ਪੋਹ ਦੇ ਮਹੀਨੇ ਦਾ ਸਿੱਖ ਕੌਮ ਵਿਚ ਬਹੁਤ ਹੀ ਮਹੱਤਵਪੂਰਨ ਸਥਾਨ ਹੈ। ਇਸ ਮਹੀਨੇ ਕੋਈ ਵੀ ਖੁਸ਼ੀ ਤੇ ਜਸ਼ਨਾਂ ਵਾਲੇ ਪ੍ਰੋਗਰਾਮ ਨਹੀਂ ਕੀਤੇ ਜਾਂਦੇ। ਖਾਸ ਤੌਰ ’ਤੇ 7 ਪੋਹ ਤੋਂ ਲੈ ਕੇ 13 ਪੋਹ ਤੱਕ ਦੇ ਸਮੇਂ ਨੂੰ ਕਾਲੀਆਂ ਰਾਤਾਂ ਕਿਹਾ ਜਾਂਦਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ 6 ਤੇ 7 ਪੋਹ ਦੀ ਦਰਮਿਆਨੀ ਰਾਤ ਨੂੰ ਆਨੰਦਪੁਰ ਸਾਹਿਬ ਨੂੰ ਛੱਡ ਕੇ ਆ ਗਏ ਤੇ ਰਾਸਤੇ ਵਿਚ ਸਿੱਖਾਂ ਤੇ ਮੁਗਲ ਫੌਜਾਂ ਵਿਚਕਾਰ ਭਾਰੀ ਜੰਗ ਹੋਈ। ਗੁਰੂ ਜੀ ਦਾ ਪਰਿਵਾਰ ਵਿਛੜ ਗਿਆ। ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਗੁਰੂ ਘਰ ਦੇ ਰਸੋਈਏ ਗੰਗੂ ਬ੍ਰਾਹਮਣ ਦੇ ਨਾਲ ਸਹੇੜੀ ਪਿੰਡ ਵੱਲ ਚਲੇ ਗਏ ਤੇ ਵੱਡੇ ਸਾਹਿਬਜ਼ਾਦੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਸਿੰਘਾਂ ਨਾਲ ਚਮਕੌਰ ਸਾਹਿਬ ਜੀ ਵੱਲ ਨੂੰ ਚੱਲ ਪਏ। ਗੁਰੂ ਕੇ ਮਹਿਲ ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬ ਕੌਰ ਜੀ ਭਾਈ ਮਨੀ ਸਿੰਘ ਜੀ ਦੇ ਨਾਲ ਦਿੱਲੀ ਵੱਲ ਚਲੇ ਗਏ।
ਚਮਕੌਰ ਸਾਹਿਬ ਜ਼ਿਲਾ ਰੂਪਨਗਰ ਵਿਚ ਪੈਂਦਾ ਇਕ ਇਤਿਹਾਸਿਕ ਨਗਰ ਹੈ। ਚਮਕੌਰ ਸਾਹਿਬ ਵਿਖੇ ਜਗਤ ਸਿਹੁੰ ਦੀ ਹਵੇਲੀ ਹੁੰਦੀ ਸੀ। ਗੁਰੂ ਜੀ ਨੇ ਪੰਜ ਸਿੰਘਾਂ ਨੂੰ ਉਸ ਕੋਲ ਭੇਜਿਆ ਤੇ ਹਵੇਲੀ ਜਾਂ ਗੜ੍ਹੀ ਦੀ ਮੰਗ ਕੀਤੀ ਤਾਂ ਜੋ ਦੁਸ਼ਮਣ ਫੌਜ ਦਾ ਮੁਕਾਬਲਾ ਕਰਨ ਲਈ ਕੋਈ ਠਾਹਰ ਬਣ ਸਕੇ। ਉਹ ਮੁਗਲ ਸੈਨਾ ਤੋਂ ਡਰਦਿਆਂ ਨਾ ਮੰਨਿਆ। ਫਿਰ ਜਗਤ ਸਿਹੁੰ ਦੇ ਛੋਟੇ ਭਰਾ ਰੂਪ ਸਿੰਹੁ ਨੂੰ ਗੁਰੂ ਜੀ ਨੇ ਬੁਲਾਇਆ ਜੋ ਕਿ ਆਪਣੇ ਹਿੱਸੇ ਦੀ ਗੜ੍ਹੀ ਦੇਣਾ ਮੰਨ ਗਿਆ। ਅਗਲੇ ਦਿਨ ਜੰਗ ਸ਼ੁਰੂ ਹੋ ਗਈ ਤੇ ਸਿੰਘ ਜਥਿਆਂ ਦੇ ਰੂਪ ਵਿਚ ਰਣ ਵਿਚ ਜੂਝਦੇ ਤੇ ਅਨੇਕਾਂ ਵੈਰੀਆਂ ਨੂੰ ਮੌਤ ਦੇ ਘਾਟ ਉਤਾਰ ਕੇ ਸ਼ਹੀਦੀਆਂ ਪ੍ਰਾਪਤ ਕਰਨ ਲੱਗੇ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਆਗਿਆ ਪਾ ਕੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਰਣ ਵਿਚ ਉਤਰੇ। ਜਦੋਂ ਹੱਥ ਵਿਚ ਤਲਵਾਰ ਲੈ ਕੇ ਬਾਬਾ ਜੀ ਨੇ ਘੁੰਮਾਈ ਤਾਂ ਦੁਸ਼ਮਣ ਨੂੰ ਗਸ਼ ਪੈਣ ਲੱਗੇ। ਆਪ ਜੀ ਦੂਸਰੇ ਸਿੰਘਾਂ ਦਾ ਹੌਸਲਾ ਵਧਾਉਂਦੇ ਹੋਏ ਮੈਦਾਨੇ ਜੰਗ ਵਿਚ ਘੋੜਾ ਦੌੜਾ ਕੇ ਘੁੰਮ ਰਹੇ ਸਨ। ਜਿਸ ਪਾਸੇ ਵੱਲ ਵੀ ਸਾਹਿਬਜ਼ਾਦਾ ਅਜੀਤ ਸਿੰਘ ਜੀ ਜਾਂਦੇ, ਮੁਗਲਾਂ ਦੀ ਫੌਜ ਵਿਚ ਭਾਜੜ ਪੈ ਜਾਂਦੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੀ ਆਪਣੇ ਹੋਣਹਾਰ ਸਪੁੱਤਰ ਨੂੰ ਲੜਦਿਆਂ ਕਿਲੇ ਤੋਂ ਦੇਖ ਰਹੇ ਸਨ।
ਅਖੀਰ ਦੁਸ਼ਮਣ ਦੀ ਫੌਜ ਨੇ ਸਾਹਿਬਜ਼ਾਦਾ ਜੀ ਨੂੰ ਚਾਰੇ ਪਾਸਿਓਂ ਘੇਰ ਲਿਆ ਅਤੇ ਆਪ ਜੀ 8 ਪੋਹ ਸੰਮਤ 1761 ਬਿਕਰਮੀ ਨੂੰ ਸ੍ਰੀ ਚਮਕੌਰ ਸਾਹਿਬ ਵਿਖੇ ਆਪਣੇ ਪਿਤਾ ਜੀ ਦੀਆਂ ਅੱਖਾਂ ਸਾਹਮਣੇ ਸ਼ਹੀਦੀ ਦਾ ਜਾਮ ਪੀ ਗਏ। ਜਦੋਂ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਨੇ ਆਪਣੇ ਵੱਡੇ ਵੀਰ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੂੰ ਸ਼ਹੀਦੀ ਦਾ ਜਾਮ ਪੀਂਦੇ ਵੇਖਿਆ ਤਾਂ ਆਪ ਜੀ ਨੇ ਵੀ ਜੰਗ ਵਿਚ ਜਾਣ ਦੀ ਆਗਿਆ ਮੰਗੀ। ਗੁਰੂ ਜੀ ਨੇ ਆਪਣੇ ਲਾਡਲੇ ਸਪੁੱਤਰ ਨੂੰ ਆਪਣੇ ਹੱਥੀਂ ਜੰਗ ਲਈ ਤਿਆਰ ਕੀਤਾ। ਸਾਹਿਬਜ਼ਾਦਾ ਜੁਝਾਰ ਸਿੰਘ ਬਹਾਦਰੀ ਨਾਲ 20-20 ਸੈਨਿਕਾਂ ਨੂੰ ਮਾਰ ਰਹੇ ਸਨ। ਅਖੀਰ ਬਾਬਾ ਜੁਝਾਰ ਸਿੰਘ ਜੀ ਨੂੰ ਵੱਡੀ ਗਿਣਤੀ ਵਿਚ ਦੁਸ਼ਮਣਾਂ ਨੇ ਇਕੱਠੇ ਹੋ ਕੇ ਘੇਰ ਲਿਆ। ਫਿਰ ਕਿਸੇ ਨੇ ਹਿੰਮਤ ਕਰਕੇ ਪਿਛਲੇ ਪਾਸਿਓਂ ਤੀਰ ਨਾਲ ਵਾਰ ਕੀਤਾ ਜੋ ਕਿ ਬਾਬਾ ਜੀ ਦੇ ਆਣ ਵੱਜਾ। ਇੰਨੇ ਨੂੰ ਬਾਕੀ ਦੇ ਦੁਸ਼ਮਣਾਂ ਨੇ ਵੀ ਜ਼ੋਰਦਾਰ ਹਮਲੇ ਸ਼ੁਰੂ ਕਰ ਦਿੱਤੇ। ਬਾਬਾ ਜੁਝਾਰ ਸਿੰਘ ਜੀ ਕਈਆਂ ਨੂੰ ਮਾਰਦੇ ਹੋਏ ਸ਼ਹੀਦ ਹੋ ਗਏ। ਗੁਰੂ ਜੀ ਨੇ ਗੜ੍ਹੀ ਤੋਂ ਹੀ ਫਤਿਹ ਗਜਾ ਦਿੱਤੀ ਤੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ।
ਅਖੀਰ ਬਾਕੀ ਰਹਿੰਦੇ ਸਿੰਘਾਂ ਨੇ ਗੁਰਮਤਾ ਕਰਕੇ ਗੁਰੂ ਜੀ ਨੂੰ ਗੜ੍ਹੀ ਤੋਂ ਬਾਹਰ ਜਾਣ ਲਈ ਕਿਹਾ। ਸਿੰਘਾਂ ਨੇ ਕਿਹਾ ਕਿ ਗੁਰੂ ਜੀ ਤੁਹਾਡਾ ਇਥੋਂ ਜ਼ਿੰਦਾ ਨਿਕਲਣਾ ਬਹੁਤ ਹੀ ਜਰੂਰੀ ਹੈ, ਕਿਉਂਕਿ ਤੁਸੀਂ ਤਾਂ ਲੱਖਾਂ ਹੀ ਸਿੰਘ ਸਜਾ ਲਓਗੇ ਪਰ ਲੱਖਾਂ ਕਰੋੜਾਂ ਸਿੰਘ ਵੀ ਮਿਲ ਕੇ ਇਕ ਗੁਰੂ ਗੋਬਿੰਦ ਸਿੰਘ ਜੀ ਕਾਇਮ ਨਹੀਂ ਕਰ ਸਕਦੇ। ਗੁਰੂ ਜੀ ਨੇ ਕਿਹਾ ਕਿ ਉਹ ਪੰਜ ਸਿੰਘਾਂ ਦੇ ਗੁਰਮਤੇ ਅੱਗੇ ਆਪਣਾ ਸਿਰ ਝੁਕਾਉਂਦੇ ਹਨ ਪਰ ਉਹ ਚੋਰੀ-ਚੋਰੀ ਨਹੀਂ ਜਾਣਗੇ। ਗੁਰੂ ਜੀ ਨੇ ਕਿਹਾ ਕਿ ਉਹ ਦੁਸ਼ਮਣ ਨੂੰ ਖਬਰਦਾਰ ਕਰਕੇ ਤੇ ਲਲਕਾਰ ਕੇ ਜਾਣਗੇ।
ਗੁਰੂ ਜੀ ਰਾਤ ਵੇਲੇ ਜਦੋਂ ਗੜ੍ਹੀ ’ਚੋਂ ਬਾਹਰ ਨਿਕਲੇ ਤਾਂ ਉਸ ਵੇਲੇ ਗੜ੍ਹੀ ਵਿਚ 8 ਸਿੰਘ ਬਾਕੀ ਰਹਿ ਗਏ ਸਨ। ਅਸਲ ਵਿਚ ਚਮਕੌਰ ਦਾ ਘੇਰਾ ਪਾਈ ਬੈਠੀ ਫੌਜ ਵਿਚ ਖਵਾਜਾ ਮਰਦੂਦ ਖਾਂ ਵੀ ਸ਼ਾਮਿਲ ਸੀ ਜੋ ਕਿ ਇਹ ਫੜ੍ਹ ਮਾਰ ਕੇ ਆਇਆ ਸੀ ਕਿ ਉਹ ਗੁਰੂ ਜੀ ਨੂੰ ਜ਼ਿੰਦਾ ਫੜ ਕੇ ਲਿਆਵੇਗਾ। ਗੁਰੂ ਜੀ ਨੇ ਖਵਾਜਾ ਨੂੰ ਵੀ ਵੰਗਾਰਿਆ ਤਾਂ ਕਿ ਕਿਧਰੇ ਖਵਾਜਾ ਇਹ ਨਾ ਸਮਝੇ ਕਿ ਗੁਰੂ ਜੀ ਤਾਂ ਚੋਰੀ-ਚੋਰੀ ਨਿਕਲ ਗਏ ਹਨ ਗੁਰੂ ਜੀ ਨੇ ਗੜ੍ਹੀ ’ਚੋਂ ਬਾਹਰ ਨਿਕਲ ਕੇ ਇਕ ਪੁਰਾਣੇ ਪਿੱਪਲ ਦੇ ਰੁੱਖ ਹੇਠ ਖਲੋ ਕੇ ਤਾੜੀ ਮਾਰ ਕੇ ਕਿਹਾ, ‘ਪੀਰ-ਏ-ਹਿੰਦ ਮੇ ਰਵਦ’। ਭਾਵ ਹਿੰਦ ਦਾ ਪੀਰ ਜਾ ਰਿਹਾ ਹੈ।
ਜਦੋਂ ਗੁਰੂ ਜੀ ਨੇ ਤਿੰਨ ਵਾਰੀ ਤਾੜੀ ਮਾਰ ਕੇ ਸਾਰੀ ਫ਼ੌਜ ਨੂੰ ਲਲਕਾਰਿਆ ਤਾਂ ਉੱਧਰ ਗੜ੍ਹੀ ਵਿਚ ਮੌਜੂਦ ਸਿੰਘਾਂ ਨੇ ਜੈਕਾਰੇ ਗਜਾ ਦਿੱਤੇ ਅਤੇ ਜ਼ੋਰ-ਜ਼ੋਰ ਨਾਲ ਨਗਾਰੇ ਵਜਾਉਣੇ ਸ਼ੁਰੂ ਕਰ ਦਿੱਤੇ। ਪਹਿਲਾਂ ਟਿਕੀ ਹੋਈ ਰਾਤ ਵਿਚ ਗੁਰੂ ਜੀ ਦੀ ਤਾੜੀ ਦੀ ਆਵਾਜ਼, ਫੇਰ ਨਗਾਰਿਆਂ ਅਤੇ ਜੈਕਾਰਿਆਂ ਦੀ ਗੂੰਜ ਨੂੰ ਸੁਣ ਕੇ ਦੁਸ਼ਮਣ ਫ਼ੌਜ ਵਿਚ ਭਾਜੜ ਪੈ ਗਈ। ਉਨ੍ਹਾਂ ਨੀਂਦ ਦੇ ਭੰਨਿਆਂ ਨੂੰ ਲੱਗਾ ਕਿ ਬਾਹਰੋਂ ਹੋਰ ਫ਼ੌਜ ਆ ਗਈ ਹੈ, ਇਸ ਲਈ ਅੱਭੜਵਾਹੇ ਜਿਹੇ ਉਹ ਉੱਠੇ ਤੇ ਆਪਸ ਵਿਚ ਹੀ ਭੁਲੇਖੇ ਨਾਲ ਕਟਾਵੱਢੀ ਕਰੀ ਗਏ। ਆਪਣੀ ਹੀ ਫ਼ੌਜ ਦਾ ਨੁਕਸਾਨ ਕਰਕੇ ਬਾਅਦ ਵਿਚ ਉਨ੍ਹਾਂ ਨੂੰ ਪਤਾ ਲੱਗਾ ਕਿ ਗੁਰੂ ਜੀ ਤਾਂ ਇਥੇ ਹਨ ਹੀ ਨਹੀਂ।
ਜਿੱਥੇ ਗੁਰੂ ਜੀ ਨੇ ਤਾੜੀ ਮਾਰ ਕੇ ਦੁਸ਼ਮਣ ਨੂੰ ਸੁਚੇਤ ਕੀਤਾ ਸੀ, ਉਥੇ ਅੱਜਕੱਲ ਗੁਰਦੁਆਰਾ ਤਾੜੀ ਸਾਹਿਬ ਬਣਿਆ ਹੋਇਆ ਹੈ। ਜਿਸ ਕੱਚੀ ਗੜ੍ਹੀ ਵਿਚ 40 ਸਿੰਘਾਂ ਨੇ ਗੁਰੂ ਜੀ ਦੀ ਅਗਵਾਈ ਹੇਠ ਇਹ ਦੁਨੀਆ ਭਰ ਦੀ ਅਸਾਵੀਂ ਜੰਗ ਲੜੀ ਸੀ, ਉੱਥੇ ਗੁਰਦੁਆਰਾ ਗੜ੍ਹੀ ਸਾਹਿਬ ਬਣਿਆ ਹੋਇਆ ਹੈ। ਜਿੱਥੇ ਲੜਾਈ ਹੋਈ ਤੇ ਫ਼ਿਰ ਬਾਅਦ ਵਿਚ ਸਾਰੇ ਸ਼ਹੀਦ ਸਿੰਘਾਂ ਦਾ ਅੰਗੀਠਾ ਤਿਆਰ ਕਰਕੇ ਸਸਕਾਰ ਕੀਤਾ ਗਿਆ, ਉੱਥੇੇ ਮੁੱਖ ਗੁਰਦੁਆਰਾ ਕਤਲਗੜ੍ਹ ਸਾਹਿਬ ਸੁਸ਼ੋਭਿਤ ਹੈ। ਬਾਬਾ ਪਿਆਰਾ ਸਿੰਘ ਜੀ ਨੇ ਇਸ ਥਾਂ ਕਾਰ ਸੇਵਾ ਕਰਵਾਈ। ਇਥੇ ਹਰ ਸਾਲ 6,7,8 ਪੋਹ (ਇਸ ਸਾਲ (21 ਤੋਂ 23 ਦਸੰਬਰ) ਨੂੰ ਸ਼ਹੀਦਾਂ ਸਿੰਘਾਂ ਦੀ ਯਾਦ ਵਿਚ ਸ਼ਹੀਦੀ ਜੋੜ ਮੇਲਾ ਲਗ ਰਿਹਾ ਹੈ।