ਅੱਜ ਦੇ ਪਾਵਨ ਦਿਹਾੜੇ ‘ਤੇ ਹੀ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਮੀਰੀ-ਪੀਰੀ ਦੋ ਤਲਵਾਰਾਂ ਧਾਰਨ ਕਰਕੇ ਸਿੱਖਾਂ ਨੂੰ ਸੰਤ-ਸਿਪਾਹੀ ਬਣਾਇਆ ਸੀ ਤੇ ਉਨ੍ਹਾਂ ਨੂੰ ਬਾਣੀ ਦੇ ਨਾਲ-ਨਾਲ ਬਾਣੇ ਨਾਲ ਜੁੜਨ ਦਾ ਸੁਨੇਹਾ ਦਿੱਤਾ ਸੀ।
ਸਿੱਖ ਧਰਮ ‘ਚ “ਮੀਰੀ-ਪੀਰੀ” ਦੇ ਸਿਧਾਂਤ ਦਾ ਬੜਾ ਮਹੱਤਵ ਹੈ। ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਜੀ ਨੇ ਇਸ ਸੰਕਲਪ ਨੂੰ ਸਿਧਾਂਤਕ ਤੌਰ ‘ਤੇ ਪ੍ਰਵਾਨ ਕਰਦਿਆਂ ਮੀਰੀ ਤੇ ਪੀਰੀ ਦੀਆਂ ਕ੍ਰਿਪਾਨਾਂ ਧਾਰਨ ਕੀਤੀਆਂ ਤੇ ਭਗਤੀ ਨਾਲ ਸ਼ਕਤੀ ਨੂੰ ਜ਼ਰੂਰੀ ਕਰ ਦਿੱਤਾ। ਜਬਰ ਦੇ ਜ਼ੁਲਮ ਦਾ ਵਿਰੋਧ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ਼ਾਂਤਮਈ ਰਹਿ ਕੇ ਸਹਿਣ ਕੀਤਾ। ਉਥੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸ਼ਸਤਰਬੱਧ ਹੋ ਕੇ ਖਾਲਸਈ ਫੌਜ ਗਠਨ ਕਰਕੇ ਜਬਰ ਤੇ ਜ਼ੁਲਮ ਦਾ ਮੂੰਹ-ਤੋੜਵਾਂ ਜਵਾਬ ਦਿੱਤਾ। ਮੀਰੀ ਤੇ ਪੀਰੀ ਦੋਵੇਂ ਫਾਰਸੀ ਭਾਸ਼ਾ ਦੇ ਸ਼ਬਦ ਹਨ। ਮੀਰੀ ਦਾ ਅਰਥ ਹੈ ਅਮੀਰੀ ਜਾਂ ਬਾਦਸ਼ਾਹ, ਹੁਕਮ ਕਰਨ ਵਾਲਾ, ਮੁੱਖੀ। ਵਿਵਹਾਰਕ ਖੇਤਰ ਵਿਚ ਅਗਵਾਈ ਦੇਣ ਵਾਲਾ ਇਹ ਸ਼ਬਦ ਸ਼ਕਤੀ ਦਾ ਪ੍ਰਤੀਕ ਬਣ ਕੇ ਉਸ ਆਦਮੀ ਨਾਲ ਜੁੜਦਾ ਹੈ ਜੋ ਤਾਕਤਵਰ ਹੋ ਕੇ ਦੂਜਿਆਂ ਨੂੰ ਅਗਵਾਈ ਦਿੰਦਿਆਂ, ਹੁਕਮ ਮਨਾਉਣ ਦੇ ਸਮਰੱਥ ਹੋਵੇ। ਪੀਰੀ ਦਾ ਭਾਵ ਧਾਰਮਿਕ ਜਾਂ ਅਧਿਆਤਮਕ ਖੇਤਰ ਵਿਚ ਅਗਵਾਈ, ਜੋ ਵਿਅਕਤੀ ਨਿਰੋਲ ਅਧਿਆਤਮਕ ਜੀਵਨ ਜਿਊਂਦਿਆਂ, ਤਿਆਗੀ, ਵਿਰਕਤ ਤੇ ਨਿਰਵਿਰਤ ਮਾਰਗ ‘ਤੇ ਚਲਦਾ ਹੈ, ਉਹ ਪੀਰ ਹੈ। ਪਰ ਗੁਰਮਤਿ ਵਿਚ ਪੀਰ ਉੱਚੇ ਆਦਰਸ਼ਾਂ ਦਾ ਧਾਰਨੀ ਹੁੰਦਾ ਹੈ।
“ਮੀਰੀ ਪੀਰੀ ਦਾ ਸੰਕਲਪ ਸਿੱਖੀ ਦਾ ਆਦਰਸ਼ ਹੈ। ਇਹ ਮਨੁੱਖ ਨੂੰ ਆਤਮਿਕ ਤੇ ਸੰਸਾਰਕ ਪੱਖਾਂ ਤੋਂ ਇੱਕੋ ਜਿਹਾ ਉੱਚਾ ਕਰਕੇ ਉਚੇਰੀ ਇੱਕ-ਸੁਰਤਾ ਕਾਇਮ ਕਰ ਸਕਣ ਦੀ ਵਿਧੀ ਹੈ। ਇਹ ਉਚੇਰੀ ਅਵਸਥਾ ਹੀ ਮੀਰੀ ਪੀਰੀ ਦਾ ਕੇਂਦਰੀ ਬਿੰਦੂ ਹੈ। ਮੀਰੀ ਰਾਜ ਦੀ ਸੂਚਕ ਹੈ ਅਤੇ ਪੀਰੀ ਜੋਗ ਦੀ। ਮੀਰੀ ਸੰਸਾਰਕ ਖੇਤਰ ਨਾਲ ਸੰਬੰਧਤ ਹੈ ਅਤੇ ਪੀਰੀ ਅਧਿਆਤਮਕ ਖੇਤਰ ਨਾਲ। ਮੀਰੀ ਸਮਾਜਕ ਜੀਵਨ ਦੇ ਵਿਵਹਾਰਕ ਖੇਤਰ ਦੀ ਅਗਵਾਈ ਕਰਦੀ ਹੈ ਅਤੇ ਪੀਰੀ ਅਧਿਆਤਮਕ ਖੇਤਰ ਦੀ। ਮੀਰੀ ਸਰੀਰਕ ਭੁੱਖ ਦੀ ਪੂਰਤੀ ਕਰਦੀ ਹੈ ਅਤੇ ਪੀਰੀ ਆਤਮਿਕ ਭੁੱਖ ਦੀ। ਆਤਮਿਕ ਪੱਖੋਂ ਸੰਤ ਹੋਣਾ ਪੀਰੀ ਹੈ ਅਤੇ ਧੱਕੇਸ਼ਾਹੀ ਤੇ ਬੇਇਨਸਾਫ਼ੀ ਵਿਰੁੱਧ ਸਿਪਾਹੀ ਬਣਨਾ ਮੀਰੀ ਹੈ। ਮੀਰੀ ਅਤੇ ਪੀਰੀ ਅਧਿਆਤਮਕਤਾ ਤੇ ਸੰਸਾਰਕਤਾ ਦਾ ਸੰਜੋਗ ਹੈ। ਭਗਤੀ ਅਤੇ ਸ਼ਕਤੀ ਦਾ ਸੁਮੇਲ ਹੈ। ਇਹ ਬਲਵਾਨ ਆਤਮਾ ਅਤੇ ਬਲਵਾਨ ਸ਼ਰੀਰ ਦਾ ਸਾਵਾਂ-ਪਨ ਹੈ। ਰੁਹਾਨੀ ਅਤੇ ਜਿਸਮਾਨੀ ਸ਼ਕਤੀ ਦਾ ਸਮਤੋਲ ਹੈ। “ਘਰ ਹੀ ਮਾਹਿ ਉਦਾਸ” ਤੇ “ਅੰਜਨ ਮਾਹਿ ਨਿਰੰਜਨਿ” ਹੋ ਕੇ ਵਿਚਰਨ ਦਾ ਨਿਰਾਲਾ ਮਾਰਗ ਹੈ। ਇਹ ਇਲਾਹੀ ਕੀਰਤਨ ਦੀਆਂ ਧੁਨਾਂ ਨਾਲ ਬੀਰ-ਰਸੀ ਵਾਰਾਂ ਦੀਆਂ ਗੁੰਜਾਰਾਂ ਦਾ ਅਲੌਕਿਕ ਸੁਮੇਲ ਹੈ।
ਜਿੱਥੇ ਸਿੱਖੀ ਦੇ ਮੀਰੀ ਪੀਰੀ ਦੇ ਸਿਧਾਂਤ ਮੁਤਾਬਕ ਪਰਉਪਕਾਰ, ਸਰਬੱਤ ਦਾ ਭਲਾ ਮੰਗਣਾ, ਸਰਬੱਤ ਦੀ ਰਾਖੀ ਕਰਨੀ ਅਤੇ ਸਰਬੱਤ ਦੀ ਦੇਖ ਭਾਲ ਕਰਨੀ ਹੈ, ਉੱਥੇ ਮੱਧਕਾਲ ਵਿੱਚ ਧਰਮ ਅਤੇ ਰਾਜਸੱਤਾ ਨੂੰ ਨਿਜੀ ਸ਼ਕਤੀ ਵਧਾਉਣ ਲਈ ਅਤੇ ਨਿਜੀ ਲਾਭ ਲਈ ਵਰਤਿਆ ਗਿਆ। ਦੂਜਿਆਂ ਦੇ ਧਰਮ ਨੂੰ ਮਿਟਾ ਕੇ ਆਪਣੇ ਧਰਮ ਨੂੰ ਫੈਲਾਉਣ ਲਈ ਵਰਤਿਆ ਜਾਂਦਾ ਰਿਹਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h