ਉੱਤਰੀ ਭਾਰਤ ਚ ਸ਼ੀਤ ਲਹਿਰ ਦਾ ਪ੍ਰਕੋਪ ਦਿਨ ਬ ਦਿਨ ਵੱਧ ਰਿਹਾ ਹੈ ਤੇ ਜੇ ਕਰ ਗੱਲ ਕੀਤੀ ਜਾਵੇ ਗੁਰੂ ਨਗਰੀ ਅੰਮ੍ਰਿਤਸਰ ਦੀ ਤਾਂ ਅੰਮ੍ਰਿਤਸਰ ਇਸ ਵੇਲੇ ਕੜਾਕੇ ਦੀ ਠੰਡ ਦੀ ਚਪੇਟ ਚ ਹੈ
ਅੱਜ ਲਗਾਤਾਰ ਦੂਸਰੇ ਦਿਨ ਗੁਰੂ ਨਗਰੀ ਤੇ ਆਸ ਪਾਸ ਦੇ ਇਲਾਕਿਆਂ ਚ ਸੰਘਣੀ ਧੁੰਦ ਛਾਈ ਹੋਈ ਹੈ ਤੇ ਲੋਕਾਂ ਨੂੰ ਸੂਰਜ ਦੇਵਤਾ ਦੇ ਦਰਸ਼ਨ ਨਸੀਬ ਨਹੀਂ ਹੋਏ। ਸੰਘਣੀ ਧੁੰਦ ਦੀ ਚਿੱਟੀ ਚਾਦਰ ਕਾਰਨ ਸੜਕਾਂ ਤੇ ਵਿਜੀਬਿਲਟੀ ਨਾ ਮਾਤਰ ਰਹੀ ਤੇ ਸੜਕੀ ਆਵਾਜਾਈ ਦੀ ਰਫ਼ਤਾਰ ਕਾਫੀ ਮੱਠੀ ਰਹੀ।
ਇਸ ਤੋਂ ਇਲਾਵਾ ਰੇਲ ਆਵਾਜਾਈ ਦੀ ਰਫ਼ਤਾਰ ਵੀ ਸੁਸਤ ਹੋਈ ਹੈ ਤੇ ਅਨੇਕਾਂ ਗੱਡੀਆਂ ਤੈਅ ਸਮੇ ਤੋਂ ਪਛੜ ਕੇ ਚੱਲ ਰਹੀਆਂ ਹਨ।
ਲੋਕ ਆਪਣੇ ਵਹੀਕਲਾਂ ਦੀਆਂ ਲਾਈਟਾਂ ਜਗਾ ਕੇ ਚੱਲਣ ਲਈ ਮਜਬੂਰ ਹੋ ਰਹੇ ਹਨ। ਉਧਰ ਕੜਾਕੇ ਦੀ ਠੰਡ ਕਾਰਨ ਆਮ ਜਨਜੀਵਨ ਕਾਫੀ ਪ੍ਰਭਾਵਿਤ ਹੋਇਆ ਹੈ ਤੇ ਲੋਕ ਘਰੋਂ ਬਾਹਰ ਨਿਕਲਣ ਤੋਂ ਪਰਹੇਜ਼ ਕਰ ਰਹੇ ਹਨ ਤੇ ਠੰਡ ਤੋਂ ਬਚਣ ਲਈ ਆਪਣੇ ਆਪ ਨੂੰ ਗਰਮ ਕੱਪੜਿਆਂ ਚ ਲਪੇਟ ਕੇ ਘਰੋਂ ਨਿਕਲ ਰਹੇ ਹਨ ।
ਧੁੰਦ ਕਾਰਨ ਅਨੇਕਾਂ ਹਾਦਸੇ ਵਾਪਰ ਜਾਂਦੇ ਹਨ, ਜਿਸ ਕਰਕੇ ਕਈ ਕੀਮਤੀ ਜਾਨਾਂ ਮੌਤ ਦੇ ਮੂੰਹ ‘ਚ ਚਲੀਆਂ ਜਾਂਦੀਆਂ ਹਨ,
ਉਥੇ ਹੀ ਕਈ ਲੋਕ ਸਦਾ ਲਈ ਅਪਾਹਜ ਹੋ ਜਾਂਦੇ ਹਨ।ਕਈ ਪਰਿਵਾਰ ਰੁਲ ਜਾਂਦੇ ਹਨ।ਪਰ ਫਿਰ ਵੀ ਲੋਕ ਇਨ੍ਹਾਂ ਹਾਦਸਿਆਂ ਨੂੰ ਰੋਕਣ ਲਈ ਨਾਂ ਤਾਂ ਸੁਚੇਤ ਹੋ ਰਹੇ ਹਨ ਤੇ ਨਾ ਹੀ ਕੋਈ ਸਾਵਧਾਨੀ ਵਰਤ ਰਹੇ ਹਨ ਨਾ ਹੀ ਕੋਈ ਸਬੰਧਤ ਵਿਭਾਗ ਜਾਂ ਪ੍ਰਸ਼ਾਸ਼ਨ ਇਸ ਸਬੰਧੀ ਪੂਰੀ ਤਰ੍ਹਾਂ ਗੰਭੀਰ ਦਿਖਾਈ ਦੇ ਰਹੀ ਹੈ।
ਪਿਛਲੇ ਸਾਲ ਵੀ ਧੁੰਦ ਕਾਰਨ ਅਨੇਕਾਂ ਹਾਦਸੇ ਵਾਪਰੇ ਤੇ ਕਈ ਮਨੁੱਖੀ ਜ਼ਿੰਦਗੀਆਂ ਮੌਤ ਦੇ ਮੂੰਹ ‘ਚ ਚਲੀਆਂ ਗਈਆਂ।
ਅੱਜ ਇਸ ਸਾਲ ਦੀ ਪਹਿਲੀ ਅਜਿਹੀ ਧੁੰਦ ਪਈ ਕਿ ਦੇਖਣਾ ਤੱਕ ਮੁਸ਼ਕਿਲ ਹੈ।ਬਹੁਤ ਗਿਣਤੀ ਹਾਦਸੇ ਤਾਂ ਓਵਰ ਸਪੀਡ ਕਾਰਨ ਬਣਦੇ ਹਨ ਪਰ ਸਰਦੀਆਂ ‘ਚ ਹਾਦਸੇ ਵੱਧਣ ਦਾ ਕਾਰਨ ਸੰਘਣੀ ਧੁੰਦ ਬਣ ਜਾਂਦੀ ਹੈ।ਸੰਘਣੀ ਧੁੰਦ ਕਾਰਨ ਵਾਹਨ ਚਾਲਕਾਂ ਨੂੰ ਅੱਗੇ ਦਿਖਾਈ ਦੇਣਾ ਔਖਾ ਹੋ ਜਾਂਦਾ ਹੈ।