ਕੁਝ ਦਿਨਾਂ ਦੀ ਖਾਮੋਸ਼ੀ ਤੋਂ ਬਾਅਦ ਪੰਜਾਬ ਕਾਂਗਰਸ ‘ਚ ਕਲੇਸ਼ ਫਿਰ ਉੱਭਰਨ ਲੱਗਾ ਹੈ।ਪਹਿਲਾਂ ਨਵਜੋਤ ਸਿੰਘ ਸਿੱਧੂ ਦੇ ਕਰੀਬੀ ਅਮਰਗੜ ਤੋਂ ਵਿਧਾਇਕ ਸੁਰਜੀਤ ਧੀਮਾਨ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਚੋਣਾਂ ਲੜਨ ਤੋਂ ਇੰਨਕਾਰ ਕਰ ਦਿੱਤਾ।ਹੁਣ ਪੰਜਾਬ ਕਾਂਗਰਸ ਦੇ ਸੰਗਠਨ ਜਨਰਲ ਸਕੱਤਰ ਪ੍ਰਗਟ ਸਿੰਘ ਨੇ ਮੁਫਤ ਬੱਸ ਸਫਰ ਸਕੀਮ ‘ਤੇ ਕੈਪਟਨ ਸਰਕਾਰ ਨੂੰ ਘੇਰਿਆ ਹੈ।
ਪ੍ਰਗਟ ਨੇ ਕਿਹਾ ਕਿ ਔਰਤਾਂ ਨੂੰ ਬੱਸਾਂ ‘ਚ ਮੁਫਤ ਸਫਰ ਨਾਲ ਸਰਕਾਰੀ ਅਤੇ ਪ੍ਰਾਈਵੇਟ ਟ੍ਰਾਂਸਪੋਰਟ ‘ਤੇ ਅਸਰ ਪੈ ਰਿਹਾ ਹੈ।ਜੇਕਰ ਅਸੀਂ ਇਸ ਤਰ੍ਹਾਂ ਸਫ਼ਰ ਮੁਫਤ ਕਰਦੇ ਜਾਵਾਂਗੇ ਤਾਂ ਫਿਰ ਆਉਣ ਵਾਲੇ ਸਮੇਂ ‘ਚ ਸਰਕਾਰ ਅਤੇ ਸਿਸਟਮ ਕਿਵੇਂ ਚਲਾਵਾਂਗੇ।ਪ੍ਰਗਟ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਹੁਣ ਇਹ ਮੁਫਤ ਵਾਲਾ ਸਿਸਟਮ ਹੀ ਬੰਦ ਹੋਣਾ ਚਾਹੀਦਾ।ਐਤਵਾਰ ਨੂੰ ਹੜਤਾਲ ‘ਤੇ ਚੱਲ ਰਹੇ ਪੰਜਾਬ ਰੋਡਵੇਜ਼, ਪੀਆਰਟੀਸੀ ਅਤੇ ਪਨਬਸ ਦੇ ਕਾਂਟ੍ਰੈਕਟ ਮੁਲਾਜ਼ਮਾਂ ਨੇ ਪ੍ਰਗਟ ਸਿੰਘ ਦੇ ਘਰ ਦਾ ਘਿਰਾਉ ਕੀਤਾ ਸੀ।
ਜਿਸ ਤੋਂ ਬਾਅਦ ਪ੍ਰਗਟ ਦੀ ਇਹ ਪ੍ਰਤੀਕ੍ਰਿਆ ਸਾਹਮਣੇ ਆਈ ਹੈ।ਕੈਪਟਨ ਸਰਕਾਰ ਦੀ ਔਰਤਾਂ ਨੂੰ ਮੁਫਤ ਬੱਸ ਸਫਰ ਸਕੀਮ ਨੂੰ ਲੈ ਕੇ ਵਿਰੋਧੀ ਤੱਕ ਔਰਤ ਵੋਟ ਬੈਂਕ ਨੂੰ ਦੇਖਦੇ ਹੋਏ ਕੁਝ ਨਹੀਂ ਕਹਿ ਰਹੇ।ਅਜਿਹੇ ‘ਚ ਪ੍ਰਗਟ ਦੇ ਹਮਲੇ ਤੋਂ ਸਾਫ ਤੌਰ ‘ਤੇ ਫਿਰ ਕੈਪਟਨ ਅਤੇ ਸਿੱਧੂ ਗਰੁੱਪ ਦੇ ਆਪਸੀ ਕਲੇਸ਼ ਉੱਭਰ ਕੇ ਸਾਹਮਣੇ ਆਇਆ ਹੈ।ਪ੍ਰਗਟ ਦਾ ਇਹ ਬਿਆਨ ਉਦੋਂ ਆਇਆ ਹੈ, ਜਦੋਂ ਭਲਕੇ ਕਾਂਟ੍ਰੈਕਟ ਮੁਲਾਜ਼ਮਾਂ ਦੀ ਕੈਪਟਨ ਅਮਰਿੰਦਰ ਸਿੰਘ ਨਾਲ ਬੈਠਕ ਹੋਣ ਵਾਲੀ ਹੈ।