਿਰਫ 25 ਤੋਂ 45 ਮਿੰਟ ਲੈਂਦੀ ਹੈ। ਇਸ ਦੇ ਬਾਵਜੂਦ ਉਨ੍ਹਾਂ ਨੂੰ ਕਈ ਘੰਟੇ ਪ੍ਰੇਸ਼ਾਨ ਕੀਤਾ ਜਾਂਦਾ ਹੈ। ਉਹ ਲੰਬੇ ਸਮੇਂ ਤੋਂ ਹਸਪਤਾਲ ਨੂੰ ਖੂਨ ਮੁਹੱਈਆ ਕਰਵਾ ਰਹੇ ਹਨ। ਫਿਰ ਵੀ ਉਨ੍ਹਾਂ ਨਾਲ ਇਸ ਤਰ੍ਹਾਂ ਦਾ ਸਲੂਕ ਕੀਤਾ ਜਾਂਦਾ ਹੈ। ਕਈ ਵਲੰਟੀਅਰ ਲੰਬੀ ਦੂਰੀ ਦਾ ਸਫ਼ਰ ਤੈਅ ਕਰਕੇ ਹਸਪਤਾਲ ਪਹੁੰਚ ਜਾਂਦੇ ਹਨ ਪਰ ਉਨ੍ਹਾਂ ਨੂੰ ਵੀ ਘੰਟਿਆਂ ਬੱਧੀ ਇੰਤਜ਼ਾਰ ਕਰਨਾ ਪੈਂਦਾ ਹੈ। ਹਸਪਤਾਲ ਦੇ ਬਲੱਡ ਬੈਂਕ ਦੇ ਕਰਮਚਾਰੀਆਂ ਦੇ ਵਤੀਰੇ ਅਤੇ ਅਧਿਕਾਰੀਆਂ ਵੱਲੋਂ ਆਪਣੇ ਹੀ ਕਰਮਚਾਰੀਆਂ ਦਾ ਸਮਰਥਨ ਕਰਨ ਕਾਰਨ ਸੁਸਾਇਟੀ ਨੇ ਭਵਿੱਖ ਵਿੱਚ ਸਿਵਲ ਹਸਪਤਾਲ ਨੂੰ ਖੂਨ ਮੁਹੱਈਆ ਨਾ ਕਰਵਾਉਣ ਦਾ ਫੈਸਲਾ ਕੀਤਾ ਹੈ।