ਬੋਹਾ/ਮਾਨਸਾ: ਜਲ ਸਰੋਤ ਤੇ ਮਾਈਨਿੰਗ ਵਿਭਾਗ ਪੰਜਾਬ ਵੱਲੋਂ ਬੋਹਾ ਰਜਬਾਹਾ ਨੂੰ ਪੱਕਾ ਕਰਨ ਦੇ 30 ਕਰੋੜ ਲਾਗਤ ਵਾਲੇ ਪ੍ਰੋਜੈਕਟ ਦਾ ਉਦਘਾਟਨ ਕਰਨ ਲਈ ਇਕ ਸਮਾਰੋਹ ਬੋਹਾ-ਬੁਢਲਾਡਾ ਮੁੱਖ ਸੜਕ ’ਤੇ ਬਣੇ ਰਜਬਾਹਾ ਪੁਲ ਕੋਲ ਕਰਵਾਇਆ ਗਿਆ। ਪ੍ਰੋਜੈਕਟ ਦਾ ਉਦਘਾਟਨ ਹਲਕਾ ਵਿਧਾਇਕ ਬੁਢਲਾਡਾ ਪ੍ਰਿੰਸੀਪਲ ਸ੍ਰੀ ਬੁੱਧ ਰਾਮ ਨੇ ਕੀਤਾ। ਇਸ ਮੌਕੇ ਰੱਖੇ ਸਾਦੇ ਸਮਾਗਮ ਦੌਰਾਨ ਵਿਧਾਇਕ ਬੁੱਧ ਰਾਮ ਨੇ ਕਿਹਾ ਕਿ ਇਸ ਰਜਬਾਹੇ ਦੇ ਪੱਕਾ ਹੋਣ ਨਾਲ ਜਿੱਥੇ ਇਸ ਖੇਤਰ ਵਿਚ ਨਹਿਰੀ ਪਾਣੀ ਦੀ ਘਾਟ ਪੂਰੀ ਹੋਵੇਗੀ ਉੱਥੇ ਇਸ ਖੇਤਰ ਦੇ ਜਲ ਘਰਾਂ ਨੂੰ ਪੂਰੀ ਮਾਤਰਾ ਵਿਚ ਪਾਣੀ ਮਿਲਣ ਨਾਲ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਹੱਲ ਵੀ ਹੋਵੇਗਾ।
ਵਿਧਾਇਕ ਬੁੱਧ ਰਾਮ ਨੇ ਕਿਹਾ ਕਿ ਬਖਸ਼ੀਵਾਲਾ ਵੱਲੋਂ ਹੈਡ ਤੋਂ ਬੋਹਾ ਰਜਬਾਹੇ ਦੀ ਦਲੇਲ ਸਿੰਘ ਵਾਲਾ ਟੇਲ ਤੱਕ 43 ਕਿਲੋਮੀਟਰ ਲੰਬੇ ਰਜਬਾਹੇ ਨੂੰ ਪੱਕਾ ਕਰਵਾਉਣਾ ਉਨ੍ਹਾ ਦਾ ਡਰੀਮ ਪ੍ਰੋਜੈਕਟ ਹੈ। ਉਨ੍ਹਾਂ ਕਿਹਾ ਕਿ ਭਾਵੇਂ ਇਸ ਨੂੰ ਪੱਕਾ ਕਰਨ ਲਈ ਤਿੰਨ ਸਾਲ ਦੀ ਸੀਮਾਂ ਹੱਦ ਮਿੱਥੀ ਗਈ ਹੈ, ਪਰ ਉਨ੍ਹਾਂ ਦੀ ਕੋਸ਼ਿਸ਼ ਰਹੇਗੀ ਕਿ ਇਹ ਪ੍ਰੋਜੈਕਟ ਦੋ ਸਾਲ ਤੋਂ ਪਹਿਲਾਂ ਹੀ ਪੂਰਾ ਹੋ ਜਾਵੇ। ਉਨਾਂ ਕਿਹਾ ਕਿ ਇਸ ਤੋਂ ਬਾਅਦ ਬੁਢਲਾਡਾ ਰਜਬਾਹੇ ਨੂੰ ਪੱਕਾ ਕਰਾਉਣ ਲਈ ਵੀ ਉਨ੍ਹਾਂ ਵੱਲੋਂ ਪੁਰਜ਼ੋਰ ਯਤਨ ਕੀਤੇ ਜਾਣਗੇ।
ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ, ਸ੍ਰੀ ਚਰਨਜੀਤ ਸਿੰਘ ਅੱਕਾਂਵਾਲੀ ਨੇ ਕਿਹਾ ਕਿ ਵਿਧਾਇਕ ਬੁੱਧ ਰਾਮ ਦੇ ਯਤਨਾਂ ਨਾਲ ਸ਼ੁਰੂ ਇਸ ਪ੍ਰੋਜੈਕਟ ਦੇ ਨੇਪਰੇ ਚੜ੍ਹਣ ’ਤੇ ਇਸ ਖੇਤਰ ਦੇ ਲੋਕਾ ਦੀ ਇਕ ਵੱਡੀ ਮੰਗ ਪੂਰੀ ਹੋ ਜਾਵੇਗੀ। ਐਸ.ਈ ਜਲ ਸਰੋਤ ਤੇ ਮਾਈਨਿੰਗ ਵਿਭਾਗ ਸੁਖਜੀਤ ਸਿੰਘ ਭੁੱਲਰ ਨੇ ਕਿਹਾ ਕਿ ਰਜਬਾਹੇ ਨੂੰ ਪੱਕਿਆਂ ਕਰਨ ਦਾ ਕੰਮ ਪੜਾਅ ਵਾਰ ਕੀਤਾ ਜਾਵੇਗਾ ਅਤੇ ਕਿਸੇ ਵੀ 25 ਦਿਨਾਂ ਤੋਂ ਵੱਧ ਪਾਣੀ ਦੀ ਬੰਦੀ ਨਹੀਂ ਲਾਈ ਜਾਵੇਗੀ।
ਇਸ ਮੌਕੇ ਨਗਰ ਪੰਚਾਇਤ ਬੋਹਾ ਦੇ ਪ੍ਰਧਾਨ ਸੁਖਜੀਤ ਕੌਰ, ਕੋਆਪਰੇਟਿਵ ਬੈਂਕ ਦੇ ਜ਼ਿਲ੍ਹਾ ਚੇਅਰਮੈਨ ਸੋਹਣਾ ਸਿੰਘ ਕਲੀਪੁਰ, ਸਿਨੇਮਾ ਅਦਾਕਾਰ ਦਰਸ਼ਨ ਘਾਰੂ, ਲਾਟ ਸਿੰਘ ਐਮ. ਸੀ, ਕਰਮਜੀਤ ਸਿੰਘ ਫੌਜੀ, ਸੁਖਾ ਸਿੰਘ ਭੋਡੀਪੁਰੀਆ, ਕਾਮਰੇਡ ਜਗਨ ਨਾਥ, ਗੁਰਦਰਸਨ ਸਿੰਘ ਮੰਢਾਲੀ, ਰਣਜੀਤ ਸਿੰਘ ਫਰੀਦਕੇ, ਵਿਨੋਦ ਕੁਮਾਰ ਮੰਗਲਾ ਤੇ ਬੰਤ ਸਿੰਘ ਮਘਾਣੀਆਂ ਹਾਜ਼ਰ ਸਨ ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h