ਹਿਮਾਚਲ ਪ੍ਰਦੇਸ਼ ‘ਚ ਮਾਨਸੂਨ ਰਵਾਨਾ ਹੋਣ ਵਾਲਾ ਹੈ ਪਰ ਇਸ ਦੌਰਾਨ ਪੈ ਰਹੀ ਬਾਰਿਸ਼ ਲੋਕਾਂ ਲਈ ਆਫਤ ਬਣ ਰਹੀ ਹੈ। ਸੂਬੇ ਦੀਆਂ ਕਈ ਥਾਵਾਂ ਤੋਂ ਲੈਂਡ ਸਲਾਈਡ ਹੋਣ ਦੀ ਸੂਚਨਾ ਹੈ। ਰਾਜਧਾਨੀ ਸ਼ਿਮਲਾ ਦੇ ਉਪਨਗਰ ਰਾਮਨਗਰ ‘ਚ ਸਵੇਰੇ 3 ਵਜੇ ਨੈਸ਼ਨਲ ਹਾਈਵੇ ‘ਤੇ ਜ਼ਮੀਨ ਖਿਸਕ ਗਈ। ਜ਼ਮੀਨ ਖਿਸਕਣ ਕਾਰਨ ਬਾਈਪਾਸ ਸੜਕ ਕਈ ਕਿਲੋਮੀਟਰ ਤੱਕ ਜਾਮ ਹੋ ਗਈ।
ਇੰਨਾ ਹੀ ਨਹੀਂ ਜਿੱਥੇ ਢਿੱਗਾਂ ਡਿੱਗੀਆਂ ਹਨ, ਉੱਥੇ ਹੀ ਸੜਕ ਦੇ ਕਿਨਾਰੇ ਖੜ੍ਹੇ ਵਾਹਨ ਵੀ ਖੜ੍ਹੇ ਹਨ। ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਦੋ ਤੋਂ ਤਿੰਨ ਗੱਡੀਆਂ ਵੀ ਮਲਬੇ ਹੇਠਾਂ ਦੱਬ ਗਈਆਂ ਹਨ। ਮੌਕੇ ‘ਤੇ ਪਹੁੰਚੀ ਪੁਲਸ ਜਾਮ ਨੂੰ ਖੋਲ੍ਹਣ ‘ਚ ਜੁਟੀ ਹੋਈ ਹੈ। ਸਵੇਰ ਸਮੇਂ ਲੋਕਾਂ ਨੂੰ ਆਉਣ-ਜਾਣ ਵਿਚ ਕਾਫੀ ਦਿੱਕਤ ਆਈ। ਹੌਲੀ-ਹੌਲੀ ਆਵਾਜਾਈ ਖੁੱਲ੍ਹਣ ਲੱਗੀ ਹੈ।
ਦੂਜੇ ਪਾਸੇ ਸੋਲਨ ਤੋਂ ਗਿਰੀ ਪੁਲ ਵਾਇਆ ਛੈਲਾ ਨੂੰ ਜਾਂਦੀ ਸੜਕ ‘ਤੇ ਚਡਿਲ ਅਤੇ ਕੰਗੂ ਜੁਬਰੀ ਦੇ ਵਿਚਕਾਰ ਪਹਾੜੀ ਦਰਾਰ ਪੈ ਗਈ। ਇਸ ਕਾਰਨ ਵੱਡੀ ਮਾਤਰਾ ਵਿੱਚ ਪੱਥਰ ਅਤੇ ਮਲਬਾ ਸੜਕ ’ਤੇ ਆ ਗਿਆ ਹੈ। ਸੜਕ ਆਵਾਜਾਈ ਲਈ ਪੂਰੀ ਤਰ੍ਹਾਂ ਬੰਦ ਹੈ। ਜਾਣਕਾਰੀ ਮੁਤਾਬਕ ਇਹ ਹਾਦਸਾ ਗਿਰੀਪੁਲ ਤੋਂ ਕਰੀਬ 25 ਕਿਲੋਮੀਟਰ ਦੀ ਦੂਰੀ ‘ਤੇ ਵਾਪਰਿਆ।
ਪਹਾੜੀ ਤੋਂ ਅਚਾਨਕ ਵੱਡੀਆਂ ਚੱਟਾਨਾਂ ਡਿੱਗਣੀਆਂ ਸ਼ੁਰੂ ਹੋ ਗਈਆਂ ਅਤੇ ਰਸਤਾ ਪੂਰੀ ਤਰ੍ਹਾਂ ਬੰਦ ਹੋ ਗਿਆ। ਅੱਜਕੱਲ੍ਹ ਚੌਪਾਲ ਕੋਟਖਾਈ ਇਲਾਕੇ ਤੋਂ ਸੇਬ ਅਤੇ ਨਕਦੀ ਵਾਲੀਆਂ ਫ਼ਸਲਾਂ ਦੀਆਂ ਗੱਡੀਆਂ ਸੋਲਨ ਨੂੰ ਇਸ ਸੜਕ ਤੋਂ ਨਿਕਲਦੀਆਂ ਹਨ।