18ਵੀਂ ਸਦੀ ਸਿੱਖਾਂ ਲਈ ਬੜੀ ਸਖ਼ਤ ਪ੍ਰੀਖਿਆ ਦਾ ਸਮਾਂ ਰਿਹਾ ਹੈ, ਜਦੋਂਕਿ ਇਕ ਪਾਸੇ ਮੁਗਲ, ਦੁਰਾਨੀ, ਈਰਾਨੀ ਤੇ ਅਫਗਾਨ ਪੰਜਾਬ ਵਿੱਚ ਆਪਣੇ ਆਪ ਨੂੰ ਤਕੜਾ ਕਰਨ ਦਾ ਯਤਨ ਕਰ ਰਹੇ ਸਨ। ਦੂਜੇ ਪਾਸੇ ਉਨ੍ਹਾਂ ਦੇ ਟਾਕਰੇ ’ਤੇ ਦੇਸ਼ ਨੂੰ ਅਜ਼ਾਦ ਕਰਵਾਉਣ ਅਤੇ ਸਾਰੇ ਵਸਨੀਕਾਂ ਲਈ ਇਕੋ ਜਿਹੇ ਹੱਕ ਪ੍ਰਾਪਤ ਕਰਨ ਲਈ ਸਿੱਖ ਕੌਮ ਜੱਦੋ-ਜਹਿਦ ਕਰ ਰਹੀ ਸੀ। ਗਿਆਨੀ ਭਜਨ ਸਿੰਘ ਲਿਖਦੇ ਹਨ ਕਿ ਇਸ ਜੱਦੋ-ਜਹਿਦ ਵਿੱਚ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਪਿੱਛੋਂ ਤੇ ਖਾਲਸਾ ਰਾਜ ਦੀ ਸਥਾਪਨਾ ’ਤੇ ਵਿਚਕਾਰਲੇ ਸਮੇਂ ਵਿੱਚ ਅਨੇਕ ਵਾਰ ਸਿੱਖਾਂ ਦਾ ਕਤਲੇਆਮ ਹੋਇਆ। ਬੇਗੁਨਾਹਾਂ ਨੂੰ ਸਿਰਫ਼ ਇਸ ਲਈ ਲਾਹੌਰ ਲਿਆ ਕੇ ਭਿਆਨਕ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ, ਕਿਉਂਕਿ ਉਹ ਸਿੱਖ ਸਨ। ਇਨ੍ਹਾਂ ਮਹਾਨ ਸ਼ਹੀਦਾਂ ਤੇ ਕੁਰਬਾਨੀ ਕਰਨ ਵਾਲੇ ਵਿਅਕਤੀਆਂ ਵਿਚੋਂ ਇਕ ਭਾਈ ਤਾਰੂ ਸਿੰਘ ਜੀ ਵੀ ਸਨ, ਜਿਨ੍ਹਾਂ ਦਾ ਸ਼ਹੀਦੀ ਸਾਕਾ ਕੌਮ ਦੇ ਬੱਚੇ-ਬੱਚੇ ਦੀ ਜ਼ੁਬਾਨ ’ਤੇ ਹੈ।
ਭਾਈ ਤਾਰੂ ਸਿੰਘ ਜੀ ਮਾਝੇ ਦੇ ਇਕ ਪਿੰਡ ਪੂਹਲਾ ਜ਼ਿਲ੍ਹਾ ਲਾਹੌਰ (ਹੁਣ ਅੰਮ੍ਰਿਤਸਰ) ਦੇ ਵਸਨੀਕ ਸਨ। ਜਦੋਂ ਸਮੇਂ ਦੀ ਮੁਗਲ ਸਰਕਾਰ ਵੱਲੋਂ ਸਾਰੀ ਸਿੱਖ ਕੌਮ ਹੀ ‘ਕਾਨੂੰਨ ਵਿਰੁੱਧ’ ਕਰਾਰ ਦੇ ਦਿੱਤੀ ਗਈ ਅਤੇ ਸਰਕਾਰੀ ਤੌਰ ’ਤੇ ਐਲਾਨ ਕਰ ਦਿੱਤਾ ਗਿਆ ਕਿ ਸਿੱਖ ਨੂੰ ਜੀਉਂਦਾ ਜਾਂ ਮੁਰਦੇ ਦਾ ਸਿਰ ਲਿਆਉਣ ਵਾਲੇ ਨੂੰ ਇਨਾਮ ਦਿੱਤਾ ਜਾਵੇਗਾ। ਅਜਿਹੇ ਹਾਲਾਤ ਵਿੱਚ ਪਿੰਡਾਂ ਵਿੱਚ ਸਿੱਖਾਂ ਦਾ ਵਸਣਾ ਮੁਸ਼ਕਲ ਹੋ ਗਿਆ।
ਮਹਾਨਕੋਸ਼ ਦੇ ਕਰਤਾ ਭਾਈ ਕਾਨ੍ਹ ਸਿੰਘ ਨਾਭਾ ਜੀ ਪੰਨਾ 588 ’ਤੇ ਲਿਖਦੇ ਹਨ ਕਿ “ਲਾਲਚੀ ਖੱਤਰੀ ਭਗਤ ਨਿਰੰਜਨੀਆ ਨਿਕਲਿਆ, ਜਿਸ ਨੇ ਲਾਹੌਰ ਦੇ ਸੂਬੇਦਾਰ ਖਾਨ ਬਹਾਦੁਰ ਜ਼ਕਰੀਆ ਖਾਨ ਨੂੰ ਜਾ ਕੇ ਸ਼ਿਕਾਇਤ ਕੀਤੀ ਕਿ ਉਹਦੇ ਪਿੰਡ ਇਕ ਸਿੱਖ ਵਸਦਾ ਹੈ, ਜਿਸ ਕੋਲ ਸਾਰੇ ਸਿੱਖ ਡਾਕੂ ਆ ਕੇ ਰਹਿੰਦੇ ਹਨ ਤੇ ਸਾਡੇ ਸਾਰੇ ਇਲਾਕੇ ਵਿੱਚ ਆ ਕੇ ਉਨ੍ਹਾਂ ਵਖਤ ਪਾਇਆ ਹੋਇਆ ਹੈ। ਉਹਦੀ ਸ਼ਿਕਾਇਤ ’ਤੇ ਕਿਸੇ ਪੜਤਾਲ ਕਰਨ ਦਾ ਯਤਨ ਨਾ ਕੀਤਾ ਅਤੇ ਤੁਰੰਤ ਜ਼ਕਰੀਆ ਖਾਨ ਨੇ ਹੁਕਮ ਦੇ ਦਿੱਤਾ ਕਿ ਭਾਈ ਤਾਰੂ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਹਦੇ ਸਾਹਮਣੇ ਪੇਸ਼ ਕੀਤਾ ਜਾਵੇ।” ਜਦੋਂ ਫੌਜ ਪਿੰਡ ਪਹੁੰਚੀ ਤਾਂ ਭਾਈ ਤਾਰੂ ਸਿੰਘ ਦੇ ਹਮਦਰਦ ਤੇ ਉਨ੍ਹਾਂ ਪਾਸ ਠਹਿਰੇ ਕੁਝ ਸਿੰਘ ਫੌਜ ਦੇ ਮੁਕਾਬਲੇ ਲਈ ਡਟ ਗਏ ਤੇ ਉਨ੍ਹਾਂ ਨੂੰ ਅੱਗੇ ਨਾ ਵਧਣ ਦੀ ਚਿਤਾਵਨੀ ਦੇ ਦਿੱਤੀ।
ਭਾਈ ਤਾਰੂ ਸਿੰਘ ਨੇ ਉਨ੍ਹਾਂ ਨੂੰ ਸਮਝਾਇਆ ਕਿ ਮੇਰੇ ਪਿੱਛੇ ਤੁਸੀਂ ਕਿਉਂ ਕਈ ਜਾਨਾਂ ਦਾ ਨੁਕਸਾਨ ਕਰਦੇ ਹੋ? ਭਾਈ ਸਾਹਿਬ ਦੀ ਹਦਾਇਤ ’ਤੇ ਸਾਰੇ ਪਿੱਛੇ ਹਟ ਗਏ ਤਾਂ ਫੌਜ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਪੰਥ ਪ੍ਰਕਾਸ਼ ਦੇ ਕਰਤਾ ਅਨੁਸਾਰ ਲਾਹੌਰ ਲਿਆ ਕੇ ਭਾਈ ਤਾਰੂ ਸਿੰਘ ਜੀ ਨੂੰ ਗਵਰਨਰ ਲਾਹੌਰ ਜ਼ਕਰੀਆ ਖਾਨ ਅੱਗੇ ਪੇਸ਼ ਕੀਤਾ ਗਿਆ। ਜ਼ਕਰੀਆ ਖਾਨ ਨੇ ਪੁੱਛਿਆ ਕਿ “ਕੀ ਤੁਸੀਂ ਸਿੱਖਾਂ ਨੂੰ ਆਪਣੇ ਪਾਸ ਠਹਿਰਨ ਲਈ ਥਾਂ ਦਿੰਦੇ ਹੋ?” ਭਾਈ ਤਾਰੂ ਸਿੰਘ ਨੇ ਬੜੀ ਦਲੇਰੀ ਨਾਲ ਕਿਹਾ, ‘ਕੇਵਲ ਥਾਂ ਹੀ ਨਹੀਂ ਦਿੰਦਾ, ਸਗੋਂ ਆਪਣੀ ਪੂਰੀ ਵਿੱਤ ਅਨੁਸਾਰ ਸੇਵਾ ਵੀ ਕਰਦਾ ਹਾਂ, ਖਾਲਸੇ ਦੀ ਸੇਵਾ ਕਰਨੀ ਮੈਂ ਆਪਣਾ ਧਰਮ ਸਮਝਦਾ ਹਾਂ।’ ‘ਅੱਜ ਤੋਂ ਅਜਿਹਾ ਨਾ ਕਰਨ ਦਾ ਵਿਸ਼ਵਾਸ ਦਿਵਾ ਸਕਦੇ ਹੋ?’ ਸੂਬੇ ਨੇ ਪੁੱਛਿਆ।
‘ਬਿਲਕੁਲ ਨਹੀਂ।’ ਭਾਈ ਤਾਰੂ ਸਿੰਘ ਨੇ ਗਰਜਵੀਂ ਆਵਾਜ਼ ਵਿੱਚ ਕਿਹਾ, ‘ਮੇਰਾ ਆਪਣਾ ਕੁਝ ਵੀ ਨਹੀਂ। ਮੇਰੇ ਪਾਸ ਜੋ ਕੁਝ ਏ ਸਭ ਗੁਰੂ ਦੀ ਬਖਸ਼ਿਸ਼ ਏ। ਇਹਨੂੰ ਮੈਂ ਖਾਲਸੇ ਦੀ ਸੇਵਾ ’ਤੇ ਲਾਉਣ ਤੋਂ ਨਹੀਂ ਰਹਿ ਸਕਦਾ। ਭਾਈ ਸਾਹਿਬ ਦੇ ਉੱਤਰ ਸੁਣ ਕੇ ਜ਼ਕਰੀਆ ਖਾਨ ਨੇ ਕਾਜੀ ਸੱਦ ਲਏ ਅਤੇ ਉਨ੍ਹਾਂ ਦੀ ਸਲਾਹ ਨਾਲ ਹੁਕਮ ਦਿੱਤਾ ਕਿ ਇਸਦੇ ਸਿਰ ਦੇ ਵਾਲ ਕੱਟ ਦਿੱਤੇ ਜਾਣ। ਇਹ ਹੁਕਮ ਦੇਣ ਦਾ ਭਾਵ ਇਹ ਸੀ ਕਿ ਜਿਸ ਸਿੱਖੀ ’ਤੇ ਭਾਈ ਤਾਰੂ ਸਿੰਘ ਬਹੁਤਾ ਮਾਣ ਕਰਦਾ ਹੈ, ਉਸ ਸਿੱਖੀ ਤੋਂ ਇਹਨੂੰ ਪਤਿਤ ਕਰ ਦਿੱਤਾ ਜਾਵੇ। ਉਨ੍ਹਾਂ ਦਿਨਾਂ ਵਿੱਚ ਮੁਗਲ ਸਰਕਾਰ ਨੇ ਇਕ ਸ਼ਾਹੀ ਫਰਮਾਨ ਜਾਰੀ ਕੀਤਾ ਕਿ ਜਿਥੇ ਵੀ ਕੋਈ ਸਿੱਖ ਮਿਲੇ ਉਸ ਦੇ ਸਿਰ ਅਤੇ ਦਾੜ੍ਹੀ ਦੇ ਵਾਲ ਕੱਟੇ ਜਾਣ। ਭਾਈ ਤਾਰੂ ਸਿੰਘ ਦੇ ਨੇਤਰ ਬੰਦ ਹੋ ਗਏ ਤੇ ਲਿਵ ਅਕਾਲ ਪੁਰਖ ਨਾਲ ਜੁੜ ਗਈ। ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਮੈਨੂੰ ਬਲ ਬਖਸ਼ ਕਿ ਮੈਂ ਸਿੱਖੀ ਕੇਸਾਂ-ਸਵਾਸਾਂ ਨਾਲ ਨਿਭਾ ਸਕਾਂ।
ਜਦੋਂ ਸਰਕਾਰੀ ਆਦਮੀ ਕੇਸ ਕਤਲ ਕਰਨ ਲਈ ਨੇੜੇ ਆਏ ਤਾਂ ਭਾਈ ਤਾਰੂ ਸਿੰਘ ਨੇ ਜ਼ੋਰ ਦੀ ਲੱਤ ਮਾਰੀ। ਇਕ ਆਦਮੀ ਦੂਰ ਜਾ ਡਿੱਗਾ ਅਤੇ ਫੜਕਣ ਲਗ ਪਿਆ। ਇਹ ਦੇਖ ਕੇ ਕਈ ਆਦਮੀਆਂ ਨੇ ਉਸ ਨੂੰ ਫੜ ਲਿਆ। ਜਦੋਂ ਫਿਰ ਨਾਈ ਨੇੜੇ ਆਇਆ ਤਾਂ ਆਪਣਾ ਸਿਰ ਜ਼ੋਰ ਨਾਲ ਉਹਦੇ ਸਿਰ ਵਿੱਚ ਮਾਰ ਕੇ ਭਾਈ ਤਾਰੂ ਸਿੰਘ ਨੇ ਉਸਨੂੰ ਲਹੂ-ਲੁਹਾਨ ਕਰ ਦਿੱਤਾ। ਇਸ ’ਤੇ ਮੋਚੀ ਨੂੰ ਸੱਦਿਆ ਗਿਆ ਅਤੇ ਉਸ ਨੂੰ ਕਿਹਾ ਗਿਆ ਕਿ ਇਸਦੀ ਖੋਪੜੀ ਦਾ ਉਪਰਲਾ ਹਿੱਸਾ ਰੰਬੀ ਨਾਲ ਉਤਾਰ ਦਿੱਤਾ ਜਾਵੇ। ਉਸ ਨੇ ਵੀ ਯਤਨ ਕੀਤਾ। ਕੁਝ ਇਤਿਹਾਸਕਾਰ ਲਿਖਦੇ ਹਨ ਕਿ ਰੰਬੀ ਨਾਲ ਭਾਈ ਤਾਰੂ ਸਿੰਘ ਦੇ ਸਿਰ ਦਾ ਉਪਰਲਾ ਹਿੱਸਾ ਉਤਾਰ ਦਿੱਤਾ ਗਿਆ ਪਰ ਕੁਝ ਲਿਖਦੇ ਹਨ ਕਿ ਭਾਈ ਤਾਰੂ ਸਿੰਘ ਦਾ ਸਿਰ ਜਦੋਂ ਇਸ ਤਰ੍ਹਾਂ ਵੀ ਨਾ ਕੱਟਿਆ ਜਾ ਸਕਿਆ ਤਾਂ ਤਰਖਾਣ ਨੂੰ ਸੱਦ ਕੇ ਆਰੀ ਨਾਲ ਚਿਰਵਾ ਦਿੱਤਾ ਗਿਆ।
ਇਸ ਤਰ੍ਹਾਂ 1 ਜੁਲਾਈ 1745 ਨੂੰ ਭਾਈ ਤਾਰੂ ਸਿੰਘ ਜੀ ਸ਼ਹਾਦਤ ਦਾ ਜਾਮ ਪੀ ਗਏ, ਉਦੋਂ ਉਨ੍ਹਾਂ ਦੀ ਉਮਰ 25 ਸਾਲ ਦੀ ਹੀ ਸੀ। ਭਾਈ ਤਾਰੂ ਸਿੰਘ ਦੇ ਸਿਰ ਦਾ ਸ਼ਹਿਰ ਵਿੱਚ ਜਲੂਸ ਕੱਢਿਆ ਗਿਆ ਤਾਂ ਕਿ ਬਾਕੀ ਦੇ ਸਿੱਖ ਸੁਣ ਕੇ ਡਰ ਜਾਣ ਤੇ ਇਉਂ ਸਰਕਾਰ ਵਿਰੁੱਧ ਆਪਣੀ ਜੱਦੋ-ਜਹਿਦ ਸ਼ਾਇਦ ਬੰਦ ਕਰ ਦੇਣ। ਉਨ੍ਹਾਂ ਨੂੰ ਇਹ ਨਹੀਂ ਸੀ ਪਤਾ ਕਿ ਸ਼ਹੀਦਾਂ ਦੇ ਖੂਨ ਦੀ ਇਕ-ਇਕ ਬੂੰਦ ਅਨੇਕ ਨਵੇਂ ਸ਼ਹੀਦ ਪੈਦਾ ਕਰਨ ਦਾ ਜ਼ਰੀਆ ਬਣ ਜਾਂਦੀ ਹੈ। ਭਾਈ ਤਾਰੂ ਸਿੰਘ ਨੇ ਕੇਸ ਨਹੀਂ ਕੱਟਣ ਦਿੱਤੇ। ਉਨ੍ਹਾਂ ਦੀ ਖੋਪਰੀ ਤਾਂ ਭਾਵੇਂ ਲਹਿ ਗਈ। ਜਬਰ-ਜ਼ੁਲਮ ਵਿਰੁੱਧ ਉਨ੍ਹਾਂ ਦੀ ਸ਼ਹਾਦਤ ਲਾਸਾਨੀ ਹੈ। ਸਿੱਖੀ-ਸਿਦਕ ਕੇਸਾਂ-ਸਵਾਸਾਂ ਸੰਗ ਨਿਭਾਇਆ।